ਜਦੋਂ ਮੈਂ ਅਤੀਤ ਵੱਲ ਵੇਖਦਾ ਹਾਂ ਤਾਂ ਮੈਨੂੰ ਅੱਤ ਦੀ ਗਰਮੀ ਦੇ ਵਿੱਚ ਕਾਂਬਾ ਲੱਗਣ ਲੱਗ ਦਾ ਹੈ। ਮੇਰੇ ਸਾਹਮਣੇ ਲ਼ਹੂ ਨਾਲ ਲਿਬੜੀਆਂ ਅਖਬਾਰਾਂ ਤੇ ਸ਼ਮਸ਼ਾਨ ਘਾਟ ਵਿੱਚ ਸੜਦੀਆਂ ਲਾਸ਼ਾਂ ਤੇ ਸੱਥਾਂ ਵਿੱਚ ਰੁਲਦੀਆਂ ਪੱਗਾਂ ਤੇ ਚੁੰਨੀਆਂ ਆ ਜਾਂਦੀਆਂ ਹਨ।

ਮੈਂ ਡਰ ਨਾਲ ਕੰਬਣ ਲੱਗਦਾ ਹਾਂ। ਫਿਰ ਸੁਰਤ ਸਿਰ ਹੋ ਕੇ ਸੋਚਦਾ ਹਾਂ ਕਿ ਪੰਜਾਬ ਦੀ ਧਰਤੀ ਨੂੰ ਪਤਾ ਨਹੀਂ ਵਰ ਹੈ ਜਾਂ ਸਰਾਪ, ਇਹ ਦੋ ਤਿੰਨ ਦਹਾਕੇ ਬਾਅਦ ਸੁਲਗਣ ਲੱਗਦੀ ਹੈ। ਪੰਜਾਬ ਦੇ ਪੈਰਾਂ ਹੇਠ ਜਵਾਲਾਮੁਖੀ ਸੱਪ ਵਾਂਗ ਮੇਲਦਾ ਫਿਰਦਾ ਹੈ।

ਨੌਜਵਾਨ ਤਾਂ ਤਲੀ ਤੇ ਸੀਸ ਟਿਕਾ ਫਿਰ ਰਹੇ ਹਨ। ਦੁੱਖ ਇਹ ਹੈ ਕਿ ਦੁਸ਼ਮਣ ਨੇ ਲੜਾਈ ਦਾ ਰੁਖ਼ ਬਦਲ ਦਿੱਤਾ ਹੈ। ਹੁਣ ਲੋਕ ਆਪਸ ਵਿੱਚ ਲੜ ਮਰ ਰਹੇ ਹਨ। ਲੜਨਾ, ਮਰਨਾ ਤੇ ਜੇਲ੍ਹ ਕੱਟਣੀ ਪੰਜਾਬੀਆਂ ਦਾ ਸੁਭਾਅ ਬਣ ਗਿਆ ਹੈ।

ਹੁਣ ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਨੇ ਕੁੱਟ ਖਾਣ ਦਾ ਪ੍ਰਬੰਧ ਕਰ ਲਿਆ ਹੈ। ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਉਮੀਦਵਾਰਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਉਹ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਹੋਏ ਜ਼ੁਲਮ ਦਾ ਜਵਾਬ ਮੰਗਦੇ ਹਨ।

ਭਾਜਪਾ ਕਿਸਾਨ ਮਜ਼ਦੂਰ ਅੰਦੋਲਨ ਦੀ ਜਿੱਤ ਤੋਂ ਬਾਅਦ ਬੇਚੈਨ ਹੈ। ਉਹ ਬੜੇ ਚਿਰਾਂ ਤੋਂ ਇਸ ਉਡੀਕ ਵਿੱਚ ਐ ਕਿ ਉਹਨਾਂ ਦਾ ਦਾਅ ਕਿਵੇਂ ਲੱਗੇ। ਅਮਿਤ ਸ਼ਾਹ ਤਾਂ ਸਿੱਧੀ ਧਮਕੀ ਦੇ ਗਿਆ ਹੈ। ਚੋਣਾਂ ਤੋਂ ਬਾਅਦ ਪੰਜਾਬ ਨਾਲ ਕੀ ਭਾਣਾ ਵਰਤਦਾ ਹੈ,ਪਤਾ ਨਹੀਂ ।

ਪੰਜਾਬ ਦੇ ਵਿੱਚ ਇੱਕ ਵਾਰ ਫਿਰ ਧਰਮ ਦਾ ਪੱਤਾ ਖੇਡਿਆ ਜਾ ਰਿਹਾ ਹੈ। ਹੁਣ ਬੇਅਦਬੀਆਂ ਹੋਣ ਲੱਗੀਆਂ ਹਨ। ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਹਰ ਤਰੀਕਾ ਵਰਤਿਆ ਜਾ ਰਿਹਾ ਹੈ। ਵੋਟਾਂ ਪੈਣ ਦੇ ਵਿੱਚ ਇਕ ਦਿਨ ਬਾਕੀ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਮੁਕੰਮਲ

ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਪਿੰਡਾਂ ਦੇ ਵਿੱਚ ਲੋਕ ਕਿੰਨੇ ਕੁਝ ਵੋਟਾਂ ਪਾਉਣ ਨਿਕਲਦੇ ਹਨ, ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਪਰ ਸਿਆਸੀ ਪਾਰਟੀਆਂ ਨੂੰ ਡਾਢਾ ਫ਼ਿਕਰ ਪਿਆ ਹੋਇਆ ਹੈ। ਐਨੀ ਗਰਮੀ ਦੇ ਮੌਸਮ ਵਿਚ ਲੋਕ ਵੋਟਾਂ ਪਾਉਣ ਨਿਕਲਦੇ ਹਨ ਜਾਂ ਫਿਰ ਨਹੀਂ। ਇਸ ਸਮੇਂ ਸਭ ਧਿਰਾਂ ਦਾਅ ਉੱਤੇ ਲੱਗੀਆਂ ਹਨ ।

ਆਪਾਂ ਤਾਂ ਗਰਮੀ ਤੋਂ ਬਚਣ ਲਈ ਭੋਰੇ ਵਿੱਚ ਤਪੱਸਿਆ ਕਰ ਰਹੇ ਹਾਂ। ਤੁਸੀਂ ਗਰਮੀ ਦੇ ਕਿਸ ਨੂੰ ਵੋਟਾਂ ਪਾਉਣ ਚੱਲੇ ਓ? ਮੈਨੂੰ ਯਾਦ ਆਇਆ ਕਿ ਕਾਮਰੇਡ ਇੱਕ ਨਾਅਰਾ ਬੁਲੰਦ ਕਰਦੇ ਸਨ, ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ।

ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਤਾਂ ਇੱਕ ਨਹੀਂ ਹੋਏ ਪਰ ਸਰਮਾਏਦਾਰ ਇੱਕ ਹੋ ਗਏ ਹਨ। ਉਹ ਦੁਨੀਆਂ ਨੂੰ ਲੁੱਟਣ ਲਈ ਸੰਗਠਿਤ ਹਨ। ਜਿਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ, ਉਹਨਾਂ ਦੀ ਹਾਲਤ ਨੌ ਪਰੂਬੀਏ, ਅਠਾਰਾਂ ਚੁਲ੍ਹੇ,ਵਰਗੀ ਹੈ।

ਪੰਜਾਬ ਦੇ ਵਿੱਚ ਤੇਰੀ ਜ਼ਿਲ੍ਹੇ ਹਨ, ਕਿਸਾਨ ਜਥੇਬੰਦੀਆਂ ਚਾਲੀ ਹਨ, ਇਹੋ ਹਾਲ ਮਜ਼ਦੂਰਾਂ ਤੇ ਮੁਲਾਜ਼ਮ ਜਥੇਬੰਦੀਆਂ ਦਾ ਐ। ਪੰਜਾਬੀਆਂ ਨੂੰ ਕੁੱਟ ਖਾਣ ਦੀ ਆਦਤ ਪੈ ਗਈ ਹੈ ਜਾਂ ਫਿਰ ਇਹਨਾਂ ਦਾ ਡੀ ਐਨ ਏ ਬਦਲ ਦਿੱਤਾ ਹੈ? ਬਹੁਤ ਗੰਭੀਰ ਸਵਾਲ ਐ, ਜਿਸ ਦਾ ਕਿਧਰੇ ਕੋਈ ਜਵਾਬ ਨਹੀਂ ਮਿਲਦਾ।

ਪੰਜਾਬ ਦੇ ਵਿੱਚ ਜਿਸ ਤਰ੍ਹਾਂ ਧਰਮ ਦੇ ਨਾਂ ਉੱਤੇ ਇੱਕ ਵਾਰ ਲਹਿਰ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਮ ਦੇ ਨਾਂ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਧਰਮ ਦਾ ਮਹੌਲ ਬਣਾਇਆ ਜਾ ਰਿਹਾ ਹੈ ਇਹ ਸਭ ਕੁੱਝ ਕੌਣ ਕਰ ਤੇ ਕਰਵਾ ਰਿਹਾ ਹੈ?

ਇਹ ਵੀ ਪੜ੍ਹੋ : ਪੰਜਾਬ ਸੀਆ ਕਿਥੇ ਨੂੰ

ਲੋਕ ਮਸਲੇ ਸਭ ਖੂੰਜੇ ਲੱਗੇ ਵਿਲਕਦੇ ਹਨ। ਸਿਹਤ, ਸਿੱਖਿਆ, ਰੁਜ਼ਗਾਰ, ਨਸ਼ਿਆਂ ਦਾ ਦਰਿਆ, ਮੰਹਿਗਾਈ ਤੇ ਹੋਰ ਦੁੱਖ ਦਰਦ ਬਾਰੇ ਸਭ ਚੁੱਪ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਕੋਈ ਸਿਆਸੀ ਪਾਰਟੀ ਦਾ ਆਗੂ ਨਹੀਂ ਯਾਦ ਕਰਦਾ। ਗਰਮੀ ਪੰਜਾਹ ਡਿਗਰੀ ਪਾਰ ਕਰ ਗਈ ਹੈ।

ਇਹ ਚੋਣਾਂ ਜਿੱਤਣ ਦੀ ਭੁੱਖ ਐਨੀ ਗਰਮੀ ਦੇ ਮੌਸਮ ਵਿੱਚ ਪੰਜਾਬ ਨੂੰ ਇਹ ਕਿਧਰ ਲੈਣ ਕੇ ਜਾਵੇਗੀ? ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਲਈ ਹਰ ਤਰੀਕਾ ਵਰਤਿਆ ਜਾ ਰਿਹਾ ਹੈ। ਇਸੇ ਕਰਕੇ ਮੈਨੂੰ ਡਰ ਲੱਗਦਾ ਹੈ, ਕਿਧਰੇ ਫੇਰ ਨਾ ਪੰਜਾਬ ਉਹ ਰਾਹ ਤੁਰ ਪਵੇ। ਜਿਸ ਵਾਰੇ ਸੁਰਜੀਤ ਪਾਤਰ ਨੇ ਲਿਖਿਆ ਸੀ,

ਲੱਗੀ ਨਜ਼ਰ ਪੰਜਾਬ ਨੂੰ,
ਇਹਦੀ ਨਜ਼ਰ ਉਤਾਰੋ,
ਲੈ ਕੇ ਮਿਰਚਾਂ ਕੌੜੀਆਂ,
ਇਹਦੇ ਸਿਰ ਤੇ ਵਾਰੋ,
ਵਾਰੋ ਵਾਰੀ ਵਾਰ ਕੇ,
ਅੱਗ ਵਿੱਚ ਸਾੜੋ।
ਲੱਗੀ ਨਜ਼ਰ ਪੰਜਾਬ ਨੂੰ।

ਪੰਜਾਬ ਉਸ ਦਿਸ਼ਾ ਵੱਲ ਦੌੜਾਇਆ ਜਾ ਰਿਹਾ ਹੈ। ਚੋਣਾਂ ਤੋਂ ਬਾਅਦ ਕੀ ਭਾਣਾ ਵਰਤਦਾ ਹੈ, ਇਸ ਦਾ ਫਿਕਰ ਲੱਗਿਆ ਹੋਇਆ ਹੈ। ਸੰਭਲੋ ਪੰਜਾਬੀਓ, ਪੰਜਾਬ ਉਜੜ ਚੱਲਿਆ।

ਬੁੱਧ ਸਿੰਘ ਨੀਲੋਂ 
9464370823