ਚੰਡੀਗੜ੍ਹ, 9 ਸਤੰਬਰ:
-ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਇੰਦਰਜੀਤ ਸਿੰਘ ਮਾਨ ਨੇ ਅੱਜ ਕੈਬਨਿਟ ਮੰਤਰੀਆਂ ਸ੍ਰੀ ਅਮਨ ਅਰੋੜਾ ਅਤੇ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ । Inderjit Mann assumed the post of Chairman of Punjab Khadi Board
ਸ੍ਰੀ ਮਾਨ ਨੂੰ ਵਧਾਈ ਦਿੰਦਿਆਂ ਦੋਵਾਂ ਮੰਤਰੀਆਂ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਬੋਰਡ ਨਵੀਆਂ ਉਚਾਈਆਂ ਛੂਹੇਗਾ। ਉਨ੍ਹਾਂ ਨੇ ਨਵੇਂ ਚੇਅਰਮੈਨ ਨੂੰ ਉਨ੍ਹਾਂ ਦੇ ਹਰ ਯਤਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਆਪਣੇ ਸੰਬੋਧਨ ਵਿੱਚ ਨਵੇਂ ਚੇਅਰਮੈਨ ਨੇ ਕਿਹਾ ਕਿ ਖਾਦੀ ਬੋਰਡ ਇੱਕ ਅਹਿਮ ਸੰਸਥਾ ਹੈ ਜੋ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬੋਰਡ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਹਰ ਸੰਭਵ ਯਤਨ ਕਰੇਗਾ।ਉਨ੍ਹਾਂ ਕਿਹਾ ਕਿ ਬੋਰਡ ਦੇ ਕੰਮਕਾਜ ਨੂੰ ਨਤੀਜਾ-ਮੁਖੀ ਅਤੇ ਉੱਚ ਪੇਸ਼ੇਵਰਾਨਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਇਕਾਈਆਂ ਨੂੰ ਮੰਡੀਕਰਨ ਦੇ ਮੌਕੇ ਪ੍ਰਦਾਨ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਇਸ ਮੌਕੇ ਵਿਧਾਇਕ ਸ੍ਰੀ ਦਵਿੰਦਰ ਸਿੰਘ ਲਾਡੀ ਢੋਸ ਅਤੇ ਅੰਮ੍ਰਿਤਪਾਲ ਸਿੰਘ, ਵਣ ਨਿਗਮ ਦੇ ਚੇਅਰਮੈਨ ਸ੍ਰੀ ਰਾਕੇਸ਼ ਪੁਰੀ, ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ, ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਅਤੇ ਹੋਰ ਹਾਜ਼ਰ ਸਨ।