ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਹੈ, ਕਿ ਭਗਵੰਤ ਮਾਨ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਪੱਤਰਕਾਰਤਾ ਨੂੰ ਦਬਾਉਣ, ਧਮਕਾਉਣ ਤੇ ਡਰਾਉਣ ਦੇ ਹਰ ਪ੍ਰਕਾਰ ਦੇ, ਹੱਥਕੰਡੇ ਵਰਤੇ ਜਾ ਰਹੇ ਨੇ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸਰਕਾਰੀ ਤੌਰ ‘ਤੇ ਬਣਾਏ ਜਾਂਦੇ ਐਕਰੀਡੇਟਸ਼ਨ ਕਾਰਡ ਤੇ ਪੀਲੇ ਸ਼ਨਾਖ਼ਤੀ ਕਾਰਡ ਬਣਾਉਣ ਵਿੱਚ ਵੀ ਵਿਤਕਰਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਪੱਟੀ ਨੇ ਸਥਾਨਕ ਵਿਧਾਇਕ ਤੋਂ ਬਣੇ ਮੰਤਰੀ ਉਪਰ ਪੱਤਰਕਾਰਾਂ ਵਿੱਚ ਧੜੇਬੰਦੀ ਪੈਦਾ ਕਰਨ ਦਾ ਦੋਸ਼ ਮੜਿਐ।

ਉਹਨਾਂ ਕਿਹਾ ਕਿ ਪ੍ਰੈੱਸ ਕਲੱਬ ਅੰਮ੍ਰਿਤਸਰ ਵੀ ਸਿਆਸੀ ਆਗੂਆਂ ਦੀ ਦਖ਼ਲ ਅੰਦਾਜ਼ੀ ਨਾਲ ਧੜੇਬੰਦੀ ਦਾ ਅੱਡਾ ਬਣ ਕੇ ਰਹਿ ਗਿਆ ਹੈ ।

ਅੱਗੇ ਪ੍ਰਧਾਨ ਪੱਟੀ ਨੇ ਪੱਤਰਕਾਰਾਂ ਤੇ ਹੁੰਦੇ ਹਮਲਿਆਂ ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਭੱਟੀ ਨੇ ਪੁਰਾਣੀਆਂ ਸਰਕਾਰਾਂ ਖਿਚਾਈ ਕਰਦਿਆਂ ਆਖਿਆ ਕਿ ਪੁਰਾਣੇ ਮੁੱਖ ਮੰਤਰੀ ਵੀ ਮੰਗ ਪੱਤਰ ਲੈ ਕੇ ਹੀ ਡੰਗ ਟਪਾ ਗਏ।

ਪੱਟੀ ਅਨੁਸਾਰ ਐਸੋਸੀਏਸ਼ਨ ਵੱਲੋਂ ਲੰਮੇ ਸਮੇਂ ਤੋਂ ਸਰਕਾਰ ਅੱਗੇ ਮੀਡੀਆ ਕਾਰਪੋਰੇਸ਼ਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ।

ਪੱਤਰਕਾਰ ਭਾਈਚਾਰਾ ਕਾਲੀਆਂ ਝੰਡੀਆਂ ਨਾਲ ਕਰੇਗਾ ਰੋਸ ਮਾਰਚ

ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਵੀ ਕਈ ਵਾਰੀ ਮੁੱਖ ਮੰਤਰੀ ਸਮੇਤ ਲੋਕ ਸੰਪਰਕ ਮੰਤਰੀ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਕਿਸੇ ਵੱਲੋਂ, ਕਦੇ ਵੀ, ਕੋਈ ਵੀ, ਹੁੰਗਾਰਾ ਨਹੀਂ ਮਿਲਿਆ, ਜਿਸ ਕਾਰਨ ਪੱਤਰਕਾਰਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਪਰਿਵਾਰਾਂ ਦੀਆਂ ਪੰਜਾਬ ਵਿੱਚ ਪੰਜ ਲੱਖ ਤੋ ਵਧੇਰੇ ਵੋਟਾਂ ਨੇ ਜਿਹੜੀਆਂ ਕਿ ਫ਼ੈਸਲਾਕੁਨ ਹੋ ਸਕਦੀਆਂ ਹਨ।

2016 ਵਿੱਚ ਅਕਾਲੀ ਸਰਕਾਰ ਦੌਰਾਨ ਨੇ ਮੰਗ ਪੱਤਰ ਦੇਣ ਜਾਂਦੇ ਪੱਤਰਕਾਰਾਂ ਤੇ ਡਾਂਗਾਂ ਵਰਾਈਆਂ ਗਈਆਂ, ਜਿਸ ਦਾ ਰੋਸ ਪੂਰੇ ਸੂਬੇ ਸਮੇਤ ਦੇਸ਼ ਭਰ ਵਿੱਚ ਹੋਇਆ ਤੇ ਅੱਜ ਰਾਜ ਕਰਦੇ ਅਕਾਲੀ ਵੀ ਸੜਕੀ ਬਣੇ ਹੋਏ ਨੇ।

ਇਹ ਵੀ ਪੜ੍ਹੋ :- ਭਲਾ ਹੋਇਆ ਮੇਰਾ ਚਰਖਾ ਟੁੱਟਾ! ਬੁੱਧ ਸਿੰਘ ਨੀਲੋ

ਪੱਤਰਕਾਰਾਂ ਭਾਈਚਾਰੇ ਨਾਲ ਆਢਾ ਲਗਾ ਕੇ ਕਿਸੇ ਵੀ ਸਰਕਾਰ ਨੇ ਬਦਨਾਮੀ ਤੇ ਘਾਟੇ ਤੋ ਸਿਵਾਏ ਕੁਝ ਨਹੀਂ ਖੱਟਿਆ ਹੈ ਸਗੋਂ ਨੁਕਸਾਨ ਹੀ ਉਠਾਇਆ ਹੈ।

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ 25 ਅਪ੍ਰੈਲ ਨੂੰ ਅੰਮ੍ਰਿਤਸਰ ਰੋਡ ਸ਼ੋਅ ਕਰਨ ਆ ਰਹੇ ਹਨ ਤੇ ਇੱਕ ਪਾਸੇ ਸਰਕਾਰੀ ਰੋਡ ਸ਼ੋਅ ਹੋਵੇਗਾ ਤੇ ਦੂਸਰੇ ਪਾਸੇ ਪੱਤਰਕਾਰ ਆਪਣੀਆਂ ਮੰਗਾਂ ਕਾਰਨ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਤੇ ਹੋਣਗੇ ਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।