ਸਮਾਜਿਕ ਸੁਰੱਖਿਆ ਵਿਭਾਗ ਵੱਲੋਂ “ਉਡਾਰੀਆਂ”-ਬਾਲ ਵਿਕਾਸ ਮੇਲੇ ਦੀ ਤਿਆਰੀ ਸਬੰਧੀ ਆਨਲਾਈਨ ਵੈਬੀਨਾਰ ਆਯੋਜਿਤ

ਚੰਡੀਗੜ੍ਹ, 10 ਨਵੰਬਰ

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ “ਉਡਾਰੀਆਂ”-ਬਾਲ ਵਿਕਾਸ ਮੇਲਾ ਹਫਤਾ ਸੂਬੇ ਭਰ ਦੇ ਪਿੰਡਾਂ ਦੇ ਆਂਗਣਵਾੜੀ ਸੈਂਟਰਾਂ ਵਿੱਚ  14 ਤੋਂ 20 ਨਵੰਬਰ 2022 ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਆਂਗਣਵਾੜੀ ਸੈਂਟਰਾਂ ‘ਚ ਹਫਤੇ ਦੇ ਹਰ ਦਿਨ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਉਡਾਰੀਆਂ-ਬਾਲ ਵਿਕਾਸ ਮੇਲੇ ਲਈ “ਹਰ ਮਾਪੇ, ਹਰ ਗਲੀ, ਹਰ ਪਿੰਡ ਦੀ ਇੱਕੋ ਆਵਾਜ਼ ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ” ਸਲੋਗਨ ਜ਼ਾਰੀ ਕੀਤਾ ਗਿਆ ਹੈ।PUNJAB GOVERNMENT TO ORGANISE “UDARIYAN-BAL VIKAS MELA” FROM NOVEMBER 14, DR. BALJIT KAUR

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਡਾਰੀਆਂ ਬਾਲ ਵਿਕਾਸ ਮੇਲੇ ਲਈ ਵਿਭਾਗ ਵੱਲੋਂ ਇਸ ਹਫ਼ਤੇ ਦੇ ਸਾਰੇ ਦਿਨ ਵਿਸ਼ੇਸ਼ ਤੌਰ ਤੇ ਮਨਾਏ ਜਾਣਗੇ। 14 ਤੇ 15 ਨਵੰਬਰ ਨੂੰ ਸਥਾਨਕ ਐਨ.ਜੀ.ਓ’ਜ਼ ਵੱਲੋਂ ਬੱਚਿਆਂ ਦੇ ਪੋਸ਼ਣ ਸਬੰਧੀ ਜਾਗਰੂਕਤਾ ਅਤੇ ਫੰਡ ਇਕੱਠੇ ਕਰਨਾ, 16 ਨਵੰਬਰ ਨੂੰ ਪੰਜਾਬ ਸਰਕਾਰ ਦੇ ਵਿਸ਼ੇਸ ਸੰਦੇਸ਼ ਨਾਲ ਸਾਰੀਆਂ ਆਂਗਣਵਾੜੀਆਂ ਵਿੱਚ ਬਾਲ ਵਿਕਾਸ ਮੇਲੇ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਹੋਵੇਗੀ, 17 ਨਵੰਬਰ ਨੂੰ ਪੋਸ਼ਣ ਦਿਨ, 18 ਨਵੰਬਰ ਨੂੰ ਦਾਦਾ-ਦਾਦੀ, ਨਾਨਾ-ਨਾਨੀ ਦਿਨ ਵਜੋ ਮਨਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 19 ਨਵੰਬਰ ਨੂੰ ਬਾਲ ਸਰਪੰਚ ਦਿਨ ਅਤੇ 20 ਨਵੰਬਰ ਨੂੰ ਸਕਾਰਾਤਮਕ ਪਾਲਣ-ਪੋਸ਼ਣ ਦਿਨ ਮਨਾਇਆ ਜਾਵੇਗਾ।

ਡਾ.ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਡਾਰੀਆਂ ਬਾਲ ਵਿਕਾਸ ਮੇਲੇ ਲਈ ਵਿਭਾਗ ਵੱਲੋਂ ਇਸ ਹਫ਼ਤੇ ਦੇ ਸਾਰੇ ਦਿਨਾਂ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਵੈਬੀਨਾਰ ਵਿੱਚ ਡੀ.ਡੀ.ਪੀ.ਓ’ਜ਼ ਤੇ ਸੀ.ਡੀ.ਪੀ.ਓਜ਼, ਸੁਪਰਵਾਇਜ਼ਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਸਬੰਧੀ ਜਾਣੂ ਕਰਵਾਇਆ ਗਿਆ।

ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੱਚਿਆ ਦੇ ਮਾਪੇ, ਦਾਦਾ-ਦਾਦੀ ਅਤੇ ਆਮ ਲੋਕਾਂ ਦੀ ਮਦਦ ਨਾਲ ਬਾਲ ਵਿਕਾਸ ਹਫਤਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਬੱਚੇ ਦੇ ਪੋਸ਼ਣ, ਖੇਡ ਅਤੇ ਕਹਾਣੀ ਅਧਾਰਤ ਵਿਕਾਸ, ਸੁਰੱਖਿਆ ਅਤੇ ਸਾਧਨ ਅਤੇ ਸਕਾਰਾਤਮਕ ਪਾਲਣ-ਪੋਸ਼ਣ ਲਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪੂਰੇ ਹਫ਼ਤੇ ਦੌਰਾਨ ਬੱਚਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਕੇ, ਬੱਚੇ ਦੇ ਮਾਹੌਲ ਵਿੱਚ ਸੁਧਾਰ ਕਰਕੇ ਹਰ ਬੱਚੇ ਦੇ ਵਿਕਾਸ ਦਾ ਉਪਰਾਲਾ ਕੀਤਾ ਜਾਵੇਗਾ।