ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਗੁਰਧਾਮ

80

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਗੁਰਧਾਮ

ਪੰਜ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਹੈ। ਸਤਲੁਜ, ਬਿਆਸ, ਰਾਵੀ, ਜਿਹਲਮ ਅਤੇ ਚਨਾਬ ਦਰਿਆਵਾਂ ਵਾਲੇ ਇਸ ਖ਼ੁਸ਼ਹਾਲ ਇਲਾਕੇ ਵਿਚ ਵੇਦਾਂ ਦੀ ਰਚਨਾ ਹੋਈ ਅਤੇ ਮੱਧ ਕਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਨੇ ਮਨੁੱਖੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਣ ਵਾਲਿਆਂ ਦਾ ਮਾਰਗ ਦਰਸ਼ਨ ਕੀਤਾ, ਪ੍ਰਕਾਸ਼ ਰੂਪ ਇਸ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਸਾਹਿਬ ਵਿਖੇ ਸਦੀਵੀ ਗੁਰੂ ਦਾ ਦਰਜਾ ਪ੍ਰਦਾਨ ਕਰ ਦਿੱਤਾ ਸੀ। ਮਹਾਂਭਾਰਤ ਅਤੇ ਸਿਕੰਦਰ ਦੇ ਹਮਲਿਆਂ ਤੋਂ ਬਾਅਦ ਇਹ ਇਲਾਕਾ ਚੰਦਰ ਗੁਪਤ ਮੌਰੀਆ, ਚੰਦਰ ਗੁਪਤ ਬਿਕਰਮਾਦਿਤਿਆ ਅਤੇ ਹੂਣ ਜਾਤੀ ਦੇ ਲੋਕਾਂ ਅਧੀਨ ਰਿਹਾ। ਇਸ ਇਲਾਕੇ ਦੀ ਖ਼ੁਸ਼ਹਾਲੀ ਨੇ ਵਿਦੇਸ਼ੀ ਹਮਲਾਵਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। 712 ਵਿਚ ਮੁਹੰਮਦ ਬਿਨ ਕਾਸਿਮ ਦੇ ਹਮਲੇ ਤੋਂ ਬਾਅਦ ਇਸ ਇਲਾਕੇ ਵਿਚ ਬਾਹਰੀ ਹਮਲਾਵਰਾਂ ਦੀਆਂ ਪੈੜਾਂ ਦਿਨੋਂ-ਦਿਨ ਪੱਕੀਆਂ ਹੁੰਦੀਆਂ ਗਈਆਂ। ਕਾਸਿਮ ਤੋਂ ਬਾਅਦ ਮਹਿਮੂਦ ਗ਼ਜ਼ਨਵੀ, ਮੁਹੰਮਦ ਗ਼ੌਰੀ ਅਤੇ ਤੈਮੂਰ ਦੇ ਹਮਲਿਆਂ ਨੇ ਇਸ ਧਰਤੀ ‘ਤੇ ਰਹਿਣ ਵਾਲਿਆਂ ਨੂੰ ਬੇਚੈਨ ਅਤੇ ਪਰੇਸ਼ਾਨ ਕਰ ਦਿੱਤਾ ਸੀ।

ਪਹਿਲਾਂ ਤਾਂ ਹਮਲਾਵਰ ਲੁੱਟ-ਖਸੁੱਟ ਕਰਕੇ ਵਾਪਸ ਚਲੇ ਜਾਂਦੇ ਸਨ ਪਰ ਸੋਲ੍ਹਵੀਂ ਸਦੀ ਵਿਚ ਬਾਬਰ ਪੰਜਾਬ ਰਾਹੀਂ ਭਾਰਤ ਵਿਚ ਦਾਖ਼ਲ ਹੋ ਕੇ ਇੱਥੋਂ ਦਾ ਬਾਦਸ਼ਾਹ ਬਣ ਗਿਆ। ਇਸ ਦੀਆਂ ਛੇ ਪੀੜ੍ਹੀਆਂ ਨੇ ਭਾਰਤ ‘ਤੇ ਰਾਜ ਕੀਤਾ ਅਤੇ ਇਹਨਾਂ ਦੇ ਸਮਕਾਲੀ ਦਸ ਗੁਰੂ ਸਾਹਿਬਾਨ ਨੇ ਧਰਮ ਅਤੇ ਸਦਾਚਾਰ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਕੀਤੀ ਅਤੇ ਇਸ ਮਾਰਗ ‘ਤੇ ਚੱਲਦੇ ਹੋਏ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਵੀ ਦਿੱਤੀ। ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਮੁਗ਼ਲ ਬਾਦਸ਼ਾਹਾਂ ਦੇ ਜਬਰ-ਜ਼ੁਲਮ ਦੀ ਗਵਾਹੀ ਦਿੰਦੀਆਂ ਹਨ। ਇਸ ਦੇ ਨਾਲ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਕੀਤੇ ਗਏ ਯੁੱਧ ਧਰਮ ਅਤੇ ਸਦਾਚਾਰ ਦੇ ਮਾਰਗ ‘ਤੇ ਚੱਲਦੇ ਹੋਏ ਜ਼ੁਲਮ ਅਤੇ ਅਨਿਆਂ ਦਾ ਟਾਕਰਾ ਕਰਨ ਦੀ ਪ੍ਰੇਰਨਾ ਪੈਦਾ ਕਰਦੇ ਹਨ। ਮੁਗ਼ਲਾਂ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹਮਲਿਆਂ ਨੇ ਇਕ ਵਾਰੀ ਫਿਰ ਪੰਜਾਬ ਅਤੇ ਭਾਰਤ ਦੇ ਲੋਕਾਂ ਦੀ ਇੱਜ਼ਤ-ਆਬਰੂ ਨੂੰ ਘੱਟੇ-ਕੌਡੀਆਂ ਵਿਚ ਰੋਲ ਦਿੱਤਾ ਜਿਸ ਨੂੰ ਠੱਲ੍ਹ ਪਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਿਆਰ ਕੀਤਾ ਗਿਆ ਖ਼ਾਲਸਾ ਪੰਥ ਅੱਗੇ ਆਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਲਾਹੀ ਬਾਣੀ ਨੂੰ ਪੰਜਾਬ ਦੇ ਪਾਣੀ ਵਿਚ ਘੋਲ ਕੇ ਜਿਹੜਾ ਅੰਮ੍ਰਿਤ ਤਿਆਰ ਕੀਤਾ ਸੀ, ਉਸ ਦਾ ਸੇਵਨ ਕਰਨ ਵਾਲਾ ਆਪਣੇ ਜੀਵਨ ਦੇ ਆਖ਼ਰੀ ਸਵਾਸ ਤੱਕ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਰਹਿੰਦਾ ਸੀ। ਪੰਜਾਬ ਦੀ ਧਰਤੀ ‘ਤੇ ਪੈਦਾ ਹੋਈ ਖ਼ਾਲਸਾ ਪੰਥ ਦੀ ਸ਼ਕਤੀ ਨੇ ਸਮੂਹ ਸਮਕਾਲੀ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। 1947 ਵਿਚ ਦੇਸ਼-ਵੰਡ ਤੋਂ ਬਾਅਦ ਪੰਜਾਬ ਦੋ ਹਿੱਸਿਆਂ, ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ, ਵਿਚ ਵੰਡਿਆ ਗਿਆ ਅਤੇ ਅਸੀਂ ਚੜ੍ਹਦੇ ਪੰਜਾਬ (ਭਾਰਤੀ ਪੰਜਾਬ) ਤੱਕ ਸੀਮਿਤ ਹੋ ਕੇ ਰਹਿ ਗਏ। 1966 ਵਿਚ ਇਹ ਪੰਜਾਬ ਫਿਰ ਵੰਡਿਆ ਗਿਆ ਅਤੇ ਅਸੀਂ ਬਿਆਸ ਅਤੇ ਸਤਲੁਜ ਤੱਕ ਸਿਮਟ ਕੇ ਇਕ ਨਵੇਂ ਪੰਜਾਬ ਦਾ ਹਿੱਸਾ ਬਣੇ। ਮੌਜੂਦਾ ਪੰਜਾਬ ਨੂੰ ਪ੍ਰਮੁੱਖ ਤੌਰ ‘ਤੇ ਤਿੰਨ ਹਿੱਸਿਆਂ ਵਿਚ ਵੰਡ ਕੇ ਦੇਖਿਆ ਜਾਂਦਾ ਹੈ – ਮਾਝਾ, ਮਾਲਵਾ ਅਤੇ ਦੁਆਬਾ। ਇਹਨਾਂ ਤਿੰਨ ਹਿੱਸਿਆਂ ਵਿਚ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਅਸਥਾਨ ਮੌਜੂਦ ਹਨ ਜਿਨ੍ਹਾਂ ਦੀ ਸੇਵਾ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਅਤੇ ਸਥਾਨਿਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੁਆਰਾ ਕੀਤੀ ਜਾ ਰਹੀ ਹੈ। ਪੰਜਾਬ ਦੇ ਮੌਜੂਦਾ ਜ਼ਿਲਿਆਂ ਦੇ ਅੱਖਰ-ਕ੍ਰਮ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ।

ਪੂਰੀ ਪੜ੍ਹਨ ਲਈ ਪੰਜਾਬ ਨਾਮਾ ਦੇ ਵੈਬ ਸਾਈਟ ਜਾਓ। ਪੰਜਾਬ ਨਾਮਾ ਦਾ ਨਵਾਂ ਅੰਕ ਆ ਗਿਆ ਹੈ। ਆਪ ਦੀ ਸਹੂਲਤ ਲਈ ਇਸ ਵਾਰ e paper ਦੀ ਸ਼ਕਲ ਵਿਚ ਉਹ ਆਪ ਦਾ ਹੇਠਾਂ ਦਿੱਤੇ ਗਏ ਪਤੇ ਉਪਰਪੰਨਾ ਨੰਬਰ 20 ‘ਤੇ ਇੰਤਜ਼ਾਰ ਕਰ ਰਿਹਾ ਹੈ।
👇👇👇👇👇👇👇👇
www. Punjabnama.com/e-paper/

Google search engine