ਸੰਗਰੂਰ 3 ਨਵੰਬਰ

– 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕਾਰਕੁੰਨਾਂ ਅਤੇ ਸਿਆਸੀ ਕੈਦੀਆਂ/ਹਵਾਲਾਤੀਆਂ ਨੂੰ ਰਿਹਾਅ ਕਰਵਾਉਣ ਲਈ ਅੱਜ ਸੰਗਰੂਰ ਦੇ ਰੇਲਵੇ ਸ਼ਟੇਸ਼ਨ ਤੋਂ ਡੀਸੀ ਦਫ਼ਤਰ ਤੱਕ ਕਿਰਤੀ ਕਿਸਾਨ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵਿਸ਼ਾਲ ਰੋਸ਼ ਮੁਜ਼ਾਹਰਾ ਕੀਤਾ। Protest was held for the release of political prisoners.

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਇੰਦਰਾ ਗਾਂਧੀ ਦੇ ਹੋਏ ਕਤਲ ਤੋਂ ਬਾਅਦ ਦਿੱਲੀ, ਕਾਨਪੁਰ ਆਦਿ ਸ਼ਹਿਰਾਂ, ਜੋ ਕਿ ਕਾਂਗਰਸ ਸ਼ਾਸਤ ਪ੍ਰਦੇਸ਼ ਸਨ, ਵਿੱਚ ਯੋਜਨਾ ਬੱਧ ਤਰੀਕੇ ਨਾਲ ਕਾਂਗਰਸ ਦੇ ਆਗੂਆਂ ਵੱਲੋਂ ਭੀੜਾਂ ਨੂੰ ਉਕਸਾ ਕੇ ਸਿੱਖਾਂ ਦਾ ਕਤਲੇਆਮ ਕਰਵਾਇਆ, ਧੀਆਂ ਭੈਣਾਂ ਦੀ ਬੇਪਤੀ ਕੀਤੀ ਤੇ ਸਿੱਖਾਂ ਦੇ ਘਰਾਂ, ਜਾਇਦਾਦਾਂ ਤੇ ਕਾਰੋਬਾਰਾਂ ਨੂੰ ਲੁੱਟਿਆ ਅਤੇ ਅੱਗਾਂ ਲਾਉਣ ਦੀ ਜਾਲਮਾਨਾ ਕਾਰਵਾਈ ਨੂੰ ਅੰਜਾਮ ਦਿੱਤਾ । ਜਿਸ ਦਾ ਸਿੱਖਾਂ ਨੂੰ ਅੱਜ਼ ਤੱਕ ਇੰਨਸਾਫ ਨਹੀਂ ਮਿਲਿਆ ।

ਦੂਜੇ ਪਾਸੇ ਉਸ ਦੌਰ ਦੇ ਸੰਘਰਸ਼ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਤੇ ਆਗੂਆਂ ਨੂੰ ਉਮਰ ਕੈਦਾਂ ਦੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਦਹਾਕਿਆਂ ਬੱਧੀ ਜੇਲਾਂ ਵਿੱਚ ਬੰਦ ਰੱਖਕੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਇਸ ਬਹਾਨੇ ਸਾੜਿਆ ਜਾ ਰਿਹਾ ਹੈ ਕਿ ਇੰਨਾਂ ਦੇ ਬਾਹਰ ਆਉਣ ਨਾਲ ਪੰਜਾਬ ਦੇ ਹਲਾਤ ਖਰਾਬ ਹੋਣ ਦਾ ਡਰ ਹੈ ਜਦੋਂ ਕਿ ਪੰਜਾਬ ਵਿੱਚ ਅਜਿਹਾ ਕੋਈ ਮਾਹੌਲ ਨਹੀਂ ਹੈ। ਇਸ ਤਰ੍ਹਾਂ ਦੇਸ਼ ਦੇ ਸੰਵਿਧਾਨ ਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਸਿੱਖ ਮਾਨਸਿਕਤਾ ਵਿੱਚ ਬੇਗਾਨਗੀ ਦੀ ਭਾਵਨਾਂ ਪੈਦਾ ਕੀਤੀ ਜਾ ਰਹੀ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਜਸਦੀਪ ਸਿੰਘ ਬਹਾਦਰਪੁਰ ਅਤੇ ਮਜਦੂਰ ਆਗੂ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਕੇਂਦਰ ਦੀ  ਹਕੂਮਤ ਨੇ ਸੈੰਕੜੇ ਸਮਾਜਿਕ ਕਾਰਕੁੰਨਾਂ,ਬੁੱਧੀਜੀਵੀਆਂ ,ਲੇਖਕਾਂ ਅਤੇ ਪੱਤਰਕਾਰਾਂ,ਵਿਦਿਆਰਥੀ ਕਾਰਕੁੰਨਾਂ ਨੂੰ ਯੂਏਪੀਏ ਵਰਗੇ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਵੀ ਸਾਲਾਂ ਤੋਂ ਦਿੱਲੀ ਸਮੇਤ ਕਈ ਸੂਬਿਆਂ ਦੀਆਂ ਜੇਲ੍ਹਾਂ ਚ ਸਾੜਿਆ ਜਾ ਰਿਹਾ ਹੈ।

ਅੱਜ ਦੇਸ਼ ਵਿਚ ਲਗਾਤਾਰ ਮਹਿੰਗਾਈ ਵਧ ਰਹੀ ਹੈ, ਦੇਸ਼ ਦੀ ਜਲ, ਜੰਗਲ, ਜ਼ਮੀਨ ਉੱਪਰ ਕਾਰਪੋਰੇਟ ਘਰਾਣੇ ਅਤੇ ਸਾਮਰਾਜੀ ਸਰਮਾਏ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ । ਅਜਿਹੇ ਸਮੇਂ ਦੇਸ਼ ਦੇ ਕਿਸਾਨਾਂ ,ਮਜ਼ਦੂਰਾਂ,ਮੁਲਾਜ਼ਮਾਂ ਦੇ ਸੰਘਰਸ਼ ਤਿੱਖੇ ਹੋ ਰਹੇ ਹਨ ।ਲੋਕਾਂ ਦਾ ਧਿਆਨ ਸੰਘਰਸ਼ਾਂ ਤੋਂ ਪਾਸੇ ਕਰਨ ਲਈ ਅੱਜ ਵੀ ਹਾਕਮ ਜਮਾਤਾਂ ਉਨ੍ਹਾਂ ਨੂੰ ਧਰਮਾਂ ਜਾਤਾਂ ਵਿੱਚ ਵੰਡ ਰਹੀਆਂ ਹਨ ਤੇ ਭਾਰਤ ਵਿਚ ਫਾਸ਼ੀਵਾਦੀ ਤੌਰ ਤਰੀਕਿਆਂ ਰਾਹੀਂ ਰਾਜ ਕਰ ਰਹੀਆਂ ਹਨ ।

ਆਗੂਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਲਾਮਬੰਦੀ ਕਰਕੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ।ਅੱਜ ਦੇ ਰੋਸ ਪ੍ਰਦਰਸ਼ਨ ਨੂੰ ਕਿਸਾਨ ਆਗੂ ਭਜਨ ਸਿੰਘ ਢੱਡਰੀਆਂ ,ਕੁਲਦੀਪ ਸਿੰਘ,ਜੁਝਾਰ ਰ ਸਿੰਘ ਬਡਰੁੱਖਾਂ, ਅਵਤਾਰ ਸਿੰਘ ਸਾਹੋਕੇ ਮਜ਼ਦੂਰ ਆਗੂ ਸੁਖਵਿੰਦਰ ਸਿੰਘ ਬਟੜਿਆਣਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਕਿਸਾਨ ਵਿਕਾਸ ਫਰੰਟ ਦੇ ਆਗੂ ਮਹਿੰਦਰ ਸਿੰਘ ਭੱਠਲ ਨੇ ਵੀ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ।