ਵਿਦਿਆਰਥੀਆਂ ਨੂੰ ਪੜਾਉਣ ਲਈ ਪੰਜਾਬੀ ਸਮੇਤ 14 ਭਾਸ਼ਾਵਾਂ ’ਚ ਸ਼ੁਰੂ ਹੋਣਗੇ 200 TV Channels

ਨਵੀਂ ਦਿੱਲੀ : ਸਾਰਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਾਉਣ ਲਈ ਤਜਵੀਜ਼ਸ਼ੁਦਾ 200 ਨਵੇਂ ਟੈਲੀਵਿਜ਼ਨ (TV) ਚੈਨਲ ਸ਼ੁਰੂ ਕਰਨ ਦੀ ਰੂਪਰੇਖਾ ਲਗਪਗ ਤਿਆਰ ਹੋ ਗਈ ਹੈ। ਇਹ ਚੈਨਲ ਫ਼ਿਲਹਾਲ 14 ਮੁੱਖ ਭਾਸ਼ਾਵਾਂ ’ਚ ਸ਼ੁਰੂ ਹੋਣਗੇ। ਇਸ ਦੌਰਾਨ ਹਰੇਕ ਜਮਾਤ ਲਈ ਇਕ ਸਮਰਪਿਤ ਚੈਨਲ ਹੋਵੇਗਾ ਜਿਹਡ਼ਾ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਤਕ ਸਾਰਿਆਂ ਲਈ ਹੋਵੇਗਾ। ਇਨ੍ਹਾਂ ’ਚੋਂ ਕਰੀਬ 200 ਚੈਨਲਾਂ ਨੂੰ ਇਸੇ ਸਾਲ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਸਿੱਖਿਆ ਮੰਤਰਾਲਾ ਇਸ ਸਬੰਧੀ ਤਿਆਰੀਆਂ ’ਚ ਲੱਗ ਗਿਆ ਹੈ। ਕੰਟੈਂਟ ਤਿਆਰ ਕਰਨ ਲਈ ਨਿੱਜੀ ਕੰਪਨੀਆਂ ਦੀ ਵੀ ਮਦਦ ਲਈ ਜਾ ਰਹੀ ਹੈ।

ਸਿੱਖਿਆ ਮੰਤਰਾਲੇ ਮੁਤਾਬਕ, ਫ਼ਿਲਹਾਲ ਜਿਹਡ਼ੀ ਰੂਪਰੇਖਾ ਤਿਆਰ ਕੀਤੀ ਗਈ ਹੈ, ਉਸ ’ਚ ਬੱਚਿਆਂ ਨੂੰ ਪਡ਼੍ਹਾਉਣ ਲਈ ਅਜਿਹੀਆਂ ਸਾਰੀਆਂ ਭਾਸ਼ਾਵਾਂ ’ਚ ਚੈਨਲ ਸ਼ੁਰੂ ਕੀਤੇ ਜਾਣਗੇ ਜਿਨ੍ਹਾਂ ’ਚ ਹਾਲੇ ਪਡ਼੍ਹਾਈ ਹੋ ਰਹੀ ਹੈ। ਨਾਲ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੀ ਉਨ੍ਹਾਂ ਭਾਸ਼ਾਵਾਂ ’ਚ ਕਰਵਾਈਆਂ ਜਾ ਰਹੀਆਂ ਹਨ।

ਇਸ ਤਹਿਤ ਜਿਨ੍ਹਾਂ 14 ਭਾਸ਼ਾਵਾਂ ਨੂੰ ਚਿੰਨ੍ਹਿਤ ਕੀਤਾ ਗਿਆ, ਉਨ੍ਹਾਂ ’ਚ ਹਿੰਦੀ ਤੇ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ, ਅਸਮੀਆ, ਬਾਂਗਲਾ, ਓਡੀਸ਼ਾ, ਗੁਜਰਾਤੀ, ਮਰਾਠੀ, ਤੇਲਗੂ, ਤਮਿਲ, ਕੰਨਡ਼, ਮਲਿਆਲਮ, ਉਰਦੂ ਤੇ ਸੰਸਕ੍ਰਿਤ ਹੋਵੇਗੀ। ਹਾਲਾਂਕਿ ਸੂਬਿਆਂ ਦੀ ਮੰਗ ਦੇ ਆਧਾਰ ’ਤੇ ਇਨ੍ਹਾਂ ’ਚ ਕੁਝ ਹੋਰ ਭਾਸ਼ਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਉਂਜ ਵੀ ਸਰਕਾਰ ਦਾ ਫੋਕਸ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਅੱਗੇ ਵਧਾਉਣ ’ਤੇ ਹੈ। ਇਸ ਦੀ ਸਿਫ਼ਾਰਸ਼ ਨਵੀਂ ਰਾਸ਼ਟਰੀ ਸਿੱਖਿਆ ਨੀਤੀ ’ਚ ਵੀ ਪ੍ਰਮੁੱਖਤਾ ਨਾਲ ਕੀਤੀ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਵੀ ਹਾਲ ਹੀ ’ਚ ਭਾਸ਼ਾਵਾਂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਸਾਫ਼ ਕੀਤਾ ਸੀ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਸਾਡੀ ਰਾਸ਼ਟਰੀ ਭਾਸ਼ਾ ਹੈ। ਸਾਰੀਆਂ ਭਾਸ਼ਾਵਾਂ ’ਚ ਪਡ਼੍ਹਾਈ ਦੇ ਬਰਾਬਰ ਮੌਕੇ ਮਿਲਣਗੇ।