Treasury is empty while giving reliefs- Bikar Singh

ਰਾਹਤਾਂ ਦੇਣ ਸਮੇਂ ਖਜ਼ਾਨਾ ਖਾਲੀ ਹੋਣ ਦਾ ਘੜਿਆ ਘੜਾਇਆ ਬਹਾਨਾ

ਵਿੱਤ ਮੰਤਰੀ ਦੇ ਦਫ਼ਤਰ ਅੱਗੇ ਮਜ਼ਦੂਰਾਂ ਨੇਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਸੰਘਰਸ਼ ਦੇ ਐਲਾਨ ਨਾਲ ਧਰਨਾ ਕੀਤਾ ਸਮਾਪਤ
ਆਮ ਆਦਮੀ ਪਾਰਟੀ ਦੀ ਮਜ਼ਦੂਰ ਵਿਰੋਧੀ ਨੀਤੀ ਤੇ ਵਿੱਤ ਮੰਤਰੀ ਵੱਲੋ ਮੰਗ ਪੱਤਰ ਨਾ ਲੈਣ ਦੀ ਜੰਮਕੇ ਕੀਤੀ ਨਿਖੇਧੀ ਕੀਤੀ l

ਦਿੜ੍ਹਬਾ 11 ਦਸੰਬਰ-

ਪੇਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਤੀਜੇ ਦਿਨ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਗੁੰਗੀ ਬੋਲੀ਼ ਆਮ‌ ਪਾਰਟੀ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਮਜ਼ਦੂਰ ਮੰਗਾਂ ਲਈ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕਰਦਿਆਂ ਧਰਨਾ ਸਮਾਪਤ ਕਰ ਦਿੱਤਾ l ਤਿੰਨ ਦਿਨਾਂ ਤੋਂ ਧਰਨੇ ਤੇ ਬੈਠੇ ਮਜ਼ਦੂਰਾਂ ਦੇ ਦੁੱਖ ਦਰਦ ਸੁਣਨ ਦੀ ਬਜਾਏ ਸਰਕਾਰ ਮਜ਼ਦੂਰਾਂ ਤੋਂ ਪਾਸਾ ਵੱਟ ਕੇ ਲੰਘਣ ਦੀ ਕੋਸ਼ਿਸ਼ ਕਰ ਰਹੀ ਹੈ l

ਸਰਕਾਰ ਦੇ ਇਸ ਪੈਂਤੜੇ ਨੂੰ ਖੇਤ ਮਜ਼ਦੂਰ ਹੁਣ ਬਰਦਾਸ਼ਤ ਨਹੀਂ ਕਰਨਗੇ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਨਿਰੰਜਨ ਸਿੰਘ , ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਪ੍ਰਗਟ ਸਿੰਘ ਕਾਲਝਾੜ ਤੇ ਮਜਦੂਰ ਮੁਕਤੀ ਮੋਰਚਾ ਦੇ ਨਿੱਕਾ ਸਿੰਘ ਬਹਾਦਰਪੁਰ,ਦਿਹਾਤੀ ਮਜਦੂਰ ਸਭਾ ਦੇ ਡਾ. ਜਸਵਿੰਦਰ ਕਾਲਖ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਰਾਜ ਕਰਨ ਵਾਲਿਆਂ ਅਕਾਲੀ ਕਾਂਗਰਸੀ ਤੇ ਭਾਜਪਾ ਹਕੂਮਤਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮਜ਼ਦੂਰ ਕਿਸਾਨ ਤੇ ਹਰ ਕਿਸਮ ਦੇ ਤਬਕਿਆਂ ਨੂੰ ਕੰਗਾਲ ਕਰਨ ਅਤੇ ਸਾਮਰਾਜੀ ਮੁਲਕਾਂ ਤੇ ਉਨ੍ਹਾਂ ਦੀਆਂ ਧਨਾਢ ਕੰਪਨੀਆਂ ਸਮੇਤ ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਕਰੋੜਾਂ ਦੀਆਂ ਸਬ-ਸਿਡੀਆ ਦੇਕੇ ਉਨ੍ਹਾਂ ਨੂੰ ਹੋਰ ਵੀ ਮਾਲਾ-ਮਾਲ ਕਰ ਰਹੀ ਹੈ । ਪਰ ਮਜ਼ਦੂਰਾਂ ਨੂੰ ਰਾਹਤਾਂ ਦੇਣ ਸਮੇਂ ਖਜ਼ਾਨਾ ਖਾਲੀ ਹੋਣ ਦਾ ਘੜਿਆ ਘੜਾਇਆ ਬਹਾਨਾ ਲਾ ਦਿਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਬ ਕਮੇਟੀ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜਦੋ ਤੱਕ ਮਜ਼ਦੂਰਾਂ ਨੂੰ ਪਲਾਟ ਨਹੀਂ ਮਿਲ ਜਾਂਦੇ , ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਹੀਂ ਮਿਲਦੇ, ਮਨਰੇਗਾ ਦਿਹਾੜੀ 700ਰੁਪਏ ਨਹੀਂ ਹੁੰਦੀ , ਜ਼ਮੀਨ ਦੀਆ ਡੰਮੀ ਬੋਲੀਆ ਦੇ ਪੱਕੇ ਹੱਲ ਨਹੀਂ ਹੁੰਦੇ , ਮਜਦੂਰਾਂ ਤੇ ਹੁੰਦਾ ਸਮਾਜਿਕ ਜਬਰ ਬੰਦ ਨਹੀ ਹੁੰਦਾ ਅਤੇ ਜ਼ਮੀਨੀ ਸੁਧਾਰ ਕਾਨੂੰਨਾਂ ਤਹਿਤ ਮਜ਼ਦੂਰਾਂ ਵਿੱਚ ਜ਼ਮੀਨੀ ਦੀ ਵੰਡ ਨਹੀਂ ਹੁੰਦੀ ਓਦੋ ਤੱਕ ਮਜਦੂਰਾਂ ਦਾ ਸੰਘਰਸ਼ ਤਿੱਖੇ ਰੂਪ ਚ ਜਾਰੀ ਰਹੇਗਾ। ਮਜ਼ਦੂਰ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੱਥੇਬੰਦੀ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਤਿੰਨ ਦਿਨਾਂ ਤੋਂ ਮਜ਼ਦੂਰਾਂ ਦੀ ਸੇਵਾ ਭਾਵਨਾ ਅਤੇ ਵਡੇਰੀ ਸਾਂਝ ਪਾਉਣ ਲਈ ਦਿਨ-ਰਾਤ ਲੰਗਰ ਲਾਇਆ। ਇਸ ਤੋਂ ਇਲਾਵਾ ਹਰਭਗਵਾਨ ਮੂਨਕ, ਲਖਵੀਰ ਲੌਂਗੋਵਾਲ, ਧਰਮਵੀਰ ਹਰੀਗੜ੍ਹ, ਰਾਮਚੰਦ ਚੁਨਾਗਰਾ, ਮੱਖਣ ਰਾਮਗੜ੍ਹ ਆਦਿ ਹਾਜਰ ਸਨ