ਪਟਿਆਲਾ 6 ਅਕਤੂਬਰ

ਮਾਲਵਾ ਰਿਸ਼ਰਚ ਸੈਂਟਰ ਪਟਿਆਲਾ (ਰਜ਼ਿ) ਅਤੇ ਗੁਰਮਤਿ ਲੋਕ ਧਾਰਾ ਵਿਚਾਰਮੰਚ ਪਟਿਆਲਾ ਵੱਲੋਂ ਭਾਸ਼ਾ ਭਵਨ ਪਟਿਆਲਾ ਵਿਖੇ ਬਹੁਤ ਪ੍ਰਭਾਵਸ਼ਾਲੀ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਸਮਾਗਮ ਦੇ ਮੁੱੱਖ ਮਹਿਮਾਨ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ, ਵਿਸ਼ੇਸ਼ ਮਹਿਮਾਨ ਡਾ. ਵੀਰਪਾਲ ਕੌਰ ਸਯੁੰਕਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਉਨ੍ਹਾਂ ਨਾਲ ਡਾ. ਤੇਜਵੰਤ ਮਾਨ ਪੰਜਾਬੀ ਸਾਹਿਤ ਰਤਨ, ਡਾ. ਹਰਕੇਸ ਸਿੰਘ ਸਿੱਧੂ ਆਈ.ਏ.ਐਸ. (ਰਿਟਾ.) ਤੇ ਡਾ. ਭਗਵੰਤ ਸਿੰਘ ਮੁੱਖ ਸੰਪਾਦਕ ਜਾਗੋ ਇੰਟਰਨੈਸ਼ਨਲ ਮੰਚ ਤੇ ਸ਼ੁਸ਼ੋਭਿਤ ਸਨ। ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵਚਿੰਤਕ ਨੇ ਕੀਤੀ। ਸਮਾਗਮ ਵਿੱਚ ਪੰਜਾਬ ਤੇ ਪੰਜਾਬੀਆਂ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨਦੇਹੀ ਕੀਤੀ ਗਈ। The trend of putting money above religion seems to be getting stronger among PunjabisÍ

ਇਸ ਅਵਸਰ ਤੇ ਬੋਲਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ “ਭਾਵੇਂ ਆਪਣੀ ਆਰਥਿਕਤਾ ਨੂੰ ਤਬਾਹ ਹੋਣ ਤੋਂ ਬਚਾਉਣਾ, ਆਪਣੀ ਸਮਾਜਿਕ ਸਥਿਰਤਾ ਨੂੰ ਕਾਇਮ ਰੱਖਣਾ, ਅਤੇ ਵਾਤਾਵਰਣ ਨੂੰ ਪਲੀਤ ਹੋਣ ਅਤੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ ਸਭ ਪੰਜਾਬ ਅਤੇ ਪੰਜਾਬੀਆਂ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਹਨ ਪ੍ਰੰਤੂ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੀ ਸਭਿਆਚਾਰਿਕ ਹੌਂਦ ਅਤੇ ਵਿਲੱਖਣਤਾ ਨੂੰ ਕਾਇਮ ਰੱਖਣਾ ਹੈ, ਸਭਿਆਚਾਰ ਤੋਂ ਬਿਨਾਂ ਨੈਤਿਕਤਾ ਕਾਇਮ ਨਹੀਂ ਰਹਿ ਸਕਦੀ ਅਤੇ ਨੈਤਿਕਤਾ ਹੀ ਧਰਮ ਦਾ ਮੁੱਖ ਪੱਖ ਹੈ। ਸਾਡੇ ਗੁਰੂਆਂ ਤੇ ਪੀਰਾਂ ਨੇ ਹਜ਼ਾਰਾਂ ਸਾਲਾਂ ਦੀ ਘਾਲਣਾ ਪਿੱਛੋਂ ਇਹ ਹੀ ਨਚੌੜ ਕੱਢਿਆ ਹੈ ਕਿ ਧਰਮ ਹੀ ਜੀਵਨ ਦਾ ਅਧਾਰ ਹੈ। ਅੱਜ ਪੰਜਾਬੀਆਂ ਵਿੱਚ ਪੈਸੇ ਨੂੰ ਧਰਮ ਤੋਂ ਉੱਪਰ ਰੱਖਣ ਦੀ ਪ੍ਰਵਿਰਤੀ ਪ੍ਰਬਲ ਹੁੰਦੀ ਨਜ਼ਰ ਆ ਰਹੀ ਹੈ।

ਗੁਰਤੇਜ ਸਿੰਘ ਆਈ.ਏ.ਐਸ. (ਰਿਟਾ.) ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਰਾਜਸਥਾਨ ਭੇਜਿਆ ਜਾ ਰਿਹਾ ਹੈ। ਇਹ ਪਰਵਾਸ ਦਾ ਇੱਕ ਕਾਰਨ ਬਣਦਾ ਹੈ। ਉਨ੍ਹਾਂ ਨੇ ਸਾਂਝੇ ਪੰਜਾਬ ਵਾਸਤੇ ਅਰਦਾਸ ਕਰਨ ਦੀ ਅਰਜੋਈ ਕੀਤੀ।

ਡਾ. ਤੇਜਵੰਤ ਮਾਨ ਪੰਜਾਬੀ ਸਾਹਿਤ ਰਤਨ ਨੇ ਪੰਜਾਬ ਦੇ ਸਾਂਝੇ ਹਿੱਤਾਂ ਦੀ ਗੱਲ ਕਰਦੇ ਹੋਏ ਗੁਰਮਤਿ ਵਿਚਾਰਧਾਰਾ ਅਨੁਸਾਰ ਪੰਜਾਬ ਦੀਆਂ ਸੱਮਸਿਆਵਾਂ ਨੂੰ ਹੱਲ ਕਰਨ ਤੇ ਜ਼ੋਰ ਦਿੱਤਾ। ਡਾ. ਹਰਕੇਸ਼ ਸਿੰਘ ਸਿੱਧੂ ਆਈ.ਏ.ਐਸ. (ਰਿਟਾ.) ਨੇ ਪੰਜਾਬ ਨੂੰ ਗੰਭੀਰ ਚੁਣੌਤੀਆਂ ਬਾਰੇ ਰਾਜਸੀ ਲੀਡਰਸ਼ਿਪ ਨੂੰ ਜੁੰਮੇਵਾਰ ਠਹਿਰਾਇਆ ਹੈ।

ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਅੱਜ ਪੰਜਾਬ ਅਤੇ ਪੰਜਾਬੀਆਂ ਨੂੰ ਆਰਥਿਕ, ਸਮਾਜਿਕ, ਸਭਿਆਚਾਰਿਕ, ਨੈਤਿਕ ਅਤੇ ਵਾਤਾਵਰਣ ਨੂੰ ਸੰਭਾਲਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀ ਜੀ.ਡੀ.ਪੀ.(ਕੁੱਝ ਘਰੇਲੂ ਉਤਪਾਦਨ) ਅਤੇ ਪਰ ਕੈਪੀਟਾ ਇਨਕਮ (ਜੀਅ ਪ੍ਰਤੀ ਆਮਦਨ) ਦੂਜੇ ਰਾਜਾਂ ਦੀ ਤੁਲਨਾ ਵਿੱਚ ਥੱਲੇ ਜਾ ਰਹੇ ਹਨ। ਪੰਜਾਬ ਵਿੱਚ ਵੱਡੇ ਪੱਧਰ ਤੇ ਪਰਵਾਸ ਅਤੇ ਅਵਾਸ ਕਾਰਨ ਬਹੁਤ ਤੇਜ਼ੀ ਨਾਲ ਵਸੋਂ ਦਾ ਬਦਲਾਅ ਹੋ ਰਿਹਾ ਹੈ ਜੋ ਕਿ ਸਮਾਜਿਕ ਅਸਥਿਰਤਾ ਪੈਦਾ ਕਰ ਰਿਹਾ ਹੈ ਜੇ ਮੌਜੂਦਾ ਪਰਵਾਸ ਅਤੇ ਅਵਾਸ ਦੇ ਰੁਝਾਨ ਕਾਇਮ ਰਹੇ ਤਾਂ ਪੰਜਾਬੀ ਪੰਜਾਬ ਵਿੱਚ ਘੱਟ ਗਿਣਤੀ ਬਣ ਸਕਦੇ ਹਨ।

ਪੰਜਾਬੀ ਸੱਭਿਆਚਾਰ ਇੱਕ ਵਿਲੱਖਣ ਸਭਿਆਚਾਰ ਵੱਜ਼ੋਂ ਵਿਕਸਿਤ ਹੋਇਆ ਹੈ। ਭਾਰਤੀ ਉਪਮਹਾਂਦੀਪ ਵਿੱਚ ਦੋ ਵੱਡੀਆਂ ਸਭਿਆਤਾਵਾਂ ਵਿਕਸਿਤ ਹੋਈਆਂ ਹਨ। ਸਿੰਧੂ ਘਾਟੀ ਦੀ ਸਭਿਅਤਾ ਅਤੇ ਗੰਗਾ ਜਮੁਨਾ ਸਭਿਅਤਾ, ਪੰਜਾਬੀ ਸਭਿਆਚਾਰ ਨੇ ਇਨ੍ਹਾਂ ਦੋਨਾਂ ਵਿੱਚ ਪੁੱਲ ਦਾ ਕੰਮ ਕੀਤਾ ਹੈ, ਵੱਡੇ ਪੱਧਰ ਤੇ ਹੋ ਰਹੇ ਪਰਵਾਸ ਅਤੇ ਆਵਾਸ ਕਾਰਨ ਪੰਜਾਬ ਵਿੱਚ ਹੀ ਪੰਜਾਬੀ ਘੱਟ ਗਿਣਤੀ ਹੋਣ ਜਾ ਰਹੇ ਹਨ। ਇਸ ਸਥਿਤੀ ਵਿੱਚ ਪੰਜਾਬ ਦੀ ਸਭਿਆਚਾਰਕ ਵਿਲੱਖਣਤਾ ਵੀ ਖਤਮ ਹੋ ਜਾਏਗੀ। ਵੱਸੋਂ ਦੇ ਤੇਜ਼ੀ ਨਾਲ ਬਦਲਾਅ ਕਾਰਨ ਸਮਾਜਿਕ ਅਸਥਿਰਤਾ ਉਪਜਦੀ ਹੈ ਅਤੇ ਸਮਾਜਿਕ ਅਸਥਿਰਤਾ ਵੀ ਸਭਿਆਚਾਰਿਕ ਅਤੇ ਕਦਰਾਂ ਕੀਮਤਾ ਦੇ ਖੋਰੇ ਨੂੰ ਜਨਮ ਦਿੰਦੀ ਹੈ। ਸਮਾਜਿਕ ਅਸਥਿਰਤਾ ਅਤੇ ਸਭਿਆਚਾਰਕ ਸੰਕਟ ਵਿੱਚੋਂ ਅਨੈਤਿਕਤਾ ਜਨਮ ਲੈਂਦੀ ਹੈ। ਸਮਾਜਿਕ ਅਸਥਿਰਤਾ ਅਤੇ ਸਭਿਆਚਾਰਿਕ ਸੰਕਟ ਸਾਡਾ ਆਪਣੀ ਮਿੱਟੀ ਨਾਲ ਮੋਹ ਖਤਮ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਦੇਸ਼ ਪ੍ਰੇਮ ਅਤੇ ਲੋਕ ਹਿੱਤਾਂ ਦੀਆਂ ਗੱਲਾਂ ਕਰਨਾ ਅਰਥਹੀਣ, ਢੌਂਗ ਅਤੇ ਦਿਖਾਵਾ ਹੀ ਰਹਿ ਜਾਂਦੀਆਂ ਹਨ।

ਇਸ ਮੌਕੇ ਤੇ ਸ. ਗੁਰਤੇਜ ਸਿੰਘ ਆਈ.ਏ.ਐਸ., ਡਾ. ਨਾਬੀਲਾ ਰਹਿਮਾਨ ਵਾਈਸ ਚਾਂਸਲਰ, ਝੰਗ ਯੂਨੀਵਰਸਿਟੀ (ਪਾਕਿਸਤਾਨ), ਪ੍ਰੋ. ਹਰਵਿੰਦਰ ਸਿੰਘ ਭੱਟੀ, ਸ. ਬਚਿੱਤਰ ਸਿੰਘ ਗਰਚਾ ਆਰਗੈਨਿਕ ਫਾਰਮਰ, ਸੰਤ ਬਾਬਾ ਜਗਤਾਰ ਸਿੰਘ ਸਕੱਤਰ, ਨਿਰਮਲਾ ਪੰਚਾਇਤੀ ਅਖਾੜਾ, ਕਨਖਲ, ਹਰਿਦੁਆਰ, ਡਾ. ਸਵਪਨਜੀਤ ਕੌਰ ਕੁਲਾਰ ਸਹਾਇਕ ਸਿਵਲ ਸਰਜਨ, ਫਤਿਹਗੜ੍ਹ ਸਾਹਿਬ, ਸ਼੍ਰੀ ਮੇਘਚੰਦ ਸ਼ੇਰਮਾਜ਼ਰਾ, ਚੇਅਰਮੈਨ, ਇੰਪਰੂਵਮੈਂਟ ਟਰੱਸਟ, ਪਟਿਆਲਾ, ਸ. ਦਰਸ਼ਨ ਸਿੰਘ ਖੋਖਰ ਸੀਨੀਅਰ ਪੱਤਰਕਾਰ, ਸ. ਅਮਨਪ੍ਰੀਤ ਸਿੰਘ ਭਾਟੀਆਂ ਐਡਵੋਕੇਟ, ਸ. ਏ.ਐਸ. ਰਾਏ ਆਈ.ਪੀ.ਐਸ., ਏ.ਡੀ.ਜੀ.ਪੀ. ਨੂੰ ਸਨਮਾਨਿਤ ਕੀਤਾ ਗਿਆ।

ਡਾ. ਵੀਰਪਾਲ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਨੇ ਵਿਭਾਗੀ ਪ੍ਰਕਾਸ਼ਨਾਵਾਂ ਦੇ ਸੈਟ ਸੰਤ ਸੀਚੇਵਾਲ ਨੂੰ ਭੇਂਟ ਕੀਤੇ। ਪ੍ਰਗਟ ਸਿੰਘ ਦੀ ਨਿਰਦੇਸ਼ਨਾਂ ਹੇਠ ਫੀਲਖਾਨਾ ਸਕੂਲ ਦੇ ਬੱਚਿਆਂ ਦੁਆਰਾ ਸ਼ਬਦ ਗਾਇਨ ਨਾਲ ਆਰੰਭ ਹੋਏ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਜਿਨ੍ਹਾਂ ਵਿੱਚ ਨਿਹਾਲ ਸਿੰਘ, ਸੁਖਮਿੰਦਰ ਸੇਖੋਂ, ਚਮਕੌਰ ਸਿੰਘ ਚਹਿਲ, ਡਾ. ਲਕਸ਼ਮੀ ਨਰਾਇਣ ਭੀਖੀ, ਦਰਬਾਰਾ ਸਿੰਘ ਢੀਂਡਸਾ, ਗੁਰਨਾਮ ਸਿੰਘ, ਜਗਦੀਪ ਸਿੰਘ ਐਡਵੋਕੇਟ, ਕੁਲਵੰਤ ਸਿੰਘ ਨਾਰੀਕੇ, ਪ੍ਰਿੰਸੀਪਲ ਦਰਸ਼ਨ ਸਿੰਘ, ਏ.ਪੀ. ਸਿੰਘ, ਬਚਨ ਸਿੰਘ ਗੁਰਮ, ਡਾ. ਰਕੇਸ਼ ਸ਼ਰਮਾ, ਪਾਲ ਸਿੰਘ ਨੋਲੀ, ਪੀ.ਸੀ. ਜੋਸ਼ੀ, ਜਰਨੈਲ ਸਿੰਘ ਪ੍ਰਿੰਸੀਪਲ, ਐਮ.ਐਸ. ਜੱਗੀ, ਚਰਨ ਸਿੰਘ ਬੰਬੀਹਾ, ਜਸਵੰਤ ਸਿੰਘ ਅਸਮਾਨੀ, ਲੱਛਮਣ ਤਰੋਰਾ, ਗੁਰਚਰਨ ਸਿੰਘ ਚੌਹਾਨ, ਨਾਹਰ ਸਿੰਘ ਪੀ.ਪੀ.ਐਸ. ਜਸ਼ਪਾਲ ਹਾਂਡਾ ਆਦਿ ਵਰਨਣਯੋਗ ਹਨ।

ਸਮਾਗਮ ਦੇ ਅੰਤ ਵਿੱਚ ਸ਼੍ਰੀ 108 ਸਵਾਮੀ ਡਾ. ਈਸ਼ਵਰਦਾਸ ਸਿੰਘ ਮਹਾਂਮਡਲੇਸ਼ਵਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਭ ਦਾ ਧੰਨਵਾਦ ਕੀਤਾ। ਇਸ ਸਮਗਾਮ ਵਿੱਚ ਜਗਦੀਪ ਸਿੰਘ ਤੇ ਗੁਰਨਾਮ ਸਿੰਘ ਨੇ ਆਏ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਮੰਚ ਸੰਚਾਲਨ ਡਾ. ਭਗਵੰਤ ਸਿੰਘ ਨੇ ਕੀਤਾ। ਇਹ ਸਮਾਗਮ ਆਪਣੀ ਵਿਲੱਖਣਤਾ ਦੇ ਕਾਰਨ ਬਹੁਤ ਪ੍ਰਭਾਵਸ਼ਾਲੀ ਹੋ ਨਿਬੜਿਆ।