ਪੁਲਿਸ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨ ਲਈ ਸੌਂਪਿਆ ਮੰਗ ਪੱਤਰ

 

ਸੰਗਰੂਰ, 8 ਅਕਤੂਬਰ (ਬਾਵਾ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਲੱਗੇ ਬੋਰਡ ਨੂੰ ਗੰਦਗੀ ਦੇ ਢੇਰ ਤੇ ਸੁੱਟ ਕੇ ਕੀਤੀ ਬੇਅਦਵੀ ਨੂੰ ਲੈਕੇ ਸਿਰਫ਼ ਵਾਲਮੀਕਿ ਸਮਾਜ ਹੀ ਨਹੀਂ ਬਲਕਿ ਸਮੂਹ ਦਲਿਤ ਸਮਾਜ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ । Desecration of Lord Valmiki ji’s form: Dalit society is in turmoil.

ਵਾਲਮੀਕਿ ਸਮਾਜ ਵੱਲੋਂ ਜਿੱਥੇ ਐਸ ਸੀ ਕਮਿਸ਼ਨ ਭਾਰਤ ਤੇ ਐਸ ਸੀ ਕਮਿਸ਼ਨ ਪੰਜਾਬ ਨੂੰ ਪੱਤਰ ਭੇਜੇ ਗਏ ਹਨ, ਉੱਥੇ ਹੀ ਵਾਲਮੀਕਿ ਸਮਾਜ ਦੇ ਇੱਕ ਵਫਦ ਵੱਲੋਂ ਪੁਲੀਸ ਪ੍ਰਸ਼ਾਸਨ ਤੋਂ ਭਗਵਾਨ ਵਾਲਮੀਕਿ ਜੀ ਦੇ ਸਰੂਪ ਵਾਲੇ ਫਲੈਕਸ ਬੋਰਡ ਨੂੰ ਗੰਦਗੀ ਵਿੱਚ ਸੁੱਟ ਕੇ ਬੇਅਦਬੀ ਕਰਨ ਵਾਲੇ ਅਤੇ ਗੰਦਗੀ ਵਿੱਚ ਪਏ ਉਸ ਫਲੈਕਸ ਬੋਰਡ ਦੀਆਂ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਥਾਣਾ ਸਿਟੀ ਸੰਗਰੂਰ ਦੇ ਮੁਖੀ ਦੇ ਨਾਮ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਕਾਂਗੜਾ, ਯੂਥ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਮੁਕੇਸ਼ ਰਤਨਾਕਰ ਅਤੇ ਸੀਨੀਅਰ ਦਲਿਤ ਆਗੂ ਸ਼੍ਰੀ ਵਿਜੇ ਲੰਕੇਸ਼ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦੇਣ ਸਬੰਧੀ ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਸ਼ਹਿਰ ਅੰਦਰ ਭਗਵਾਨ ਵਾਲਮੀਕਿ ਜੀ ਦੇ ਸਰੂਪ ਵਾਲੇ ਫਲੈਕਸ ਬੋਰਡ ਲਗਾਏ ਗਏ ਹਨ, ਜਿਨ੍ਹਾਂ ਵਿਚੋਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਸ਼ਹਿਰ ਦੇ ਮਹਾਰਾਜਾ ਅਗਰਸੈਨ ਚੌਂਕ ਵਿੱਚ ਲੱਗੇ ਭਗਵਾਨ ਵਾਲਮੀਕਿ ਜੀ ਦੇ ਸਰੂਪ ਵਾਲੇ ਫਲੈਕਸ ਬੋਰਡ ਨੂੰ ਉਤਾਰ ਕੇ ਨਾਲ ਹੀ ਪਏ ਗੰਦਗੀ ਦੇ ਢੇਰ ਤੇ ਸੁੱਟ ਕੇ ਭਗਵਾਨ ਵਾਲਮੀਕਿ ਜੀ ਦੇ ਸਰੂਪ ਦੀ ਬੇਅਦਵੀ ਕੀਤੀ ਗਈ ਹੈ । ਜਿਸ ਨਾਲ ਵਾਲਮੀਕਿ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਗਈ ਹੈ ।

ਉਨ੍ਹਾਂ ਕਿਹਾ ਕਿ ਚੌਂਕ ਵਿੱਚ ਲੱਗੇ 10-12 ਫਲੈਕਸ ਬੋਰਡਾਂ ਵਿਚੋਂ ਵੱਖ ਵੱਖ ਪ੍ਰੋਗਰਾਮਾਂ ਦੇ 5-6 ਫਲੈਕਸ ਬੋਰਡ ਉਤਾਰੇ ਗਏ ਹਨ ਸਮਾਜ ਵਿਰੋਧੀ ਅਨਸਰਾਂ ਵੱਲੋਂ ਬਾਕੀ ਬੋਰਡਾ ਨੂੰ ਸਾਫ਼ ਜਗਾ ਤੇ ਰੱਖਿਆ ਗਿਆ ਹੈ । ਸਿਰਫ ਭਗਵਾਨ ਵਾਲਮੀਕਿ ਜੀ ਦੇ ਸਰੂਪ ਵਾਲੇ ਬੋਰਡ ਨੂੰ ਹੀ ਗੰਦਗੀ ਵਿੱਚ ਸੁੱਟਿਆ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਅਣਜਾਣੇ ਵਿੱਚ ਨਹੀਂ ਮਾਹੌਲ ਖ਼ਰਾਬ ਕਰਨ ਲਈ ਸਗੋਂ ਜਾਣ ਬੁੱਝ ਕੇ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਬੇਨਕਾਬ ਕਰਨਾ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਅਤਿ ਜ਼ਰੂਰੀ ਹੈ ।

ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਭਗਵਾਨ ਵਾਲਮੀਕਿ ਜੀ ਦੇ ਸਰੂਪ ਦੀ ਬੇਅਦਵੀ ਕਰਨ ਵਾਲਿਆ ਵਿਰੁੱਧ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਮੋਰਚਾ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ।

ਇਸ ਮੌਕੇ ਵੀਰ ਜੋਗਿੰਦਰ ਸਿੰਘ, ਕਮਲ ਕੁਮਾਰ ਗੋਗਾ, ਸੁਖਪਾਲ ਸਿੰਘ ਭੰਮਾਬੱਦੀ, ਹੈਪੀ,ਅਮਰਿੰਦਰ ਸਿੰਘ ਬੱਬੀ, ਅਮਿਤ ਕੁਮਾਰ, ਵੀਰਪਾਲ ਗਿੱਲ, ਸੰਜੀਵ ਕੁਮਾਰ ਬੇਦੀ, ਰਾਣਾ, ਜਗਸੀਰ ਸਿੰਘ ਜੱਗਾ, ਸ਼ਾਮ ਸਿੰਘ ਮਿਸ਼ਰਾ, ਸਾਜਨ ਕਾਂਗੜਾ, ਰਵੀ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਅਮਨ ਭਿੰਦਾ, ਰਾਜਨ,ਸੀਭੂ, ਹਰਮਨ, ਸੰਦੀਪ ਸਿੰਘ, ਪੁਸ਼ਵਿੰਦਰ ਸਿੰਘ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।