ਸੰਗਰੂਰ:-10 ਜੂਨ ,(ਭੁਪਿੰਦਰ ਵਾਲੀਆ) ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮ ਜੋ ਕਿ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਦਾ ਸੰਤਾਪ ਹੰਢਾਅ ਰਹੇ ਹਨ , ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨਾਲ ਚੋਣ ਵਾਅਦਾ ਕੀਤਾ ਸੀ । ਪੰਜਾਬ ਸਰਕਾਰ ਨੂੰ ਇਹ ਚੋਣ ਵਾਅਦਾ ਯਾਦ ਕਰਵਾਉਣ ਲਈ ਤੇ ਇਸ ਅਹਿਮ ਮੰਗ ਦੀ ਪ੍ਰਾਪਤੀ ਵਾਸਤੇ ‘ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੱਦੇ ‘ਤੇ ਅੱਜ ਸੰਗਰੂਰ ਜਿਲਾ ਕਮੇਟੀ ਦੇ ਆਗੂਆਂ ਸਾਥੀ ਰਜਿੰਦਰ ਅਕੋਈ, ਕਨਵੀਨਰ,ਸੀਤਾ ਰਾਮ ਸਰਮਾਂ,ਸਵਰਨ ਸਿੰਘ ਅਕਬਰਪੁਰ ,ਕੇਵਲ ਗੁੱਜਰਾਂ,ਗੁਰਮੀਤ ਸਿੰਘ,ਨਾਜਰ ਸਿੰਘ,ਜਗਜੀਤ ਸਿੰਘ ਅਧਾਰਤ ਬਫਦ ਵੱਲੋਂ ਮਾਨਜੋਗ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਸਿੰਘ ਜੋਰਾਵਰ ਆਈ ਏ ਐਸ, ਨੂੰ ਮੰਗ਼ ਪੱਤਰ ਦਿੱਤਾ ਗਿਆ ।ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਦੇ ਆਗੂ ਰਣਜੀਤਸਿੰਘ ਰਾਣਵਾਂ,ਮੇਲਾ ਸਿੰਘ ਪੁੰਨਾਂਵਾਲ,ਹੰਸਰਾਜ ਦੀਦਾਰਗੜੁ,ਗੁਰਮੀਤ ਮਿੱਡਾ,ਇੰਦਰ ਸਰਮਾਂ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ – ਅਕਾਲੀ ਗੱਠਜੋੜ ਅਤੇ ਕਾਂਗਰਸ ਪਾਰਟੀ ਦੀਆਂ ਹੁਕਮਰਾਨ ਸਰਕਾਰਾਂ ਨੇ ਸੰਸਾਰ ਬੈੰਕ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਜਨਵਰੀ 2004 ਤੋਂ ਪਹਿਲਾਂ ਲਾਗੂ ਪੁਰਾਣੀ ਪੈਨਸ਼ਨ ਸਕੀਮ ਖਤਮ ਕਰਕੇ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ,ਆਗੂਆਂ ਨੇ ਦੱਸਿਆ ਕਿ ਪੰਜਾਬ ਦਾ ਐਮ.ਐਲ.ਏ. ਇੱਕ ਵਾਰ ਸਹੁੰ ਚੁੱਕਣ ਤੋਂ ਬਾਅਦ 70000 ਰੁਪਏ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ,ਪਰ ਮੁਲਾਜ਼ਮ 30 ਸਾਲ ਦੀ ਸੇਵਾ ਤੋਂ ਬਾਅਦ ਵੀ ਪ੍ਰਾਈਵੇਟ ਸ਼ੇਅਰ ਕੰਪਨੀਆਂ ਤੋਂ 3000- 4000 ਰੁਪਏ ਮਹੀਨਾ ਪੈਨਸ਼ਨ ਪ੍ਰਾਪਤ ਕਰਦਾ ਹੈ, ਜਿਸ ਨਾਲ ਉਸਦਾ ਮਹਿੰਗਾਈ ਤੇ ਬੁਢਾਪੇ ਵਿੱਚ ਗੁਜ਼ਾਰਾ ਕਰਨਾ ਤਾਂ ਦੂਰ ਦੀ ਗੱਲ ਹੈ। ਇਸ ਨਾਲ ਤਾਂ ਦਵਾਈਆਂ ਦਾ ਮੁੱਲ ਵੀ ਪੂਰਾ ਨਹੀਂ ਹੁੰਦਾ । ਇਹ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਹੁਕਮਰਾਨ ਸਰਕਾਰ ਨੇ ਆਪਣੇ ਦੋ ਮਹੀਨਿਆਂ ਦੇ ਕਾਰਜਕਾਲ ਦੌਰਾਨ ਇਹ ਮੰਗ ਪ੍ਰਵਾਨ ਤਾਂ ਕੀ ਕਰਨੀ ਸੀ, ਇੱਕ ਵਾਰ ਵੀ ਮੂੰਹ ਨਹੀਂ ਖੋਲ੍ਹਿਆ ।ਬੁਲਾਰਿਆਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲਮਕ ਅਵਸਥਾ ਵਿੱਚ ਪਈਆਂ ਮੰਗਾਂ ਜਿਵੇਂ ਸਮੂਹ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ ,ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ,ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਪੈਦਾ ਕੀਤੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਅਨਾਮਲੀ ਕਮੇਟੀ ਦਾ ਗਠਨ ਕਰਨਾ ,ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਰੈਸ਼ਨੇ ਲਾਈਜੇਸ਼ਨ ਦੇ ਨਾਂ ਤੇ ਮੁਲਾਜ਼ਮਾਂ ਦੇ ਬੰਦ ਕੀਤੇ ਗਏ 37 ਭੱਤਿਆਂ ਨੂੰ ਬਹਾਲ ਕਰਨ ਲਈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਨਾਲ ਇੱਕ ਵਾਰ ਹੀ ਮੀਟਿੰਗ ਕਰਨਾ ਯੋਗ ਨਹੀਂ ਸਮਝਿਆ ।ਇਸ ਮੌਕੇ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਕੁਝ ਸਮੇਂ ਦੌਰਾਨ ਆ ਰਹੇ ਬਜਟ ਸੈਸ਼ਨ ਵਿੱਚ ਜੇਕਰ ਪੁਰਾਣੀ ਪੈਨਸ਼ਨ ਸਕੀਮ ਪੰਜਾਬ ਸਰਕਾਰ ਨੇ ਬਹਾਲ ਨਾ ਕੀਤੀ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲਮਕ ਅਵਸਥਾ ਵਿਚ ਹੋਰ ਪਈਆਂ ਮੰਗਾਂ ਬਾਰੇ ਆਪਣੀ ਚੁੱਪੀ ਨਾ ਤੋੜੀ ਪੰਜਾਬ ਦੇ ਮੁਲਾਜ਼ਮ ਚੁੱਪ ਕਰਕੇ ਨਹੀਂ ਬੈਠਣਗੇ ਤੇ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਖ਼ਿਲਾਫ਼ ਆਪਣਾ ਸੰਘਰਸ਼ ਸ਼ੁਰੂ ਕਰ ਕੇ ਮੰਗਾਂ ਦੀ ਪ੍ਰਾਪਤੀ ਤੱਕ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ । ਇਸ ਸਮੇਂ ਉਹਨਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਬਜ਼ਟ ਇਜਲਾਸ ਦੋਰਾਨ ਮਿਤੀ 28 ਜੂਨ ਨੂੰ ਮੋਹਾਲੀ ਇਕੱਠੇ ਹੋ ਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ ।