PRENEET KAUR RAISES THE ISSUE OF CANCELLATION OF TRAIN

ਪ੍ਰਨੀਤ ਕੌਰ ਨੇ ਟਰੇਨ 14525/26 ਇੰਟਰਸਿਟੀ ਐਕਸਪ੍ਰੈਸ ਨੂੰ ਰੱਦ ਕਰਨ ਦਾ ਮੁੱਦਾ ਸੰਸਦ ਵਿੱਚ ਉਠਾਇਆ

ਰੇਲ ਮੰਤਰਾਲੇ ਨੂੰ ਰੇਲਗੱਡੀ ਨੂੰ ਬੰਦ ਕਰਨ ਦੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ

ਦਿੱਲੀ/ਪਟਿਆਲਾ, 7 ਦਸੰਬਰ

ਪਟਿਆਲਾ ਤੋਂ ਸਾਂਸਦ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਜ ਲੋਕ ਸਭਾ ਵਿੱਚ ਅੰਬਾਲਾ-ਸ਼੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ਨੂੰ ਰੱਦ ਕਰਨ ਦਾ ਮੁੱਦਾ ਉਠਾਇਆ।

ਅੱਜ ਲੋਕ ਸਭਾ ਵਿੱਚ ਜ਼ਰੂਰੀ ਜਨਤਕ ਮਹੱਤਵ ਦੇ ਮਾਮਲਿਆਂ ਦੀ ਸੁਣਵਾਈ ਦੌਰਾਨ ਬੋਲਦਿਆਂ, ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਸਪੀਕਰ ਸਾਹਿਬ, ਤੁਹਾਡੇ ਰਾਹੀਂ ਮੈਂ ਰੇਲਵੇ ਮੰਤਰਾਲੇ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਉੱਤਰੀ ਰੇਲਵੇ ਦੇ ਅਧਿਕਾਰੀਆਂ ਨੇ ਰੇਲ ਗੱਡੀ ਨੰਬਰ 14525/14526 ਅੰਬਾਲਾ-ਸ਼੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ਨੂੰ 3 ਮਹੀਨਿਆਂ ਲਈ ਧੁੰਦ ਵਾਲੇ ਮੌਸਮ ਦਾ ਹਵਾਲਾ ਦੇਕੇ ਬੰਦ ਕਰ ਦਿੱਤਾ ਹੈ, ਇਹ ਧਿਆਨ ਵਿੱਚ ਰੱਖੇ ਬਿਨਾਂ ਕਿ ਇਹ ਰੇਲਗੱਡੀ ਉੱਤਰੀ ਭਾਰਤ ਦੇ ਕੰਮਕਾਜੀ ਲੋਕਾਂ ਲਈ ਬਹੁਤ ਜ਼ਰੂਰੀ ਹੈ ਅਤੇ ਮਹੀਨਾਵਾਰ ਸੀਜ਼ਨ ਟਿਕਟ ਧਾਰਕਾਂ ਲਈ ਸਭ ਤੋਂ ਵੱਧ ਸੁਵਿਧਾਜਨਕ ਹੈ ਜੋ ਆਪਣੀ ਨੌਕਰੀ ਤੱਕ ਪਹੁੰਚਣ ਲਈ ਦੂਜੇ ਸ਼ਹਿਰਾਂ ਵਾਸਤੇ ਰੋਜ਼ਾਨਾ ਯਾਤਰਾ ਕਰਦੇ ਹਨ।”

ਪ੍ਰਨੀਤ ਕੌਰ ਨੇ ਅੱਗੇ ਕਿਹਾ, “ਇਕੱਲੇ ਮੇਰੇ ਪਟਿਆਲਾ ਸੰਸਦੀ ਹਲਕੇ ਤੋਂ ਲਗਭਗ 1000 ਲੋਕ ਇਨ੍ਹਾਂ ਦੋਵਾਂ ਰੇਲਗੱਡੀਆਂ ਰਾਹੀਂ ਰੋਜ਼ਾਨਾ ਆਉਂਦੇ-ਜਾਂਦੇ ਹਨ ਅਤੇ ਇਹ ਇਕਲੌਤੀ ਮੇਲ ਟਰੇਨ ਹੈ ਜੋ ਅੰਬਾਲਾ ਕੈਂਟ ਤੋਂ ਸ਼੍ਰੀ ਗੰਗਾਨਗਰ ਤੱਕ ਸਵੇਰ ਤੋਂ ਦੇਰ ਸ਼ਾਮ ਤੱਕ ਚੱਲਦੀ ਹੈ।”

ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਗੇ ਕਿਹਾ, “ਇਸ ਰੇਲਗੱਡੀ ਦੇ ਹਟਣ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਮੈਂ ਰੇਲ ਮੰਤਰੀ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਜਲਦੀ ਤੋਂ ਜਲਦੀ ਇਸ ਟਰੇਨ ਨੂੰ ਮੁੜ ਚਾਲੂ ਕਰਨ ਦੀ ਅਪੀਲ ਕਰਦੀ ਹਾਂ।”