ਸੰਗਰੂਰ,31 ਅਕਤੂਬਰ (ਜੇ ਪੀ ਗੋਇਲ ):

-ਕਿਰਤੀ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਦੀ ਵਿਸ਼ਥਾਰੀ ਮੀਟਿੰਗ ਜਿਲਾ ਪ੍ਰੈੱਸ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਦੀ ਪ੍ਰਧਾਨਗੀ ਹੇਠ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਹੋਈ ।

ਜਿਸ ਵਿੱਚ ਸੂਬਾ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ 3 ਨਵੰਬਰ ਨੂੰ ਜਿਲ੍ਹਾ/ ਤਹਿਸੀਲ ਹੈੱਡਕੁਆਰਟਰਾਂ ਤੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਵਿਸ਼ਾਲ ਮੁਜ਼ਾਹਰੇ ਕਰਨ ਦੇ ਪ੍ਰੋਗਰਾਮ ਸਬੰਧੀ ਚਰਚਾ ਕਰਦਿਆਂ ਸੰਗਰੂਰ ਅਤੇ ਮਾਲੇਰਕੋਟਲਾ ਵਿਖੇ ਰੋਸ਼ ਮੁਜਾਹਰੇ ਕਰਨ ਦਾ ਫੈਸਲਾ ਕੀਤਾ ਗਿਆ।Protests for punishment of 1984 Sikh Genocide perpetrators and release of captive Singhs from November 3.

ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਅੰਦਰ ਪਿਛਲੇ ਸਮੇਂ ਦੌਰਾਨ ਸੰਘਰਸ਼ਾਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਉੱਪਰ ਦਰਜ ਹੋਏ ਝੂਠੇ ਪਰਚੇ ਰੱਦ ਕਰਵਾਉਣ ਅਤੇ ਪੁਲੀਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਰੋਸ ਵਜੋਂ 18 ਨਵੰਬਰ ਨੂੰ ਪੰਜਾਬ ਸਰਕਾਰ ਖਿਲਾਫ਼ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਗਰੂਰ ਵਿਖੇ ਵੀ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਜਥੇਬੰਦੀ ਸਮਝਦੀ ਹੈ ਕਿ ਅੱਜ ਦੇ ਦਿਨ ਇੰਦਰਾ ਗਾਂਧੀ ਦੇ ਹੋਏ ਕਤਲ ਤੋਂ ਬਾਅਦ ਦਿੱਲੀ, ਕਾਨਪੁਰ ਆਦਿ ਸ਼ਹਿਰਾਂ, ਜੋ ਕਿ ਕਾਂਗਰਸ ਸ਼ਾਸਤ ਪ੍ਰਦੇਸ਼ ਸਨ, ਵਿੱਚ ਯੋਜਨਾ ਬੱਧ ਤਰੀਕੇ ਨਾਲ ਕਾਂਗਰਸ ਦੇ ਆਗੂਆਂ ਵੱਲੋਂ ਭੀੜਾਂ ਨੂੰ ਉਕਸਾ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ, ਧੀਆਂ ਭੈਣਾਂ ਦੀ ਬੇਪਤੀ ਕੀਤੀ ਤੇ ਸਿੱਖਾਂ ਦੇ ਘਰਾਂ, ਜਾਇਦਾਦਾਂ ਤੇ ਕਾਰੋਬਾਰਾਂ ਨੂੰ ਲੁੱਟਿਆ ਅਤੇ ਅੱਗਾਂ ਲਾਉਣ ਦੀ ਜਾਲਮਾਨਾ ਕਾਰਵਾਈ ਨੂੰ ਅੰਜਾਮ ਦਿੱਤਾ, ਜਿਸ ਦਾ ਸਿੱਖਾਂ ਨੂੰ ਅੱਜ਼ ਤੱਕ ਇੰਨਸਾਫ ਨਹੀਂ ਮਿਲਿਆ ਤੇ ਦੂਜੇ ਪਾਸੇ ਉਸ ਦੌਰ ਦੇ ਸੰਘਰਸ਼ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਤੇ ਆਗੂਆਂ ਨੂੰ ਉਮਰ ਕੈਦਾਂ ਦੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਦਹਾਕਿਆਂ ਬੱਧੀ ਜੇਲਾਂ ਵਿੱਚ ਬੰਦ ਰੱਖਕੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਇਸ ਬਹਾਨੇ ਸਾੜਿਆ ਜਾ ਰਿਹਾ ਹੈ ਕਿ ਇੰਨਾਂ ਦੇ ਬਾਹਰ ਆਉਣ ਨਾਲ ਪੰਜਾਬ ਦੇ ਹਲਾਤ ਖਰਾਬ ਹੋਣ ਦਾ ਡਰ ਹੈ।  ਜਦੋਂ ਕਿ ਪੰਜਾਬ ਵਿੱਚ ਅਜਿਹਾ ਕੋਈ ਮਾਹੌਲ ਨਹੀਂ ਹੈ।

ਇਸ ਤਰ੍ਹਾਂ ਦੇਸ਼ ਦੇ ਸੰਵਿਧਾਨ ਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਸਿੱਖ ਮਾਨਸਿਕਤਾ ਵਿੱਚ ਬੇਗਾਨਗੀ ਦੀ ਭਾਵਨਾਂ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਜਥੇਬੰਦੀ ਸਮਝਦੀ ਹੈ ਕਿ ਹਾਕਮ ਜਮਾਤ ਜਾਣਬੁੱਝ ਕੇ ਇਸ ਤਰ੍ਹਾਂ ਦਾ ਰੁੱਖ ਅਖਤਿਆਰ ਕਰ ਰਹੀ ਹੈ ਤਾਂ ਕਿ ਇਸ ਬੇਗਾਨਗੀ ਦੀ ਭਾਵਨਾ ਦੀ ਆਪਣੀਆਂ ਏਜੰਸੀਆ ਰਾਹੀਂ ਵਰਤੋਂ ਕਰਕੇ ਮੁੜ ਪੰਜਾਬ ਦੇ ਹਲਾਤ ਖਰਾਬ ਕੀਤੇ ਜਾ ਸਕਣ ਤੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ ਆਪਣੇ ਰਾਜ ਭਾਗ ਦੀ ਉਮਰ ਲੰਮੀ ਕੀਤੀ ਜਾ ਸਕੇ।

ਕੇਂਦਰ ਦੀ ਫਾਸ਼ੀਵਾਦੀ ਹਕੂਮਤ ਨੇ ਲੋਕਾਂ ਦੇ ਹੱਕਾਂ ਲਈ ਆਵਾਜ ਬੁਲੰਦ ਕਰਨ ਵਾਲੇ ਸੈੰਕੜੇ ਸਮਾਜਿਕ ਕਾਰਕੁੰਨਾਂ,ਬੁੱਧੀਜੀਵੀਆਂ ,ਲੇਖਕਾਂ ਅਤੇ ਪੱਤਰਕਾਰਾਂ,ਵਿਦਿਆਰਥੀ ਕਾਰਕੁੰਨਾਂ ਨੂੰ ਯੂਏਪੀਏ ਵਰਗੇ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਵੀ ਸਾਲਾਂ ਤੋਂ ਦਿੱਲੀ ਸਮੇਤ ਕਈ ਸੂਬਿਆਂ ਦੀਆਂ ਜੇਲ੍ਹਾਂ ਚ ਸਾੜਿਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਜਥੇਬੰਦੀ ਸਮੂਹ ਇੰਨਸਾਫ਼ ਪਸੰਦ ,ਧਾਰਮਿਕ, ਸਮਾਜਿਕ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ, ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਆਦਿ ਨੂੰ ਸੱਦਾ ਦਿੰਦੀ ਹੈ ਕਿ 3 ਨਵੰਬਰ ਦੇ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਤੇ ਇੰਨਸਾਫ ਲੈਣ ਲਈ ਇਕ ਮੁੱਠ ਹੋ ਕੇ ਸੰਘਰਸ਼ ਕੀਤਾ ਜਾਵੇ ਤਾਂ ਕਿ ਬੰਦੀ ਸਿੰਘਾਂ ਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਵਾਇਆ ਜਾ ਸਕੇ ਤੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਈਆਂ ਜਾ ਸਕਣ।

ਉਨ੍ਹਾਂ ਕਿਸਾਨ ਕਾਰਕੁੰਨਾਂ ਨੂੰ ਇਨਾਂ ਪ੍ਰਦਰਸ਼ਨਾਂ ਦੀਆਂ ਜੋਰਦਾਰ ਤਿਆਰੀਆਂ ਵਿੱਢਣ ਦਾ ਸੱਦਾ ਦਿੱਤਾ । ਇਸ ਮੌਕੇ ਮੀਟਿੰਗ ਵਿੱਚ ਜਿਲਾ ਪ੍ਰੈੱਸ ਸਕੱਤਰ ਭਜਨ ਸਿੰਘ ਢੱਡਰੀਆਂ ਖਜ਼ਾਨਚੀ ਕੁਲਦੀਪ ਸਿੰਘ,ਯੂਥ ਵਿੰਗ ਦੇ ਜਿਲਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ, ਮੀਤ ਪ੍ਰਧਾਨ ਸੁਰਿੰਦਰ ਲੌਂਗੋਵਾਲ, ਜ਼ਿਲਾ ਆਗੂ ਜੁਝਾਰ ਸਿੰਘ ਬਡਰੁੱਖਾਂ, ਸੁਖਦੇਵ ਸਿੰਘ ਉਭਾਵਾਲ ਸਮੇਤ ਵੱਖ ਵੱਖ ਪਿੰਡਾਂ ਦੇ ਆਗੂ ਤੇ ਸਰਗਰਮ ਕਾਰਕੁਨ ਹਾਜ਼ਰ ਸਨ ।