ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੀਆਂ ਲੋਕ ਕਲਾਵਾਂ, ਪਕਵਾਨ, ਹੱਥੀਂ ਬਣਾਈਆਂ ਵਸਤੂਆਂ ਬਣਨਗੀਆਂ ‘ਸਰਸ ਮੇਲੇ’ ’ਚ ਖਿੱਚ ਦਾ ਕੇਂਦਰ: ਜਤਿੰਦਰ ਜੋਰਵਾਲ

ਸੰਗਰੂਰ, 9 ਸਤੰਬਰ:
ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਸੰਗਰੂਰ ’ਚ 8 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਸੂਬਾ ਪੱਧਰੀ ‘ਸਰਸ ਮੇਲਾ’ ਲਾਇਆ ਜਾ ਰਿਹਾ ਹੈ। State level ‘Saras Mela’ will be held in Sangrur: Deputy Commissioner.

ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਸਾਲ ਸੂਬਾ ਪੱਧਰੀ ‘ਸਰਸ ਮੇਲਾ’ ਸੰਗਰੂਰ ਵਿਖੇ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਜੋ ਕਿ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਲਾਇਆ ਜਾਵੇਗਾ। ਇਸ ਤੋਂ ਪਹਿਲਾਂ ਸਾਲ 2013 ’ਚ ਸੰਗਰੂਰ ਵਿਖੇ ‘ਸਰਸ ਮੇਲਾ’ ਕਰਵਾਇਆ ਗਿਆ ਸੀ ਅਤੇ ਹੁਣ ਇਸ ਵਾਰ 8 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਇਹ ਮੇਲਾ ਕਰਵਾਇਆ ਜਾਣਾ ਹੈ ਜਿਸ ਦੀਆਂ ਤਿਆਰੀਆਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਮੀਟਿੰਗ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬਾ ਪੱਧਰੀ ਸਮਾਗਮ ਲਈ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾ ਸਕਣ। ਉਨਾਂ ਕਿਹਾ ਕਿ ਇਸ ਮੇਲੇ ਦੇ ਪ੍ਰਬੰਧਾਂ ਦੇ ਓਵਰਆਲ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੋਣਗੇ ਤੇ ਵੱਖ-ਵੱਖ ਕੰਮਾਂ ਦੇ ਪ੍ਰਬੰਧ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਾ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਟ੍ਰੈਫ਼ਿਕ ਅਤੇ ਪਾਰਕਿੰਗ ਦੇ ਸੁਚਾਰੂ ਪ੍ਰਬੰਧਾਂ ਲਈ ਪੁਲਿਸ ਅਤੇ ਸ਼ਹਿਰ ਦੀ ਸਾਫ਼-ਸਫ਼ਾਈ ਲਈ ਕਾਰਜ ਸਾਧਕ ਅਫ਼ਸਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਜਤਿੰਦਰ ਜੋਰਵਾਲ ਨੇ ਕਿਹਾ ਕਿ ਇਹ ਮੇਲਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਮਲ ਹੁੰਦੇ ਸ਼ਿਲਪਕਾਰਾਂ ਦੀਆਂ ਕਲਾਕ੍ਰਿਤਾਂ ਦੀ ਪੇਸ਼ਕਾਰੀ ਨੂੰ ਵਿਸ਼ੇਸ਼ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਕਲਾ ਪ੍ਰੇਮੀਆਂ ਲਈ ਵੀ ਕਲਾਤਮਕ ਵੰਨਗੀਆਂ ਦਾ ਆਨੰਦ ਮਾਣਨ ਦਾ ਮੌਕਾ ਪੇਸ਼ ਕਰੇਗਾ। ਉਨਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਤੋਂ ਦਸਤਕਾਰ ਇਸ ਮੇਲੇ ’ਚ ਭਾਗ ਲੈਣਗੇ ਅਤੇ ਆਪਣੀਆਂ ਹੱਥੀਂ ਤਿਆਰ ਕੀਤੀਆਂ ਵਸਤਾਂ ਇੱਥੇ ਸਹੀ ਮੁੱਲ ’ਤੇ ਸਿੱਧੇ ਖਰੀਦਦਾਰਾਂ ਨੂੰ ਵੇਚਣ ਦਾ ਮੌਕਾ ਮਿਲੇਗਾ। ਉਨਾਂ ਕਿਹਾ ਕਿ ਲੋਕ ਇੱਥੇ ਵੱਖ-ਵੱਖ ਰਾਜਾਂ ਦੀਆਂ ਲੋਕ ਕਲਾਵਾਂ ਨਾਲ ਮਨਪ੍ਰਚਾਵੇ ਦੇ ਨਾਲ-ਨਾਲ ਕਈ ਤਰਾਂ ਦੇ ਖਾਣੇ ਦਾ ਆਨੰਦ ਵੀ ਮਾਣ ਸਕਣਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਧੂਰੀ ਅਮਿਤ ਗੁਪਤਾ, ਐਸ.ਡੀ.ਐਮ. ਭਵਾਨੀਗੜ ਵਿਨੀਤ ਕੁਮਾਰ, ਐਸ.ਡੀ.ਐਮ. ਦਿੜਬਾ ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਨਿਤੇਸ਼ ਕੁਮਾਰ ਜੈਨ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਖਾਸ ਖਬਰਾਂ

ਮੰਡੀਆਂ ਵਿਚੋਂ ਨਜ਼ਾਇਜ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਜਾਵੇਗੀ- ਖੇਤੀਬਾੜੀ ਮੰਤਰੀ

ਅਮਨ ਅਰੋੜਾ ਵੱਲੋਂ ਸਿਵਲ ਪਸ਼ੂ ਡਿਸਪੈਂਸਰੀ ਦਾ ਉਦਘਾਟਨ