ਕੁੱਝ ਦੇਰ ਪਹਿਲਾਂ ਉਜਾਗਰ ਸਿੰਘ ਲਲਤੋਂ ਨੇ ਨਾਵਲਿਟ ਲਿਖਿਆ ਸੀ, “ਪੱਕੀਆਂ ਵੋਟਾਂ” ।ਇਹ ਪੱਕੀਆਂ ਵੋਟਾਂ ਪਹਿਲਾਂ ਪਿੰਡਾਂ ਦੇ ਵਿੱਚ ਸਰਪੰਚੀ ਦੀ ਚੋਣ ਵੇਲੇ ਹੁੰਦੀਆਂ ਸਨ।

ਸਰਪੰਚ ਦੀ ਚੋਣ ਲੜਨ ਵਾਲਾ ਪਹਿਲਾਂ ਆਪਣੀਆਂ ਪੱਕੀਆਂ ਵੋਟਾਂ ਗਿਣ ਕੇ ਚੋਣ ਲੜਨ ਲਈ ਹਿੰਮਤ ਕਰਦਾ ਸੀ। ਉਹ ਜੋੜ ਤੋੜ ਕਰਕੇ ਇਹ ਸੋਚਦਾ ਸੀ ਕਿ ਜੇ ਪੱਕੀਆਂ ਵੋਟਾਂ ਤੋਂ ਬਿਨਾਂ ਆਪਾਂ ਨੂੰ ਐਨੀਆਂ ਕੁਝ ਵੋਟਾਂ ਮਿਲ ਜਾਣ ਤਾਂ ਸਰਪੰਚੀ ਪੱਕੀ ਹੈ।ਇਹ ਪੱਕੀਆਂ ਵੋਟਾਂ ਆਪਣੇ ਸ਼ਰੀਕੇ ਕਬੀਲੇ ਦੀਆਂ ਤੇ ਆਪਣੇ ਦੋਸਤਾਂ ਦੀਆਂ ਹੁੰਦੀਆਂ ਨੇ।

ਇਹਨਾਂ ਪੱਕੀਆਂ ਵੋਟਾਂ ਦੀਆਂ ਤੱਤੀਆਂ ਅਤੇ ਖ਼ਰੀਆਂ ਅਣਸੁਣੀਆਂ ਕਰਨੀਆਂ ਪੈਂਦੀਆਂ ਹਨ। ਬੜਾ ਘਾਟਾ ਵਾਧਾ ਝੱਲਣਾ ਪੈਂਦਾ ਹੈ। ਵੇਲੇ ਕੁਵੇਲੇ ਪੱਕੀਆਂ ਵੋਟਾਂ ਦੇ ਦੁੱਖ-ਸੁੱਖ ਵਿੱਚ ਜਾਣਾ ਵੀ ਪੈਦਾ ਹੈ।

ਵਿਹੜੇ ਵਾਲਿਆਂ ਨੂੰ ਹਰ ਪਿੰਡ ਦਾ ਚੌਧਰੀ ਆਪਣੀਆਂ ਪੱਕੀਆਂ ਵੋਟਾਂ ਸਮਝਦਾ ਹੈ। ਕਿਉਂਕਿ ਉਹਨਾਂ ਨੂੰ ਚੌਧਰੀਆਂ ਤੱਕ ਕਈ ਗਰਜ਼ਾਂ ਹੁੰਦੀਆਂ ਹਨ। ਉਹ ਗਰਜ਼ਾਂ ਪੂਰੀਆਂ ਵੀ ਕਰਦੇ ਹਨ। ਹਾਲਤ ਇੱਕ ਹੱਥ ਦੇ ਤੇ ਦੂਜੇ ਹੱਥ ਲੈ ਵਾਲ਼ੀ ਗੱਲ ਹੁੰਦੀ ਹੈ।

ਪਿੰਡ ਦੀ ਸਿਆਸਤ ਬੜੀ ਕੁਪੱਤੀ ਸੱਸ ਵਰਗੀ ਹੁੰਦੀ ਹੈ। ਇਹ ਸਿਆਸਤ ਕਤਲਾਂ ਤੱਕ ਵੀ ਪੁੱਜ ਜਾਂਦੀ ਹੈ। ਇਹ ਪਿੰਡ ਵਾਲੀ ਤਾਂ ਸਿਆਸਤ ਸਮਝ ਪੈਂਦੀ ਹੈ ਪਰ ਸਾਹਿਤਕਾਰਾਂ, ਲੇਖਕਾਂ, ਕਵੀਆਂ, ਆਲੋਚਕਾਂ ਤੇ ਵਿਦਵਾਨਾਂ ਦੀ ਸਿਆਸਤ ਦਾ ਕੀ ਲਾਭ ਹੈ? ਇਸ ਦੀ ਚੌਧਰ ਵਾਸਤੇ ਲੇਖਕ ਪੂੰਛਾਂ ਤੁੜਵਾਉਣ ਤੱਕ ਪੁੱਜ ਜਾਂਦੇ ਹਨ।

ਇਹ ਵੀ ਪੜ੍ਹੋ :- ਪੰਜਾਬੀ ਭਾਸ਼ਾ ਵਿਚ ਬਿੰਦੀਆਂ ਦੇ ਸਹੀ ਅਰਥ

ਇੱਕ ਵਾਰ ਸਾਹਿਤ ਦੇ ਮੱਠਾਂ ਦਾ ਇਕ ਭੌਕੜ ਚੌਧਰੀ ਬਣ ਗਿਆ, ਉਹ ਬਣਿਆ ਕਿਵੇਂ? ਇਹ ਵੀ ਬੜਾ ਓਹਲਾ ਐ। ਉਸਨੇ ਚੌਧਰੀ ਬਣ ਕੇ ਜਿਵੇਂ ਐਮ.ਪੀ ਤੇ ਐਮ. ਐਲ. ਏ. ਗ੍ਰਾਂਟ ਦੇਂਦਾ ਹੈ। ਉਸਨੇ ਮੱਠ ਦੀਆਂ ਕਿਤਾਬਾਂ ਦੇ ਸੈੱਟ ਵੰਡਣੇ ਸ਼ੁਰੂ ਕਰ ਦਿੱਤੇ।

ਜਿਹੜਾ ਵੀ ਉਸਦੇ ਕੋਲ ਆਉਂਦਾ ਉਸਨੂੰ ਕਿਤਾਬਾਂ ਦਾ ਸੈੱਟ ਭੇਟ ਕਰਕੇ ਫੋਟੋ ਕਰਵਾਉਂਦਾ ਤੇ ਆਪੇ ਖਬਰ ਬਣਾ ਕੇ ਅਖ਼ਬਾਰਾਂ ਨੂੰ ਭੇਜਦਾ। ਦੂਜੇ ਦਿਨ ਉਹ ਖਬਰਾਂ ਪੜ੍ਹ ਕੇ ਆਪਣੀਆਂ ਮੁੱਛਾਂ ਵਿੱਚ ਹੱਸਦਾ। ਉਸਦਾ ਇਹ ਕਿਤਾਬਾਂ ਦੀਆਂ ਗ੍ਰਾਂਟਾਂ ਦੇਣ ਠੱਕ ਠਕਾ ਕਈ ਸਾਲ ਚੱਲਦਾ ਰਿਹਾ। ਮਾਲ, ਮਾਲਕਾਂ ਦਾ ਮਸ਼ਹੂਰੀ ਚੌਧਰੀ ਦੀ ਹੁੰਦੀ ਰਹੀ। ਕਿਸੇ ਨੇ ਇਸ ਦੇ ਉਪਰ ਕਿੰਤੂ ਪ੍ਰੰਤੂ ਨਾ ਕੀਤਾ।

ਹੁਣ ਪੱਕੀਆਂ ਵੋਟਾਂ ਨੂੰ ਕਿਤਾਬਾਂ ਤਾਂ ਦਿੱਤੀਆਂ ਨਹੀਂ ਜਾ ਸਕਦੀਆਂ। ਹੁਣ ਨਵੇਂ ਯੁੱਗ ਦੀਆਂ ਨਵੀਂਆਂ ਤਕਨੀਕਾਂ ਆ ਗਈਆਂ। ਪੱਕੀਆਂ ਵੋਟਾਂ ਨੂੰ ਕਵਿਤਾਵਾਂ ਲਿਖਣ ਤੋਂ ਲੈਕੇ ਸੁਣਾਉਣ ਤੱਕ ਦਾ ਅਫਰੇਵਾਂ ਹੁੰਦਾ ਹੈ। ਕੋਈ ਕਵਿਤਾ ਲਿਖੇ ਤੇ ਕਿਸੇ ਨੂੰ ਸੁਣਾਵੇ ਨਾ, ਇਹ ਹੋ ਨਹੀਂ ਸਕਦਾ। ਜਦੋਂ ਤੱਕ ਉਹ ਕਵਿਤਾ ਨਾ ਸੁਣਾਵੇ ਉਸ ਦੇ ਢਿੱਡ ਵਿੱਚ ਸੂਲ ਉਠਦਾ ਰਹਿੰਦਾ।

ਹੁਣ ਇਸ ਸੂਲ ਦਾ ਪੱਕਾ ਤੇ ਸ਼ਰਤੀਆ ਇਲਾਜ ਕਰਨ ਨਵਾਂ ਜੁਗਾੜ ਕੀਤਾ ਹੈ। ਇਹ ਇਲਾਜ ਬੜਾ ਕਾਰਗਰ ਸਿੱਧ ਹੋਇਆ ਹੈ। ਇਸ ਇਲਾਜ ਦੇ ਨਾਲ ਕਵੀਆਂ ਦਾ ਸੂਲ ਵੀ ਖ਼ਤਮ ਹੋ ਗਿਆ ਤੇ ਵੋਟਾਂ ਵੀ ਪੱਕੀਆਂ ਬਣ ਰਹੀਆਂ ਨੇ। ਇਸ ਸ਼ਿਮਲੇ ਦੇ ਮਾਲ ਰੋਡ ਕਵੀ ਦਰਬਾਰ ਕਰਵਾਇਆ ਗਿਆ।

ਕਵੀਆਂ ਦੇ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਬੜੇ ਵਾਜਿਬ ਭਾਅ ਤੇ ਕੀਤਾ ਗਿਆ। ਦਿਨ ਦਿਨ ਤੇ ਰਾਤ ਦਾ ਇਕੱਠ ਬੜਾ ਹੀ ਸਫਲ ਰਿਹਾ। ਹੁਣ ਅਗਲੀ ਵਾਰ ਇਹ ਕਵੀ ਦਰਬਾਰ ਸ਼੍ਰੀਨਗਰ ਕਰਵਾਉਣ ਦੀ ਤਿਆਰੀ ਕਰ ਲਈ ਹੈ। ਪੱਕੀਆਂ ਵੋਟਾਂ ਨੂੰ ਜੰਨਤ ਦੇ ਮੁਫਤੋ ਮੁਫ਼ਤੀ ਦਰਸ਼ਨ ਤੇ ਝੂਟੇ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

ਹੁਣ ਜਿਸ ਦੇ ਵੀ ਕਵਿਤਾ ਸੁਣਾਉਣ ਦਾ ਸੂਲ ਉਠਦਾ ਐ, ਉਹ ਹੇਠਾਂ ਦਿੱਤੇ ਲਿੰਕ ਉਤੇ ਆਪਣੀ ਇੱਛਾ ਦੱਸ ਸਕਦਾ ਹੈ। ਇਸ ਵਾਸਤੇ ਕਿਸੇ ਪਾਰਟੀ ਦਾ ਕੋਈ ਸਬੰਧ ਨਹੀਂ। ਬਸ ਉਸਦੀ ਵੋਟ ਹੋਵੇ। ਅਧਾਰ ਕਾਰਡ ਤੇ ਸੇਵਾ ਭਾਵਨਾ ਦਿਖਾਉਣ ਵਾਲੇ ਲਈ ਵੱਖਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਉਜਾਗਰ ਸਿੰਘ ਲਲਤੋਂ ਦਾ ਨਾਵਲ ਪੰਜਾਬੀ ਭਵਨ ਲੁਧਿਆਣਾ ਦੀਆਂ ਕਿਤਾਬਾਂ ਦੀਆਂ ਦੁਕਾਨਾਂ ਤੋਂ ਮਿਲ ਸਕਦਾ। ਉਸਨੂੰ ਪੜ੍ਹ ਕੇ ਪੱਕੀਆਂ ਵੋਟਾਂ ਦੇ ਫਾਇਦੇ ਦੇਖੇ ਜਾ ਸਕਦੇ ਹਨ।

 

ਇਲਤੀ ਬਾਬਾ
ਨਹਿਰ ਕਿਨਾਰਿਓਂ
ਨੀਲੋਂ ਪੁਲ
+91 94643 70823