ਪ੍ਰੀਖਿਆਵਾਂ ਦੌਰਾਨ “ਇੱਕ ਦਿਨ ਵਿੱਚ ਇੱਕ ਲੱਖ ਦਾਖਲੇ” ਦੇ ਹੁਕਮ ਚਾੜ੍ਹਨਾ, ਸਿੱਖਿਆ ਮੰਤਰੀ ਦਾ ਗੈਰ ਵਾਜਿਬ ਫ਼ਰਮਾਨ: ਡੀ.ਟੀ.ਐੱਫ.

ਦਾਖਲਾ ਮੁਹਿੰਮ ਕੋਈ ਇੱਕ ਦਿਨ ਦੀ ਪ੍ਰਕਿਰਿਆ ਨਹੀਂ: ਡੀ.ਟੀ.ਐੱਫ.

ਸੰਗਰੂਰ 10 ਮਾਰਚ, ( ਸੁਖਵਿੰਦਰ ਸਿੰਘ ਬਾਵਾ ):-
ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕਾਂ ਨੂੰ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਲਈ ਰਾਤੋ ਰਾਤ ਜਿਸ ਢੰਗ ਨਾਲ਼ ਮਾਨਸਿਕ ਦਬਾਅ ਅਧੀਨ ਲਿਆਉਣ ਦੇ ਹੁਕਮ ਚਾੜ੍ਹੇ ਹਨ । One lakh admissions in a day” – Minister of Education.

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸ਼ਿਸ਼ਟ ਅਤੇ ਸੂਬਾ ਕਮੇਟੀ ਮੈਂਬਰ ਰਘਵੀਰ ਸਿੰਘ ਭਵਾਨੀਗੜ੍ਹ, ਮੇਘ ਰਾਜ ਅਤੇ ਦਲਜੀਤ ਸਫੀਪੁਰ ਨੇ ਉਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਮੰਤਰੀ ਦੇ ਅਜਿਹੇ ਢੰਗ ਤਰੀਕੇ ਨੂੰ ਗੈਰ ਵਾਜਿਬ ਅਤੇ ਵਿਦਿਅਕ ਮਨੋਵਿਗਿਆਨ ਤੋਂ ਪੁਰੀ ਤਰ੍ਹਾਂ ਕੋਰਾ ਕਰਾਰ ਦਿੱਤਾ ਹੈ।

ਆਗੂਆਂ ਨੇ ਕਿਹਾ ਕਿ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਦਾ ਹਾਮੀ ਹੈ, ਪ੍ਰੰਤੂ ਦਾਖਲਾ ਮੁਹਿੰਮ ਕੋਈ ਇੱਕ ਦਿਨ ਦੀ ਪ੍ਰਕਿਰਿਆ ਨਹੀ ਹੁੰਦੀ ਕਿ ਇੱਕ ਦਿਨ ਵਿੱਚ ਹੀ ਸਕੂਲਾਂ ਵਿੱਚ ਦਾਖਲਾ ਵਧਾਉਣ ਦਾ ਨਿਸ਼ਾਨਾ ਮਿੱਥ ਲਿਆ ਜਾਵੇ। ਦਾਖਲੇ ਵਧਾਉਣ ਲਈ ਸਕੂਲਾਂ ਦਾ ਉਸਾਰੂ ਵਿੱਦਿਅਕ ਮਾਹੌਲ, ਸਕੂਲਾਂ ਵਿੱਚ ਪਈਆਂ ਖਾਲੀ ਸਾਰੀਆਂ ਅਸਾਮੀਆਂ ਦਾ ਭਰਨਾ, ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ‘ਤੇ ਮੁਕੰਮਲ ਰੋਕ, ਪੰਜਾਬ ਦੇ ਸਭਨਾਂ ਸਕੂਲਾਂ ਵਿੱਚ ਬਰਾਬਰ ਤੇ ਮਿਆਰੀ ਸਿੱਖਿਆ ਦੇਣ, ਅਧਿਆਪਕਾਂ ਦੀ ਰਿਹਾਇਸ਼ ਸਕੂਲਾਂ ਤੋਂ ਦੂਰੀ ਅਤੇ ਸਕੂਲਾਂ ਵਿੱਚ ਲੋੜੀਂਦੀ ਸਹੂਲਤ ਮੁਹਈਆ ਹੋਣ ਦਾ ਵੀ ਅਹਿਮ ਰੋਲ ਹੁੰਦਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਕਰਮਜੀਤ ਨਦਾਮਪੁਰ, ਕਮਲਜੀਤ ਘੋੜੇਨਾਬ, ਕੁਲਵੰਤ ਖਨੌਰੀ, ਰਾਜ ਸੈਣੀ, ਰਵਿੰਦਰ ਦਿੜਬਾ, ਗੁਰਜੀਤ ਸ਼ਰਮਾ,ਰਮਨ ਗੋਇਲ, ਸੁਖਪਾਲ ਸਫੀਪੁਰ, ਗੌਰਵਜੀਤ ਸਿੰਘ, ਦੀਨਾ ਨਾਥ, ਮਨਜੀਤ ਲਹਿਰਾ ਨੇ ਕਿਹਾ ਕੇ ਸਿੱਖਿਆ ਮੰਤਰੀ ਪੰਜਾਬ ਵੱਲੋਂ ਉਕਤ ਸਹੂਲਤਾਂ ਤੋਂ ਅੱਖਾਂ ਮੀਚ ਕੇ ਜਿਸ ਤਰ੍ਹਾਂ ਇੱਕੋ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦਾ ਦਾਖਲਾ ਕਰਨ ਦੇ ਹੁਕਮ ਚਾੜ੍ਹੇ ਗਏ ਹਨ, ਇਹ ਪੁਰੀ ਤਰ੍ਹਾਂ ਤਰਕਹੀਣ, ਅਧਿਆਪਕਾਂ ‘ਤੇ ਮਾਨਸਿਕ ਦਬਾਅ ਪਾਉਣ ਵਾਲਾ ਅਤੇ ਇੱਕ ਪਾਸੜ ਫ਼ਰਮਾਨ ਹੈ।

ਇਸ ਮੁਹਿੰਮ ਲਈ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਚੱਲ ਰਹੀ ਦਸਵੀਂ ਜਮਾਤ ਦੀ ਪੜ੍ਹਾਈ, ਅਧਿਆਪਕਾਂ ਦੀਆਂ ਮਾਰਕਿੰਗ ਡਿਊਟੀਆਂ, ਸਾਲ ਭਰ ਦੀਆਂ ਸਿਰਫ ਮਾਰਚ ਮਹੀਨੇ ਵਿੱਚ ਜਾਰੀ ਹੋਈਆਂ ਗ੍ਰਾਂਟਾਂ ਖਰਚ ਕਰਨ ਦਾ ਕੰਮ ਅਤੇ ਬਾਕੀ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ ਜੋ ਕਿ ਸਾਬਤ ਕਰਦਾ ਹੈ ਕਿ ਵਿਭਾਗ ਕੋਲ ਕੋਈ ਠੋਸ ਯੋਜਨਾਬੰਦੀ ਨਹੀਂ ਹੈ। ਆਗੂਆਂ ਨੇ ਸਿੱਖਿਆ ਵਿਭਾਗ ‘ਤੇ ਪ੍ਰਸ਼ਨ ਉਠਾਉਂਦਿਆਂ ਕਿਹਾ ਕਿ ਜਿਹੜੇ ਵਿਭਾਗ ਤੋਂ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਦੇ ਬਾਵਜੂਦ 4161 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਪਿਛਲੇ ਛੇ ਮਹੀਨਿਆਂ ਵਿੱਚ ਸਿਰੇ ਨਹੀਂ ਲੱਗੀ, 8637 ਕੱਚੇ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ, 200 ਦੇ ਕਰੀਬ ਪ੍ਰਿੰਸੀਪਲਾਂ ਨੂੰ ਪਦਉੱਨਤ ਹੋਣ ਦੇ ਬਾਵਜੂਦ ਕਈ ਮਹੀਨਿਆਂ ਤੋਂ ਸਟੇਸ਼ਨ ਚੋਣ ਤੱਕ ਨਹੀਂ ਕਾਰਵਾਈ ਗਈ, ਪ੍ਰੀਖਿਆਵਾਂ ਨੂੰ ਬਿਨਾਂ ਕਾਰਣ ਅਪ੍ਰੈਲ ਅੰਤ ਤੱਕ ਲਟਕਾ ਦਿੱਤਾ ਗਿਆ, ਉਸੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੋਂ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਦੇ ਹੁਕਮ ਚਾੜ੍ਹਨੇ ਕਿੰਨੇ ਕੁ ਜਾਇਜ਼ ਹਨ।

ਜੇਕਰ ਤੁਸੀਂ ਵੀ ਆਪਣੇ ਵਿਚਾਰ ਪੰਜਾਬਨਾਮਾ ਪਲੇਟਫਾਰਮ ਰਾਹੀ ਪਬਲਿਕ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ 9855154888 ਤੇ ਸੰਪਰਕ ਕਰੋਂ ਜਾਂ 9056664887 ਤੇ ਵਟਸਅੱਪ ਕਰੋਂ । ਵਟਸਅੱਪ ਨੰਬਰ ਨੂੰ ਆਪਣੇ ਗਰੁੱਪ ਵਿਚ ਸ਼ਾਮਲ ਕਰੋਂ।

ਇਸੇ ਤਰ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਵਿਭਾਗ ਵੱਲੋਂ ਸਕੂਲਾਂ ਵਿੱਚੋਂ ਕੱਢੇ ਕੇ ਸਿਰਫ ਅੰਕੜੇ ਇਕੱਠੇ ਕਰਨ ਲਈ ਲਾਈਆਂ ਪੜ੍ਹੋ ਪੰਜਾਬ ਟੀਮਾਂ ਨੂੰ ਹਾਲੇ ਤੱਕ ਪਿਤਰੀ ਸਕੂਲਾਂ ਵਿੱਚ ਵਾਪਸ ਨਹੀਂ ਭੇਜਿਆ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਦੀ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਦੀ ਗ਼ੈਰਵਾਜਬ ਮੁਹਿੰਮ ਤਹਿਤ ਜੇਕਰ ਕਿਸੇ ਵੀ ਪੱਧਰ ਦੇ ਸਿੱਖਿਆ ਅਧਿਕਾਰੀ ਵੱਲੋਂ ਕਿਸੇ ਅਧਿਆਪਕ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਇਸ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।