ਭਾਈ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਰਬਪੱਖੀ ਸ਼ਖ਼ਸੀਅਤ ਦਾ ਵਿਕਾਸ ਕਰੀਏ- ਡਾ: ਉਡਾਰੀ

ਸੰਗਰੂਰ, 7 ਦਸੰਬਰ (ਸੁਖਵਿੰਦਰ ਸਿੰਘ ਬਾਵਾ)

– ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾ: ਭਾਈ ਵੀਰ ਸਿੰਘ ਜੀ ਦੇ 150 ਸਾਲਾ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਜੋ ਕਿ ਸੋ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਲੁਧਿਆਣਾ ਵੱਲੋਂ ਚਲਾਇਆ ਜਾ ਰਿਹਾ ਹੈ, ਵਿਖੇ ਪ੍ਰਿੰਸੀਪਲ ਹਰਜਸਬੀਰ ਸਿੰਘ, ਅਧਿਆਪਕ ਇੰਚਾਰਜ, ਧਰਮਿੰਦਰ ਸਿੰਘ, ਅਜਮੇਰ ਸਿੰਘ ਡਿਪਟੀ ਡਾਇਰੈਕਟਰ, ਕੁਲਵੰਤ ਸਿੰਘ ਨਾਗਰੀ ਜੋ਼ਨ ਸਕੱਤਰ, ਗੁਰਜੰਟ ਸਿੰਘ ਰਾਹੀ ਜੋ਼ਨਲ ਪ੍ਰਧਾਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਇੰਦਰਪਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਇਕਬਾਲ ਸਿੰਘ ਝੂੰਦਾਂ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। 150th birth anniversary of Bhai Vir Singh

ਸੈਮੀਨਾਰ ਦੀ ਆਰੰਭਤਾ ਸਕੂਲ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਮਹਿਮਾਨਾਂ ਤੇ ਵਿਸ਼ੇਸ਼ ਬੁਲਾਰਿਆਂ ਦੀ ਜਾਣ ਪਛਾਣ ਕਰਵਾਈ ਅਤੇ ਸਟੇਜ ਦਾ ਬਾਖੂਬੀ ਸੰਚਾਲਨ ਕੀਤਾ।ਇਕਬਾਲ ਸਿੰਘ ਝੂੰਦਾਂ ਨੇ ਸੰਸਥਾ ਵੱਲੋਂ ਸਵਾਗਤੀ ਸ਼ਬਦ ਕਹੇ ਅਤੇ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਅਜਮੇਰ ਸਿੰਘ ਨੇ ਜ਼ੋਨਲ ਪੱਧਰ ਤੇ ਕੀਤੀਆਂ ਜਾ ਰਹੀਆਂ ਅਕਾਦਮਿਕ ਤੇ ਸਮਾਜਿਕ ਸਰਗਰਮੀਆਂ ਅਤੇ ਸਥਾਪਿਤ ਜ਼ੋਨਲ ਦਫ਼ਤਰ ਵਿਖੇ ਚੱਲ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸਾਹਿਤਕਾਰ ਤੇ ਲੇਖਕ ਪੋ੍: ਨਰਿੰਦਰ ਸਿੰਘ ਨੇ ਭਾਈ ਵੀਰ ਸਿੰਘ ਦੇ ਜੀਵਨ ਦਰਸ਼ਨ ਤੇ ਰੋਸ਼ਨੀ ਪਾਉਂਦੇ ਹੋਏ ਉਨ੍ਹਾਂ ਵੱਲੋਂ ਰਹੱਸਵਾਦ, ਰਸਮਈ ਅਤੇ ਸੁੰਦਰਤਾ ਨੂੰ ਪੇਸ਼ ਕਰਨ ਸਹਿਤ ਲਾਸਾਨੀ ਸਿੱਖ ਜੀਵਨੀਆਂ ਲਿਖ ਕੇ ਪ੍ਰੋਫੈਸਰ ਪੂਰਨ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੇ ਜੀਵਨ ਨੂੰ ਬਦਲਾਉਣ ਦੀਆਂ ਘਟਨਾਵਾਂ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ।

ਮੁੱਖ ਬੁਲਾਰੇ ਤੇ ਪ੍ਸਿੱਧ ਵਿਦਵਾਨ ਡਾ ਚਰਨਜੀਤ ਸਿੰਘ ਉਡਾਰੀ ਨੇ ਭਾਈ ਸਾਹਿਬ ਵੱਲੋਂ ਪੰਜਾਬੀ ਸਾਹਿਤ, ਕਾਵਿ ਖੇਤਰ, ਸ਼ਬਦ ਕੋਸ਼, ਖਾਲਸਾ ਸੰਸਥਾਵਾਂ ਸਬੰਧੀ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ ਤੇ ਕਿਹਾ ਕਿ ਭਾਈ ਵੀਰ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀ ਸ਼ੈਲੀ ਦਾ ਵਿਕਾਸ ਕੀਤਾ ਹੈ। ਆਪ ਨੇ ਵਿਦਿਆਰਥੀਆਂ ਨੂੰ ਭਾਈ ਸਾਹਿਬ ਦੇ ਜੀਵਨ ਤੋੰ ਪੇ੍ਰਨਾ ਲੈ ਕੇ ਸੰਸਾਰ ਰੂਪੀ ਚਿੱਕੜ ਵਿੱਚੋਂ ਕਮਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਰਹਿ ਕੇ ਆਪਨਾ ਸਰਬਪੱਖੀ ਵਿਕਾਸ ਕਰਨ ਲਈ ਪ੍ਰੇਰਿਆ। ਸਟੱਡੀ ਸਰਕਲ ਦੇ ਗਲੋਬਲ ਐਜੂਕੇਸ਼ਨ ਮਿਸ਼ਨ ਦੇ ਡਾਇਰੈਕਟਰ ਇੰਦਰਪਾਲ ਸਿੰਘ ਨੇ ਕਿਹਾ ਭਾਈ ਸਾਹਿਬ ਨੇ ਪੰਜਾਬੀ ਸਾਹਿਤ ਨੂੰ ਅੰਗਰੇਜੀ ਸਾਹਿਤ ਦੇ ਹਾਣੀ ਬਣਾ ਦਿੱਤਾ ਹੈ ।

ਉਨਾ ਕਿਹਾ ਕਿ ਭਾਈ ਸਾਹਿਬ ਨੇ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਵਜੋਂ ਕੁਦਰਤ ਅਤੇ ਕਾਦਰ ਦੀ ਮਸਤੀ ਮਾਨਣ ਦੀ ਜਾਚ ਸਿਖਾਈ ਹੈ। ਪਿ੍ੰਸੀਪਲ ਹਰਜਸਬੀਰ ਸਿੰਘ ਨੇ ਭਾਈ ਵੀਰ ਸਿੰਘ ਜੀ ਦੀ ਸਰਬਪੱਖੀ ਸਖਸ਼ੀਅਤ ਨੂੰ ਉਭਾਰਨ ਲਈ ਕੀਤੇ ਅਜਿਹੇ ਸਫਲ ਉਪਰਾਲੇ ਲਈ ਸਟੱਡੀ ਸਰਕਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਗਲੇਰੇ ਅਜਿਹੇ ਸਮਾਗਮਾਂ ਲਈ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸਕੂਲ ਵਿਦਿਆਰਥੀਆਂ ਨੇ ਭਾਈ ਸਾਹਿਬ ਦੀਆਂ ਰਚਨਾਵਾਂ ਨੂੰ ਸੰਗੀਤ ਮਈ ਰੰਗ ਵਿੱਚ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲ ਲਿਆ ਜਦੋਂ ਕਿ ਅਮਨਦੀਪ ਸਿੰਘ ਸਕੂਲ ਅਧਿਆਪਕ ਨੇ ਆਪਣੀ ਕਵਿਤਾ ਰਾਹੀਂ ਪੰਜਾਬੀ ਭਾਸ਼ਾ ਨੂੰ ਅਪਨਾਉਣ ਦਾ ਸੁਨੇਹਾ ਦਿੱਤਾ।

ਅਜਮੇਰ ਸਿੰਘ ਦੇ ਸੰਚਾਲਨ ਅਧੀਨ ਸਟੱਡੀ ਸਰਕਲ ਵੱਲੋਂ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਅਧੀਨ ਮਾਲੇਰਕੋਟਲਾ ਖੇਤਰ ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਪੁਰਸਕਾਰ ਦਿੱਤੇ ਗਏ।ਸਬੰਧਤ ਅਧਿਆਪਕ ਤੇ ਪ੍ਰਿੰਸੀਪਲ ਸਾਹਿਬਾਨ , ਬੁਲਾਰਿਆਂ , ਮਹਿਮਾਨਾਂ, ਸਕੂਲ ਪ੍ਰਿੰਸੀਪਲ ਨੂੰ ਸਟੱਡੀ ਸਰਕਲ ਦੇ ਨੁਮਾਇੰਦਿਆਂ ਕੁਲਵੰਤ ਸਿੰਘ ਨਾਗਰੀ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਜੰਟ ਸਿੰਘ ਰਾਹੀ ਅਤੇ ਇੰਦਰਪਾਲ ਸਿੰਘ ਨੇ ਸਨਮਾਨਿਤ ਕੀਤਾ। ਇਸ ਸੈਮੀਨਾਰ ਵਿੱਚ ਪਿ੍ੰਸੀਪਲ ਗੁਰਜੰਟ ਸਿੰਘ ਸਰਕਾਰੀ ਹਾਈ ਸਕੂਲ ਰਾਮਪੁਰ ਛੰਨਾ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਇੰਚਾਰਜ ਮਨਜੀਤ ਸਿੰਘ, ਸਰਵਜੀਤ ਸਿੰਘ, ਅਵਤਾਰ ਸਿੰਘ, ਸੁਨੀਤਾ, ਕਮਲਜੀਤ ਕੌਰ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।