ਗੱਲ ਜੇ ਚਰਖਾ ਟੁੱਟਣ ਦੇ ਨਾਲ ਮੁੱਕ ਜਾਂਦੀ ਤਾਂ ਚੰਗਾ ਹੋਣਾ ਸੀ। ਸਗੋਂ ਚਰਖੇ ਨੂੰ ਕੱਤਣ ਜੋਗਾ ਕੰਮ ਕਰਨ ਦਾ ਮੌਕਾ ਮਿਲ ਗਿਆ। ਬਲਜੀਤ ਕੌਰ ਗੀਤ ਗਾਈ ਜਾਂਦੀ ਐ।

“ਮੇਰੇ ਚਰਖੇ ਦੀ ਟੁੱਟ ਗੀ ਮਾਲ, ਵੇ ਚੰਨ ਕੱਤਾਂ ਕੇ ਨਾ ?”

ਹੁਣ ਮਸਲਾ ਜਿੰਦ ਦਾ ਬਣਿਆ ਹੋਇਆ ਹੈ,ਇਹ ਜਿੰਦ ਮੁੱਕਦੀ ਜਾਂ ਕਿਸੇ ਦੀ ਮੁਕਾ ਕੇ ਕਿਸੇ ਅੰਨ੍ਹੀ ਗੁਫਾ ਵਿੱਚ ਪੈ ਜਾਂਦੀ। ਕਹਿੰਦੇ ਹਨ ਕਿ ਹਰਖ ਦਾ ਮਾਰਿਆ ਬੰਦਾ ਨਰਕ ਵਿੱਚ ਚਲੇ ਜਾਂਦਾ ਹੈ। ਪਰ ਇਥੇ ਜਿੰਨਾਂ ਨਰਕ ਕਿਥੇ ਹੋਵੇਗਾ ?

ਹੰਕਾਰ ਦਾ ਮਾਰਿਆ ਗਧਾ ਵੀ ਕਹਿੰਦੇ ਜਦ ਸ਼ੇਰ ਦੀ ਖੱਲ ਪਾ ਲੈਦਾ । ਉਹ ਰਹਿੰਦਾ ਗਧਾ ਹੀ ਹੈ ਪਰ ਗਧੇ ਨੂੰ ਕੌਣ ਸਮਝਾਵੇ ਕੇ ਢੋਣਾ ਤਾਂ ਤੇ ਭਾਰ ਹੀ ਹੈ । ਉਹ ਮਿੱਟੀ ਹੋਵੇ ਜਾਂ ਆਪ ਤੋਂ ਵੱਡਿਆਂ ਗੰਦ ।

ਕਈ ਵਾਰ ਇਹੋ ਜਿਹਾ ਵੀ ਕੁੱਝ ਵਾਪਰ ਜਾਂਦਾ ਕਿ ਗਧਾ ਹੋਰ ਗਧਿਆਂ ਦੇ ਨਾਲ ਰਲ ਕੁਰਸੀ ਉਪਰ ਬਹਿ ਜਾਂਦਾ ਹੈ । ਫੇਰ ਉਹ ਸਮਝਦਾ ਕਿ ਹਮ ਹੀ ਹਮ ਹੈ ਹੋਰ ਕੌਣ ? ਚੱਲ ਛੱਡ ਭਲਾ ਆਪਾਂ ਕੀ ਲੈਣਾ ਹੈ ਗਧਿਆਂ ਤੋਂ।

ਗੱਲ ਤਾਂ ਮਨੁੱਖੀ ਜ਼ਿੰਦਗੀ ਦੀ ਹੈ, ਜਿਹੜੀ ਘੂਕ ਸੁੱਤੀ ਹੈ । ਜਾਂ ਇਸਨੂੰ ਕਿਸੇ ਸੁਲਾਇਆ ਹੈ ? ਚਿੱਟੀ ਸਿਉਕ ਸਾਧਾਂ ਦੇ ਡੇਰਿਆਂ ਵਾਲੀ ਸਦੀਆਂ ਤੋਂ ਲੋਕਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਪਾ ਰਹੀ ਹੈ ਕਿ ਮਨੁੱਖਾ ਜਨਮ ਚਰਾਸੀ ਲੱਖ ਜੂਨਾਂ ਭੁਗਤਣ ਤੋਂ ਬਾਅਦ ਮਿਲਦਾ ਹੈ । ਇਹ ਗੱਲ ਨਾ ਵਿਗਿਆਨਕ ਤੌਰ ਸਹੀ ਹੈ ਤੇ ਨਾ ਹੀ ਹੋਰ ਕਿਸੇ ਪੱਧਰ ਉਤੇ ।

ਇਹ ਤਾਂ ਬ੍ਰਾਹਮਣੀ ਮਨੂਵਾਦੀ ਵੇਦਾਂ ਤੇ ਪੁਰਾਣਾ ਵੱਲੋਂ ਮਨੁੱਖ ਨੂੰ ਡਰਾਉਣ ਦੀ ਇਕ ਸਾਜਿਸ਼ ਤਹਿਤ ਬਣਾਈ ਗਈ ਗੱਪ ਹੈ । ਜਿਵੇਂ ਕਾਂ ਗੁਲੇਲ ਤੋਂ ਡਰਦਾ ਹੈ। ਮਨੁੱਖ ਮੌਤ ਤੋਂ ਡਰਦਾ ਹੈ । ਲੋਕ ਡਰਦੇ ਰਹਿਣ , ਪੁਜਾਰੀ ਤੇ ਚਿੱਟੀ ਸਿਉਂਕ ਦਾ ਇਸੇ ਦੇ ਨਾਲ ਤੋਰੀ ਫੁਲਕਾ ਚੱਲਦਾ ਹੈ । ਲੋਕਾਂ ਦੀ ਭਵਿੱਖ ਬਾਣੀ ਦੱਸਣ ਵਾਲੇ ਨੂੰ ਆਪ ਪਤਾ ਨਹੀਂ ਹੁੰਦਾ ਕਿ ਉਸਦਾ ਭਵਿੱਖ ਕੀ ਹੈ ?

ਜੇਲਾਂ ਦੇ ਵਿੱਚ ਏਨੇ ਚੋਰ ਤੇ ਜੇਬ ਕਤਰੇ (ਅਸਲੀ) ਕੈਦੀ ਨਹੀਂ ਜਿੰਨੇ ਡੇਰੇਦਾਰ ਤੇ ਚਿੱਟੀ ਸਿਉਕ ਵਾਲੇ ਸਾਧ ਹਨ । ਕੀ ਉਨ੍ਹਾਂ ਨੂੰ ਆਪਣੇ ਭਵਿੱਖ ਦਾ ਗਿਆਨ ਨਹੀਂ ਸੀ ? ਚੱਲ ਛੱਡ ਪਰਾਂ ਆਪਾਂ ਸਾਧਾਂ ਤੇ ਸੰਤਾਂ ਤੋਂ ਕੀ ਲੈਣਾ ਹੈ ?

ਬੇਬੇ ਪੰਜਾਬੋ ਕਹਿੰਦੀ ਹੁੰਦੀ ਸੀ।

” ਭਾਈ ਜੋ ਕਰੂਗਾ ਸੋ ਭਰੂਗਾ ।
ਪਾਪ ਦਾ ਘੜਾ ਭਰ ਕੇ ਡੁੱਬਦਾ ਹੈ। ”

ਇਹ ਗੱਲ ਵੀ ਝੂਠ ਲੱਗਦੀ ਹੈ। ਪਾਪ ਦਾ ਘੜਾ ਜੇ ਭਰ ਕੇ ਡੁੱਬਦਾ ਹੁੰਦਾ ਤਾਂ ਹੁਣ ਨੂੰ ਚਿੱਟਾ, ਨਸ਼ਾ, ਰੇਤਾ-ਬਜਰੀ, ਜ਼ਮੀਨਾਂ, ਜ਼ਮੀਰਾਂ ਰਾਜ ਤੇ ਦੇਸ਼ ਵੇਚਣ ਵਾਲਿਆਂ ਨੇ ਕਦੋਂ ਦੇ ਰੱਬ ਨੂੰ ਪਿਆਰੇ ਹੋ ਜਾਣਾ ਸੀ । ਚਿੱਟਾ ਵੇਚਣ ਵਾਲਿਆਂ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਤੇ ਉਨ੍ਹਾਂ ਦੇ ਆਪਣੇ ਘਰ ਭਰ ਗਏ ਹਨ। ਜ਼ਮੀਨਾਂ ਤੇ ਜਾਇਦਾਦਾਂ ਕਈ ਸੌ ਗੁਣਾ ਵੱਧ ਗਈਆਂ ਹਨ।

ਹੁਣ ਕੌਣ ਮੰਨੇਗਾ ਬੇਬੇ ਪੰਜਾਬੋ ਦੀਆਂ ਗੱਲਾਂ ਨੂੰ । ਹੁਣ ਕਹਿੰਦੇ ਕਿ ” ਦਾਰੂ ਗੱਲਾਂ ਨੂੰ ਤੇ ਘਿਓ ਮੱਲਾਂ ਨੂੰ !” ਹੁਣ ਤਾਂ ਦਾਰੂ ਕਲੇਸ਼ ਤੇ ਤਬਾਹੀ ਦਾ ਸਬੱਬ ਬਣ ਗਈ ਹੈ । ਘਰਾਂ ਦੇ ਵਿੱਚ ਮੱਝਾਂ ਤੇ ਗਾਵਾਂ ਨਹੀਂ ਰਹੀਆਂ ਤੇ ਦੁੱਧ ਘਿਓ ਕਿਹੜੇ ਮੱਲਾਂ ਨੇ ਖਾਣਾ ਹੈ ? ਪਰ ਜਿੰਨਾਂ ਦੁੱਧ, ਖੋਹਾ, ਪਨੀਰ ਤੇ ਹੋਰ ਇਹਨਾਂ ਤੋਂ ਬਨਣ ਵਾਲਾ ਸਮਾਨ ਜੋ ਬਜ਼ਾਰ ਵਿੱਚ ਦਿਨ ਨੂੰ ਵਿਕਦਾ ਹੈ ? ਉਹ ਹੀ ਜਾਣਦੇ ਹਨ ਕਿ ਉਹ ਕਿਹੜੀ ਦੁੱਧ ਦੀ ਨਹਿਰ ਤੋਂ ਦੁੱਧ ਭਰ ਕੇ ਲਿਆਉਦੇ ਹਨ ?

ਹੁਣ ਪਿੰਡਾਂ ਵਿੱਚ ਸਬਜ਼ੀਆਂ ਤੇ ਦੁੱਧ ਵੇਚਣ ਵਾਲੇ ਜਾਂਦੇ ਹਨ । ਪਹਿਲਾਂ ਪਿੰਡਾਂ ਵਾਲੇ ਸ਼ਹਿਰੋਂ ਲੂਣ ਲੈਣ ਜਾਂਦੇ ਸੀ। ਉਦੋਂ ਸਭ ਕੁੱਝ ਪਿੰਡਾਂ ਦੇ ਵਿੱਚੋਂ ਹੀ ਮਿਲਦਾ ਸੀ । ਇਹ ਕੀਤੀ ਐ ਮਨੁੱਖ ਨੇ ਤਰੱਕੀ । ਉਦੋਂ ਪਿੰਡ ਵਿੱਚ ਜੁਲਾਹੇ ਕੱਪੜਾ ਬੁਣਦੇ ਸੀ, ਮੋਚੀ ਜੁੱਤੀਆਂ ਬਣਾ ਦੇਦਾ ਸੀ, ਨਾਈ ਵਾਲ ਕੱਟ ਦੇਦਾ ਸੀ, ਦਰਜ਼ੀ ਕੱਪੜੇ ਸਿਉ ਦੇਦਾ ਸੀ, ਪੰਡਤ ਤੇ ਗਿਆਨੀ ਵਿਆਹ ਫੇਰੇ ਕਰਵਾ ਦੇਦੇ ਸੀ ।

ਖੇਤੀਬਾੜੀ ਨਾਲ ਖਾਣ ਜੋਗੇ ਦਾਣੇ ਹੋ ਜਾਂਦੇ ਸੀ । ਸਭ ਰਲ ਮਿਲ ਰਹਿੰਦੇ ਸੀ । ਹੁਣ ਦੋ ਭਾਈਆਂ ਦੀ ਆਪਸ ਵਿੱਚ ਨਹੀਂ ਬਣਦੀ । ਕਹਿੰਦੇ ਦੁਨੀਆਂ ਤਰੱਕੀ ਕਰਗੀ । ਜੇ ਇਹੋ ਤਰੱਕੀ ਹੈ ਤਾਂ ਇਸ ਤਰੱਕੀ ਤੋ ਕੀ ਲੈਣਾ ਐ। ਲੋਕਾਂ ਦੇ ਵਿੱਚ ਕੋਈ ਭਾਈਚਾਰਕ ਸਾਂਝ ਨਹੀਂ। ਹਰ ਪਿੰਡ ਵਿੱਚ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਤੇ ਹੁਣ ਕਈ ਬਣ ਗਈਆਂ ।

ਪਿੰਡਾਂ ਦੇ ਲੋਕ ਆਪਸ ਵਿੱਚ ਸਿੰਗ ਫਸਾਈ ਫਿਰਦੇ ਹਨ । ਲੜ੍ਹਾਈ ਝਗੜੇ ਹੋ ਰਹੇ ਨੇ । ਸ਼ਰੇਆਮ ਗੋਲੀਆਂ ਚੱਲਦੀਆਂ ਹਨ, ਨੌਜਵਾਨ ਮਰ ਤੇ ਮਾਰੇ ਜਾ ਰਹੇ ਹਨ । ਇਹੋ ਜਿਹੀ ਤਰੱਕੀ ਤੋਂ ਭਲਾ ਆਪਾਂ ਕੀ ਖੱਟਿਆ ਹੈ ? ਚੱਲ ਆਪਾਂ ਕੀ ਲੈਣਾ ਹੈ।

ਜਦ ਵੇਚਣ ਤੇ ਖਰੀਦਣ ਵਾਲਿਆਂ ਨੂੰ, ਮਰਨ ਤੇ ਮਾਰਨ ਵਾਲਿਆਂ ਨੂੰ ਕੋਈ ਤਕਲੀਫ਼ ਨਹੀਂ, ਤੇਰਾ ਕਿਉਂ ਢਿੱਡ ਦੁੱਖਦਾ ਹੈ ? ਭਾਈ ਢਿੱਡ ਤਾਂ ਦੁੱਖੂ ਜੇ ਬੰਦਾ ਕੁੱਝ ਖਾਵੇਗਾ, ਬੰਦੇ ਦੇ ਤਾਂ ਮੂੰਹ ਵਿੱਚੋਂ ਤਾਂ ਬੁਰਕੀ ਖੋਹੀ ਜਾ ਰਹੀ ਹੈ ।

ਨਿੱਤ ਦੀ ਮਹਿੰਗਾਈ ਨੇ ਆਮ ਬੰਦੇ ਦੇ ਨੱਕ ਵਿੱਚ ਦਮ ਕੀਤਾ ਪਿਆ ਹੈ ਪਰ ਬੰਦਾ ਚੁਪ ਚਾਪ ਸੰਤਾਪ ਭੋਗ ਰਿਹਾ ਹੈ । ਹੁਣ ਫੇਰ ਬੇਬੇ ਪੰਜਾਬੋ ਬੋਲ ਪਈ ਕਹਿੰਦੀ ” ਲਿਖੀਆਂ ਲੇਖ ਦੀਆਂ ਭੋਗ ਮਨਾਂ ਚਿੱਤ ਲਾ ਕੇ ।” ਹੁਣ ਬੇਬੇ ਪੰਜਾਬੋ ਨੂੰ ਕੌਣ ਦੱਸੇ ਕਿ ਲੇਖ ਉਪਰ ਵਾਲਾ ਨਹੀਂ, ਇਥੇ ਵਾਲਾ ਲਿਖਦਾ ਹੈ ।

ਇਹ ਵੀ ਪੜ੍ਹੋ :- ਇਲਤੀ ਬਾਬੇ ਦੀਆਂ ਜੱਬਲੀਆਂ!ਪੱਕੀਆਂ ਵੋਟਾਂ!

ਜੇ ਇਥੇ ਵਾਲਾ ਦਰੁਸਤ ਹੋਵੇ ਫੇਰ ਕੋਈ ਦੁੱਖ ਤੇ ਭੁੱਖ ਨਾਲ ਕਿਉਂ ਮਰੇ । ਹੁਣ ਕਹਿੰਦੇ ਹਨ ਕਿ ਬੰਦੇ ਦੇ ਮਰਨ ਦਾ ਪਤਾ ਨਹੀਂ ਪਰ ਜੰਮਣ ਪਤਾ ਵਿਗਿਆਨੀਆਂ ਨੂੰ ਲੱਗ ਜਾਂਦਾ। ਹੁਣ ਕਿਹੜੇ ਦਿਨ ਤੇ ਕਿਹੜੇ ਸਮੇਂ ਜੁਆਕ ਜੰਮਣਾ ਹੈ । ਡਾਕਟਰ ਢਿੱਡ ਪਾੜ ਕੇ ਕੱਢ ਲੈਂਦੇ ਹਨ। ਜਿਵੇਂ ਕੱਛ ਵਿੱਚੋਂ ਮੂਗਲੀ ਕੱਢ ਦੇ ਹੁੰਦੇ ਸੀ ।

ਦੁਖਾਂਤ ਇਹ ਹੈ ਕਿ ਜਿੱਥੇ ਬੋਲਣਾ ਹੁੰਦਾ ਉਥੇ ਪੰਜਾਬੀ ਚੁਪ ਹਨ, ਉਝ ਹਵਾ ਵਿੱਚ ਤਲਵਾਰਾਂ ਲਹਿਰਾਉਣ ਲਈ ਸੱਤਾ ਦੇ ਦਲਾਲ ਬਣ ਜਾਂਦੇ ਹਨ ।

ਪਟਿਆਲਾ ਦੇ ਮੁਰਗੇ ਤੇ ਗੁਗਰੇ ਹੀ ਆਪਸ ਵਿੱਚ ਲੜੇ । ਪੁਲਿਸ ਅਫਸਰ ਨਾਨਕ ਸਿੰਘ ਨੇ ਸਰਕਾਰ ਦੀ ਇੱਕ ਨਹੀਂ ਮੰਨੀ, ਨਹੀਂ ਤਾਂ ਘੱਲੂਘਾਰਾ ਹੋ ਜਾਣਾ ਸੀ ਪਰ ਉਹੀ ਪੁਲਿਸ ਅਧਿਕਾਰੀ ਨਾਨਕ ਸਿੰਘ ਮਾਨਸੇ ਜਾ ਕੇ ਨਸ਼ਾ ਤਸ਼ਕਰੀ ਕਰਨ ਵਾਲਿਆਂ ਦਾ ਹਿਮਾਇਤੀ ਤੇ ਰੋਕਣ ਵਾਲਿਆਂ ਦਾ ਦੁਸ਼ਮਣ ਬਣ ਗਿਆ ਹੈ ।

ਸਰਕਾਰ ਬਦਲਣ ਨਾਲ ਪੁਲਿਸ ਅਧਿਕਾਰੀ ਨਾਨਕ ਸਿੰਘ ਦੀ ਵਿਚਾਰਧਾਰਾ ਵੀ ਬਦਲ ਗਈ । ਕਹਿੰਦੇ ਸੀ ਬੰਦਾ ਪੜ੍ਹ ਲਿਖ ਕੇ ਸਿਆਣਾ ਹੋ ਜਾਂਦਾ ਹੈ ਪਰ ਸਾਡੇ ਤਾਂ ਬਹੁਗਿਣਤੀ ਪੜ੍ਹੇ-ਲਿਖੇ ਅੰਧ ਵਿਸ਼ਵਾਸੀ ਹਨ । ਬਹੁਗਿਣਤੀ ਉਹ ਸਾਧਾਂ ਦੇ ਡੇਰਿਆਂ ਤੇ ਜੋਤਸ਼ੀਆਂ ਕੋਲ ਜਾਂਦੇ ਹਨ ।

ਜਦੋਂ ਬੰਦੇ ਅਨਪੜ੍ਹ ਸੀ ਕਹਿੰਦੇ ਰੱਬ ਵੀ ਅਨਪੜ੍ਹ ਸੀ ਤੇ ਹੁਣ ਵਿਗਿਆਨਿਕ ਯੁੱਗ ਆ ਗਿਆ ਤੇ ਰੱਬ ਵੀ ਪੜ੍ਹ ਲਿਖ ਕੇ ਮਹਿਲ ਵਿੱਚ ਬਹਿ ਗਿਆ ਹੈ । ਜਦ ਕਦੇ ਵਿਆਹ ਹੁੰਦਾ ਸੀ ਤਾਂ ਨਾਨਕੇ ਨਾਨਕ ਛੱਕ ਬੰਨ੍ਹਦੇ ਸੀ । ਨਾਨਕੇ ਦਾਦਕੇ ਬਹਿ ਕੇ ਮਿਲਣੀਆਂ ਕਰਦੇ ਸੀ ਜਦ ਕਿਸੇ ਨੇੜੇ ਦੇ ਰਿਸ਼ਤੇਦਾਰ ਦੀ ਮਿਲਣੀ ਨਹੀਂ ਸੀ ਹੁੰਦੀ ਤੇ ਗੁਲਾਬੋ ਭੂਆ ਕਹਿੰਦੀ ਹੁੰਦੀ ਸੀ !

” ਨੀ ਭਾਈ ਜੀਹਨੇ ਖੜ੍ਹਾ ਨਹੀਂ ਦੇਖਿਆ, ਉਹਨੇ ਬੈਠਾ ਕੀ ਦੇਖਣਾ ਹੈ ?” ਮਿਲਣੀ ਦੇ ਪਿੱਛੇ ਵਿਆਹ ਵਿੱਚ ਕਲੇਸ਼ ਪੈ ਜਾਂਦਾ ਸੀ । ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੈਰਿਜ ਪੈਲਸ ਸੱਭਿਆਚਾਰ ਨੇ ਰੀਤੀ ਰਿਵਾਜ ਤੇ ਭਾਈਚਾਰਕ ਸਾਂਝ ਖਤਮ ਕਰ ਦਿੱਤੀ । ਅੱਧ ਨੰਗੀਆਂ ਕੁੜੀਆਂ ਦੇ ਨਾਲ ਬਾਬੇ ਨੱਚਦੇ ਹਨ ।

ਫੇਰ ਕੌਣ ਆਖੇ ਰਾਣੀਏ ਅੱਗਾ ਢਕ ! ਗੱਲ ਤਾਂ ਚਰਖੇ ਦੇ ਕਰਦੇ ਸੀ ਆ ਵਿੱਚ ਹੋਰ ਹੀ ਕੁੱਝ ਆ ਵੜਿਆ ਹੈ । ਜਿਵੇਂ ਹੱਡਾ ਰੋੜੀ ਦਾ ਕੁੱਤਾ ਭਖੇ ਮੁਜਰੇ ਵਿੱਚ ਆ ਵੜਿਆ ਹੋਵੇ । ਭਲਾ ਇਸ ਤਰ੍ਹਾਂ ਕੌਣ ਵੜਦਾ ਹੈ ਜਦ ਦਰ ਤੇ ਮੂੰਹ ਖੁੱਲ੍ਹਾ ਰੱਖੋਗੇ ਤਾਂ ਕੁਸ਼ ਵੀ ਵੜ ਸਕਦਾ । ਹੁਣ ਤੇ ਮੁੰਡਾ ਤੇ ਕੁੜੀ ਵਿਆਹ ਕਰਵਾ ਘਰ ਇਹੋ ਵੜਦਾ ਹੈ ਜਿਵੇਂ ਉਲਪਿੰਕ ਤੋਂ ਕੋਈ ਤਗਮਾ ।ਜਿੱਤ ਆਇਆ ਹੋਵੇ ।

ਹੁਣ ਤਾਂ ਬਿਨਾਂ ਸਿੱਖਿਆ ਦੇ ਰਾਜ ਪਹਿਲੇ ਸਥਾਨ ਉਤੇ ਆ ਸਕਦਾ ਹੈ, ਇਹ ਕਿਵੇਂ ਆਉਂਦਾ ਹੈ ? ਇਸ ਦਾ ਨੁਸਖਾ ਕੈਪਟਨ ਅਮਰਿੰਦਰ ਸਿੰਘ ਤੇ ਵੈਦ ਕ੍ਰਿਸ਼ਨ ਕੁਮਾਰ ਤੋਂ ਪੁੱਛਿਆ ਜਾ ਸਕਦਾ ਹੈ । ਕਿਵੇਂ ਪੰਜਾਬੀ ਕੌਮ ਨੂੰ, ਪੜ੍ਹੇ ਲਿਖੇ ਅਨਪੜ੍ਹ ਬਣਾਇਆ ਜਾ ਰਿਹਾ ਹੈ ।

ਅਸੀਂ ਬਣ ਰਹੇ ਹਾਂ, ਅਸੀਂ ਮੂਰਖ ਕਿਉਂ ਬਣੇ ਹਾਂ? ਪਰ ਪੁੱਛੇ ਕੌਣ ? ਜੇ ਕੋਈ ਪੁੱਛ ਸਕਦਾ ਤਾਂ ਹੱਥ ਖੜ੍ਹਾ ਕਰੋ । ਸਭ ਸੁਸਰੀ ਵਾਂਗੂੰ ਸੁੱਤੇ ਹਨ । ਜਿਵੇਂ ਵਪਾਰੀ ਘੋੜੇ ਵੇਚ ਕੇ ਸੁੱਤੇ ਹੁੰਦੇ ਨੇ ।

ਤਾਇਆ ਬਿਸ਼ਨਾ ਕਹਿੰਦਾ ਹੁੰਦਾ ਸੀ ” ਭਾਈ ਸੁੱਤਿਆ ਨੂੰ ਜਗਾਉਣਾ ਸੌਖਾ ਹੁੰਦਾ ਪਰ ਜਾਗਦਿਆਂ ਨੂੰ ਜਗਾਉਣਾ ਮੁਸ਼ਕਿਲ ਹੈ । ਹੁਣ ਤਾਂ ਪਾਗਲ ਘੋੜਿਆਂ ਦੀ ਫੌਜ ਮਾਰੋ ਮਾਰ ਕਰਦੀ ਆ ਰਹੀ ਹੈ । ਚੌਕੀਦਾਰ ਹੋਕਾ ਦੇ ਰਿਹਾ ” ਜਾਗਦੇ ਰਹੋ, ਜਾਗਦੇ ਬਈ। ”
ਹੁਣ ਘਰ ਤਾਂ ਚੋਰਾਂ ਤੇ ਡਾਕੂਆਂ ਤੋਂ ਘਰ ਵਾਲਿਆਂ ਤੇ ਪਿੰਡ ਵਾਲਿਆਂ ਨੇ ਰਲ ਕੇ ਆਪ ਬਚਾਉਣਾ ਹੈ ।

ਚੌਕੀਦਾਰ ਵਿਚਾਰਾ ਕੀ ਕਰੇ ? ਉਹ ਤਾਂ ਹੋਕਾ ਦੇਂਦਾ ਐ, ਜਾਗਦੇ ਰਹੋ, ਜਾਗਦੇ । ਹੁਣ ਚਰਖਾ ਹੀ ਨਹੀਂ ਬਹੁਤ ਕੁੱਝ ਟੁੱਟ ਗਿਆ । ਹੋਰ ਕੀ ਕੀ ਟੁੱਟੇਗਾ ਇਹ ਤਾਂ ਉਹੀ ਜਾਣਦਾ ਹੈ। ਜਿਹੜਾ ਆਪਣੇ ਹੀ ਘਰ ਵਾਲਿਆਂ ਵਿਰੁੱਧ ਫੌਜਾਂ ਚਾੜ੍ਹੀ ਆਉਦਾ ਹੈ ।

ਕਦੇ ਡਾ. ਹਰਿਭਜਨ ਨੇ ਲਿਖਿਆ ਸੀ- ” ਇਹ ਫੌਜਾਂ ਕਿਸ ਦੇਸ਼ ਤੋਂ ਆਈਆਂ ?” ਉਦੋਂ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਸੀ । ਹੁਣ ਲੱਕੜ ਦਾ ਚਰਖਾ ਦੱਸੋ ਕੀ ਕਰੇ ? ਗਾਇਕ ਜਸਵਿੰਦਰ ਧਨਾਨਸੂ ਗਾਈ ਜਾ ਰਿਹਾ ਹੈ ! ” ਚਰਖਾ ਰੋਂਦਾ ਹੈ ਤੇ ਰੋਂਦਾ ਜਾਰੋ ਜਾਰ !”

ਮੈਂ ਵੀ ਰੋਵਾਂ ਤੂੰ ਵੀ ਰੋ…! ਬਾਬਾ ਇਲਤੀ ਬੋਲੀ ਜਾਂਦਾ ਤੇ ਲਿਖੀਂ ਜਾਂਦਾ ਐ। ਨਾ ਕੋਈ ਸੁਣਦਾ ਐ ਤੇ ਨਾ ਕੋਈ ਪੜ੍ਹਦਾ ਐ। ਊਂ ਕਹੀ ਜਾਂਦੇ ਹਨ, ਸ਼ਬਦ ਗੁਰੂ ਐ, ਸਾਡਾ ਗੁਰੂ। ਤੁਹਾਡਾ ਕਿਹੜਾ ਗੁਰੂ ਐ ?