ਚੰਡੀਗੜ੍ਹ, 21 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਦਿਵਿਆਂਗ ਐਸੋਸੀਏਸ਼ਨ ਵੱਲੋਂ ਲੰਬੇ ਸਮੇਂ ਤੋਂ ਕਰਜ਼ੇ ਸਬੰਧੀ ਰੱਖੀ ਮੰਗ ਨੂੰ ਪੂਰਾ ਕਰਦਿਆਂ ਦਿਵਿਆਂਗ ਵਿਅਕਤੀਆਂ ਨੂੰ ਕਰਜ਼ਾ ਦੇਣ ਲਈ 3 ਦਸੰਬਰ ਨੂੰ ਦਿਵਿਆਂਗ ਦਿਵਸ ਮੌਕੇ ਵਿਸ਼ੇਸ਼ ਕਰਜ਼ਾ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ।SPECIAL LOAN CAMPS WILL BE HELD
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਦਿਵਿਆਂਗ ਵਰਗ ਦੀਆਂ ਮੰਗਾਂ ਦਾ ਹਮਦਰਦੀ ਨਾਲ ਵਿਚਾਰ ਕਰਦੀ ਹੋਈ ਉਨ੍ਹਾਂ ਦਾ ਹੱਲ ਕੱਢਣ ਲਈ ਯਤਨਸ਼ੀਲ ਹੈ। ਇਸੇ ਦਿਸ਼ਾ ਵਿੱਚ ਇੱਕ ਕਦਮ ਹੋਰ ਉਠਾਉਂਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਜਿਸ ਵਿਅਕਤੀ ਕੋਲ 40 ਫੀਸਦੀ ਜਾਂ ਉਸ ਤੋਂ ਵੱਧ ਦਾ ਅੰਗਹੀਣ ਸਰਟੀਫਿਕੇਟ ਹੈ, ਨੂੰ ਕਰਜ਼ਾ ਦੇਣ ਲਈ 3 ਦਸੰਬਰ ਨੂੰ ਵਿਸ਼ੇਸ਼ ਕਰਜ਼ਾ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ।
ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਕਰਜ਼ਾ ਲੈਣ ਦਾ ਚਾਹਵਾਨ ਦਿਵਿਆਂਗ ਵਿਅਕਤੀ ਜੋ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ, ਆਪਣਾ ਵੋਟਰ ਕਾਰਡ, ਆਧਾਰ ਕਾਰਡ, ਯੂ.ਡੀ.ਆਈ. ਕਾਰਡ, ਜਮਾਬੰਦੀ ਸਬੰਧੀ ਗਰੰਟੀ ਆਦਿ ਦਸਤਾਵੇਜ਼ ਜ਼ਿਲ੍ਹਾ ਭਲਾਈ ਅਫਸਰ ਜਾਂ ਐਸ.ਸੀ.ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦਾ ਹੈ।
ਕੈਬਨਿਟ ਮੰਤਰੀ ਨੇ ਦਿਵਿਆਂਗ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਲੈ ਕੇ ਇਸ ਮੌਕੇ ਦਾ ਪੂਰਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗ ਵਰਗ ਨੂੰ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਦਾ ਜੀਵਨ ਸਮਰੱਥ ਬਣਾਉਣ ਲਈ 3 ਦਸੰਬਰ 2022 ਨੂੰ ਦਿਵਿਆਂਗ ਦਿਵਸ ਮੌਕੇ ਸੰਗਰੂਰ, ਮਲੋਟ, ਮਾਨਸਾ ਅਤੇ ਲੁਧਿਆਣਾ ਵਿਖੇ ਬੈਂਕ ਕਰਜ਼ੇ ਦੇਣ ਸਬੰਧੀ ਕੈਂਪ ਲਗਾਉਣ ਜਾ ਰਹੀ ਹੈ। ਇਹਨਾਂ ਕਰਜ਼ਾ ਕੈਂਪਾਂ ਵਿੱਚ ਕਰਜ਼ੇ ਲੈਣ ਸਬੰਧੀ ਸ਼ਰਤਾਂ ਪੂਰੀਆਂ ਕਰਨ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਕਰਜ਼ੇ ਮੁਹੱਈਆ ਕਰਵਾਏ ਜਾਣਗੇ।