ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਖ਼ੂਬ ਤਿਆਰੀ ਅਤੇ ਪ੍ਰਚਾਰ ਮੁਹਿੰਮ ਤੋਂ ਬਾਅਦ ਕੀਤੀ ਗਈ, ਮਹਾਂਰੈਲੀ ਸੱਚ ਮੁੱਚ ਹੀ ਮਹਾਂ ਰੈਲੀ ਹੋ ਨਿੱਬੜੀ। ਇਸ ਮਹਾਂ ਰੈਲੀ ਵਿੱਚ ਅੱਗ ਵਾਂਗ ਤਪਦੀ ਗਰਮੀ ਦੇ ਬਾਵਜੂਦ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਦਾ ਰਿਕਾਰਡ ਤੋੜ ਇਕੱਠ ਹੋਇਆ।

ਸਟੇਜ ਦੀ ਕਾਰਵਾਈ ਚਲਾਉਣ ਲਈ 12 ਮੈਂਬਰੀ ਸੰਚਾਲਨ ਕਮੇਟੀ ਬਣੀ ਹੋਈ ਸੀ, ਜਿਸ ਨੇ ਸਟੇਜ ਨੂੰ ਬੜੀ ਸੁਘੜਤਾ ਨਾਲ ਚਲਾਇਆ। ਸਟੇਜ ਤੇ ਸੁਸ਼ੋਭਿਤ ਪ੍ਰਧਾਨਗੀ ਮੰਡਲ ਤੋਂ ਇਲਾਵਾ ਹੋਰ ਆਗੂਆਂ ਅਤੇ ਪੱਤਰਕਾਰਾਂ ਦੇ ਬੈਠਣ ਲਈ ਸਟੇਜ ਦੇ ਆਸੇ ਪਾਸੇ ਪ੍ਰਬੰਧ ਕੀਤੇ ਗਏ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਰੈਲੀ ਵਿੱਚ ਕਿਸਾਨਾਂ ਤੋਂ ਇਲਾਵਾ ਭਰਾਤਰੀ ਮਜ਼ਦੂਰ ਜਥੇਬੰਦੀਆਂ ਅਤੇ ਬੀਬੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।

ਬੁਲਾਰਿਆਂ ਨੇ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੀ ਸਖਤ ਨੁਕਤਾਚੀਨੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਸ ਸਰਕਾਰ ਨੇ ਸਾਰਾ ਦੇਸ਼ ਕਾਰਪੋਰੇਟ ਘਰਾਣਿਆਂ ਨੂੰ ਥਾਲੀ ਵਿੱਚ ਪਰੋਸ ਕੇ ਦੇ ਦਿੱਤਾ ਹੈ।

ਅਪਨਿਵੇਸ਼ ਮੰਤਰਾਲਾ ਬਣਾ ਕੇ ਪਬਲਿਕ ਸੈਕਟਰ ਦੇ ਸਾਰੇ ਅਦਾਰੇ, ਅੰਬਾਨੀ ਅਤੇ ਅਡਾਨੀ ਨੂੰ ਕੌਡੀਆਂ ਦੇ ਭਾਅ ਬਖਸ਼ ਦਿੱਤੇ ਹਨ। ਮੋਦੀ ਸਰਕਾਰ ਦੀਆਂ ਨੀਤੀਆਂ ਦਾ ਹੀ ਨਤੀਜਾ ਹੈ ਕਿ ਦੇਸ਼ ਦੇ 1% ਅਮੀਰ ਲੋਕਾਂ ਕੋਲ ਦੇਸ਼ ਦੀ 40% ਦੌਲਤ ਜਮਾਂ ਹੋ ਗਈ ਹੈ ਅਤੇ ਦੂਜੇ ਪਾਸੇ ਲੱਗਭੱਗ 80 ਕਰੋੜ ਲੋਕ ਸਰਕਾਰ ਤੋਂ ਮਿਲਣ ਵਾਲੇ ਸਸਤੇ ਰਾਸ਼ਣ ਨਾਲ ਗੁਜ਼ਾਰਾ ਕਰ ਰਹੇ ਹਨ।

ਭਾਜਪਾ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 2022 ਤੱਕ ਉਹਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ ਪ੍ਰੰਤੂ ਹੁਣ ਇਸ ਬਾਰੇ ਗੱਲ ਕਰਨੀ ਹੀ ਬੰਦ ਕਰ ਦਿੱਤੀ ਹੈ। ਕਾਰਪੋਰੇਟ ਘਰਾਣਿਆਂ ਨੂੰ ਲਗਭਗ 16 ਲੱਖ ਕਰੋੜ ਰੁਪਏ ਦੀਆਂ ਸਬਸਿਡੀਆਂ ਅਤੇ ਟੈਕਸ ਛੋਟਾਂ ਦੇ ਦਿੱਤੀਆਂ ਹਨ ਪਰ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਰੱਦ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਹੈ।

ਦਿੱਲੀ ਦੇ ਇਤਿਹਾਸਿਕ ਘੋਲ ਦੌਰਾਨ ਮੰਨੀਆਂ ਹੋਈਆਂ ਮੰਗਾਂ ਜਿਵੇਂ ਸਾਰੀਆਂ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ, ਸਾਰੀਆਂ ਫਸਲਾਂ ਦਾ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ-2 + 50% ਦੇ ਹਿਸਾਬ ਨਾਲ ਦੇਣਾ, ਕਿਸਾਨਾਂ ਤੇ ਬਣਾਏ ਹੋਏ ਕੇਸ ਰੱਦ ਕਰਨੇ, ਪਰਦੂਸ਼ਣ ਵਾਲੇ ਕਾਨੂੰਨ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰਨਾ , ਬਿਜਲੀ ਸੋਧ ਬਿੱਲ-2020 ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਪਾਰਲੀਮੈਂਟ ਵਿੱਚ ਪੇਸ਼ ਨਾ ਕਰਨਾ ਅਤੇ ਲਖੀਮਪੁਰ ਖੀਰੀ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਬਰਖ਼ਾਸਤ ਕਰਕੇ ਕਤਲਾਂ ਦੇ ਕੇਸ ਵਿੱਚ ਸਜ਼ਾ ਦਿਵਾਉਣੀ ਵਗੈਰਾ ਪੂਰੀਆਂ ਨਹੀਂ ਕੀਤੀਆਂ ਗਈਆਂ।

ਕਿਸਾਨਾਂ ਨੂੰ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਰੋਲਿਆ ਗਿਆ ਅਤੇ 732 ਕਿਸਾਨਾਂ ਨੂੰ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ। ਦਿੱਲੀ ਜਾਣ ਵਾਲੇ ਕਿਸਾਨਾਂ ਦੇ ਰਸਤੇ ਵਿੱਚ ਕਿੱਲ ਗੱਡੇ ਅਤੇ ਕੰਧਾਂ ਕੱਢੀਆਂ। 21 ਸਾਲ ਦੇ ਨੌਜਵਾਨ ਸ਼ੁਭਕਰਨ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ। ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਹੱਥ ਸੈਂਕੜੇ ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ।

ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀ ਕਾਤਲ ਪਾਰਟੀ ਦੇ ਮੁੱਖ ਨੁਮਾਇੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੀ ਧਰਤੀ ਤੇ ਸਵਾਗਤ ਨਹੀਂ ਹੋ ਸਕਦਾ‌।

ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਕਾਲੇ ਝੰਡਿਆਂ ਨਾਲ, ਸ਼ਾਂਤਮਈ ਪਰ ਡਟਵਾਂ ਵਿਰੋਧ ਕਰਨ ਲਈ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ਰਵਾਨਾ ਹੋਣਗੇ।

ਬੁਲਾਰਿਆਂ ਨੇ ਭਾਜਪਾ ਦੇ ਉਮੀਦਵਾਰਾਂ ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਖਿਲਾਫ ਹਿੰਸਕ ਅਤੇ ਉਕਸਾਊ ਭਾਸ਼ਾ ਵਰਤਣ ਦਾ ਸਖ਼ਤ ਵਿਰੋਧ ਕੀਤਾ ਅਤੇ ਚੋਣ ਕਮਿਸ਼ਨ ਤੋਂ ਇਨ੍ਹਾਂ ਦੀ ਭਾਸ਼ਾ ਦਾ ਨੋਟਿਸ ਲੈਂਦਿਆਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਵੱਲੋਂ ਲ਼ੋਕਾਂ ਦੀ ਲੰਬੇ ਸੰਘਰਸ਼ਾਂ ਦੌਰਾਨ ਉੱਸਰੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਮਨਸੂਬੇ ਪੰਜਾਬ ਵਿੱਚ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ।

ਇਕੱਠ ਵੱਲੋਂ ਪਾਸ ਕੀਤੇ ਗਏ ਮਤਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਪੁਰਾਣੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੀ ਸਖਤ ਨਿਖੇਧੀ ਕਰਦੇ ਹੋਏ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਭਾਜਪਾ ਦੇ ਵਿਰੋਧ ਨੂੰ ਠੱਲ ਨਹੀਂ ਪਾ ਸਕੇਗੀ। ਸਵਾਲ ਕਰਨਾ ਸਾਡਾ ਜਮਹੂਰੀ ਹੱਕ ਹੈ।

ਕਿਸਾਨਾਂ ਨੂੰ ਗਿਰਫ਼ਤਾਰ ਕਰਕੇ ਅਤੇ ਜੇਲ੍ਹਾਂ ਵਿੱਚ ਬੰਦ ਕਰਕੇ ਸਾਡਾ ਸਵਾਲ ਕਰਨ ਦਾ ਜਮਹੂਰੀ ਹੱਕ ਵੀ ਖੋਹਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਇਸ ਦੀ ਕਦਾਚਿਤ ਵੀ ਇਜਾਜ਼ਤ ਨਹੀਂ ਦੇਵੇਗਾ।

ਬੁਲਾਰਿਆਂ ਨੇ ਸਾਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਦੀਆਂ ਲੋਕ ਵਿਰੋਧੀ, ਫੈਡਰਲਿਜਮ ਵਿਰੋਧੀ ਅਤੇ ਜਮਹੂਰੀਅਤ ਵਿਰੋਧੀ ਕਾਰਵਾਈਆਂ ਦਾ ਪਰਦਾਫਾਸ਼ ਕਰਦੇ ਹੋਏ ਭਾਜਪਾ ਨੂੰ ਸਜ਼ਾ ਦੇਣ ਲਈ ਚੋਣਾਂ ਵਿੱਚ ਹਾਰ ਦੇਣ।

ਇਹ ਵੀ ਪੜ੍ਹੋ:-ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ

ਇਕੱਠ ਨੂੰ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਡਾਕਟਰ ਦਰਸ਼ਨ ਪਾਲ, ਹਰਿੰਦਰ ਸਿੰਘ ਲੱਖੋਵਾਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਬਲਦੇਵ ਸਿੰਘ ਨਿਹਾਲਗੜ੍ਹ, ਹਰਮੀਤ ਸਿੰਘ ਕਾਦੀਆਂ, ਡਾਕਟਰ ਸਤਨਾਮ ਸਿੰਘ ਅਜਨਾਲਾ,ਬਿੰਦਰ ਸਿੰਘ ਗੋਲੇਵਾਲਾ ,ਸੁੱਖ ਗਿੱਲ ਮੋਗਾ, ਪਿਰਥਪਾਲ ਸਿੰਘ ਗੁਰਾਇਆ, ਸੁਖਦੇਵ ਸਿੰਘ ਅਰਾਈਆਂ ਵਾਲਾ, ਫੁਰਮਾਨ ਸਿੰਘ ਸੰਧੂ, ਕੁਲਦੀਪ ਸਿੰਘ ਬਜੀਦਪੁਰ, ਮਲੂਕ ਸਿੰਘ ਹੀਰ ਕੇ, ਵੀਰ ਸਿੰਘ ਬੜਵਾ, ਬੋਘ ਸਿੰਘ ਮਾਨਸਾ, ਬੂਟਾ ਸਿੰਘ ਸ਼ਾਦੀਪੁਰ, ਹਰਦੇਵ ਸਿੰਘ ਸੰਧੂ, ਰੂਪ ਬਸੰਤ ਸਿੰਘ, ਗੁਰਦੇਵ ਸਿੰਘ ਵਰਪਾਲ, ਹਰਜਿੰਦਰ ਸਿੰਘ ਟਾਂਡਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਰਾਜਵਿੰਦਰ ਕੌਰ ਰਾਜੂ, ਬਲਵਿੰਦਰ ਸਿੰਘ ਰਾਜੂ ਔਲਖ, ਕਿਰਨਜੀਤ ਸਿੰਘ ਸੇਖੋਂ, ਨਿਰਵੈਰ ਸਿੰਘ ਡਾਲੇਕੇ, ਪ੍ਰੇਮ ਸਿੰਘ ਭੰਗੂ ਅਤੇ ਟਰੇਡ ਯੂਨੀਅਨ ਆਗੂ ਆਗੂਆਂ ਨੇ ਵੀ ਸੰਬੋਧਨ ਕੀਤਾ।