ਇੱਕ ਕੈਦੀ  ਸਮੇਤ ਦੋ ਮੁਲਜ਼ਮ ਗਿ੍ਫਤਾਰ : 10 ਵਿਦੇਸ਼ੀ ਪਿਸਤੌਲ ਵੀ ਕੀਤੇ ਬਰਾਮਦ 

 

ਚੰਡੀਗੜ/ਅੰਮਿ੍ਤਸਰ, 5 ਅਕਤੂਬਰ:

 

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁਨ ਜੰਗ ਤਹਿਤ ਇੱਕ ਹੋਰ ਸਫਲਤਾ ਹਾਸਲ  ਕਰਦਿਆਂ ਪੰਜਾਬ ਪੁਲਿਸ ਨੇ  ਬੁੱਧਵਾਰ ਨੂੰ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ , ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।PUNJAB POLICE BUSTS DRONE-BASED ARMS SMUGGLING MODULE
ਗਿ੍ਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਭਿੱਖੀਵਿੰਡ ਦੇ ਜਸਕਰਨ ਸਿੰਘ, ਜੋ ਇਸ ਸਮੇਂ ਸਬ-ਜੇਲ ਗੋਇੰਦਵਾਲ ਸਾਹਿਬ ਵਿੱਚ ਬੰਦ ਹੈ ਅਤੇ ਰਤਨਬੀਰ ਸਿੰਘ ਵਾਸੀ ਤਰਨਤਾਰਨ, ਖੇਮਕਰਨ ਜਮਾਨਤ ’ਤੇ ਰਿਹਾਅ ਹੈ, ਵਜੋਂ ਹੋਈ ਹੈ । ਪੁਲਿਸ ਨੇ ਦੋਵਾਂ ਕੋਲੋਂ  ਪੰਜ .30 ਬੋਰ (ਚਾਈਨਾ ਵਿੱਚ ਬਣੇ) ਅਤੇ ਪੰਜ 9 ਐਮਐਮ (ਯੂਐਸਏ ਅਧਾਰਤ ਬਰੇਟਾ ) ਸਮੇਤ 10 ਵਿਦੇਸ਼ੀ ਪਿਸਤੌਲਾਂ ਅਤੇ 8 ਸਪੇਅਰ ਮੈਗਜੀਨਾਂ ਤੋਂ ਇਲਾਵਾ ਜਸਕਰਨ ਵੱਲੋਂ ਆਪਣੀ ਬੈਰਕ ਵਿੱਚ ਛੁਪਾਇਆ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ।

 

ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮਿ੍ਰਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜਮ ਜਸਕਰਨ ਸਿੰਘ ਨੂੰ ਐਨਡੀਪੀਐਸ ਐਕਟ ਨਾਲ ਸਬੰਧਤ ਇੱਕ ਕੇਸ, ਜੋ ਅਗਸਤ 2022 ਵਿੱਚ ਐਸਐਸਓਸੀ ਅੰਮਿ੍ਰਤਸਰ ਵਿਖੇ ਦਰਜ ਕੀਤਾ ਗਿਆ ਸੀ , ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ ।

 

ਪੁੱਛਗਿੱਛ ਦੌਰਾਨ, ਦੋਸ਼ੀ ਜਸਕਰਨ ਨੇ ਕਬੂਲਿਆ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ / ਗੋਲੀ ਸਿੱਕੇ ਦੀ ਤਸਕਰੀ ਸਬੰਧੀ ਵਟਸਐਪ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੰਪਰਕ ਕਰਨ ਲਈ ਜੇਲ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ।

 

ਏਆਈਜੀ ਨੇ ਦੱਸਿਆ ਕਿ ਇਸ ਮੰਤਵ ਲਈ ਮੁਲਜਮ ਰਤਨਬੀਰ ਦੀ ਮਦਦ ਲੈ ਰਿਹਾ ਸੀ, ਜੋ ਵੱਖ-ਵੱਖ ਸਰਹੱਦੀ ਇਲਾਕਿਆਂ ਤੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਖੇਪਾਂ ਨੂੰ ਹਾਸਲ ਕਰਦਾ ਸੀ। ਜਿਕਰਯੋਗ ਹੈ ਕਿ ਰਤਨਬੀਰ ਵੀ ਜਸਕਰਨ ਸਿੰਘ ਨਾਲ ਐਨਡੀਪੀਐਸ ਦੇ ਕਈ ਕੇਸਾਂ ਵਿੱਚ ਸਹਿ-ਮੁਲਜਮ ਹੈ।

 

ਉਨਾਂ ਦੱਸਿਆ ਕਿ ਮੁਲਜਮ ਜਸਕਰਨ ਵੱਲੋਂ ਤਰਨਤਾਰਨ-ਫਿਰੋਜਪੁਰ ਰੋਡ ’ਤੇ ਸਥਿਤ ਪਿੰਡ ਪਿੱਧੀ ਵਿਖੇ ਦੱਸੇ ਟਿਕਾਣੇ ਤੋਂ ਪੰਜ .30 ਬੋਰ ਦੇ ਪਿਸਤੌਲ ਅਤੇ ਚਾਰ ਵਾਧੂ ਮੈਗਜੀਨਾਂ ਸਮੇਤ ਇੱਕ ਖੇਪ ਬਰਾਮਦ ਕੀਤੀ ਗਈ ਹੈ, ਜਿਸ ਨੂੰ ਰਤਨਬੀਰ ਵੱਲੋਂ 28 ਅਤੇ 29 ਸਤੰਬਰ, 2022  ਦੀ ਦਰਮਿਆਨੀ ਰਾਤ ਨੂੰ ਛੁਪਾਇਆ ਗਿਆ ਸੀ।

 

ਏ.ਆਈ.ਜੀ.ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਸਕਰਨ ਵੱਲੋਂ ਦਿੱਤੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੀਆਂ ਪੁਲਿਸ ਟੀਮਾਂ ਨੇ ਰਤਨਬੀਰ ਨੂੰ ਖੇਮਕਰਨ ਤੋਂ ਗਿ੍ਫਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਸਦੇ ਖੁਲਾਸੇ ‘ਤੇ 9 ਐਮਐਮ ਦੇ ਪੰਜ ਹੋਰ ਪਿਸਤੌਲਾਂ ਸਮੇਤ ਚਾਰ ਵਾਧੂ ਮੈਗਜੀਨ ਬਰਾਮਦ ਕੀਤੇ ਹਨ, ਜੋ ਕਿ ਉਸ ਨੇ ਖੇਮਕਰਨ ਦੇ ਪਿੰਡ ਮਾਛੀਕੇ ਵਿਖੇ ਡਰੇਨ ਨੇੜੇ ਛੁਪਾਏ ਹੋਏ ਸਨ।

 

ਜ਼ਿਕਰਯੋਗ ਹੈ ਕਿ ਥਾਣਾ ਐਸ.ਐਸ.ਓ.ਸੀ ਅੰਮਿ੍ਰਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 30 ਮਿਤੀ 04.10.2022 ਨੂੰ ਦਰਜ ਕਰ ਲਿਆ ਗਿਆ ਹੈ।