ਮੂਸੇਵਾਲਾ ਕਤਲ ਕਾਂਡ ਨੂੰ ਲੈਕੇ ਪੰਜਾਬ ਸਰਕਾਰ ਹਰ ਪਾਸਿਓ ਘਿਰਦੀ ਨਜ਼ਰ ਆ ਰਹੀ ਹੈ। ਸੁਪਰੀਮ ਕੋਰਟ ਵਿੱਚ ਏਜੀ ਪੰਜਾਬ ਵੱਲੋਂ ਸਿੱਧੂ ਮੂਸੇਵਾਲਾ ਦੀ ਮੌਤ ਅਤੇ ਉਸ ਦੀ ਸੁਰੱਖਿਆ ਵਿੱਚ ਕਟੌਤੀ ਦੀ ਗੱਲ ਨੂੰ ਲੈਕੇ ਦਿੱਤਾ ਗਿਆ ਹਵਾਲਾ ਵਿਰੋਧੀਆਂ ਦਾ ਮੁੱਖ ਹਥਿਆਰ ਬਣ ਗਿਆ ਹੈ।

ਜਿੱਥੇ ਬੀਤੇ ਦਿਨ ਕਾਂਗਰਸ ਨੇ ਸੀਐੱਮ ਮਾਨ ਨੂੰ ਮਸਲੇ ਉੱਤੇ ਘੇਰਿਆ ਸੀ ਹੁਣ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੀਐੱਮ ਮਾਨ ਨੂੰ ਨਿਸ਼ਾਨੇ ਉੱਤੇ ਲਿਆ ਹੈ। ਸਿੱਧੂ ਮੂਸੇਵਾਲਾ  ਦੀ ਮੌਤ ਸਿਰਫ਼ ਉਸਦੀ ਸੁਰੱਖਿਆ ਵਾਪਸ ਲੈਣ ਕਾਰਨ ਨਹੀਂ ਹੋਈ, ਜਿਵੇਂ ਕਿ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਦਾਅਵਾ ਕੀਤਾ ਸੀ।

ਸੁਨੀਲ ਜਾਖੜ,ਪ੍ਰਧਾਨ, ਪੰਜਾਬ ਭਾਜਪਾ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝਾ ਕਰ ਦੀਆਂ ਲਿਖਿਆ ਕਿ ਮੂਸੇਵਾਲਾ ਦੀ ਮੌਤ ਦਾ ਕਾਰਣ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਸੋਸ਼ਲ ਮੀਡੀਆ ਪੋਸਟ ਵੀ ਹੈ, ਜਿਸ ਵਿਚ ਉਹ ਸੁਰੱਖਿਆ ਘਟਾਉਣ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਖਾਸ ਤੌਰ ‘ਤੇ ਜਿਸ ਵਿਚ ਗਾਇਕ ਮੂਸੇਵਾਲਾ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਨਾਲ ਉਸ ਦੇ ਕਾਤਲਾਂ ਨੂੰ ਉਹ ਮੌਕਾ ਮਿਲ ਗਿਆ, ਜਿਸ ਦੀ ਉਹ ਤਾਕ ਵਿਚ ਸਨ l

ਸੁਨੀਲ ਜਾਖੜ ਨੇ  ਲਿਖਿਆ ਕਿ ‘ਸਸਤੀ’ ਪਬਲੀਸਿਟੀ ਲੈਣ ਦਾ ਮੁੱਖ ਮੰਤਰੀ ਦਾ ਜਨੂੰਨ ਮੂਸੇਵਾਲਾ ਨੂੰ ਬੜਾ ਹੀ ਮਹਿੰਗਾ ਪਿਆ ਜਿਸ ਦੀ ਕੀਮਤ ਉਸ ਨੂੰ ਅਪਣੀ ਜਾਨ ਨਾਲ ਚੁਕਾਣੀ ਪਈ l

ਇਹ ਵੀ ਪੜ੍ਹੋ – ਪੰਜਾਬ ਦੇ ਮੁੱਦੇ ਕਿਥੇ ਗਏ

ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਗਏ ਹਲਫਮਾਨੇ ਅੰਦਰ ਖੁੱਦ ਇਹ ਗੱਲ ਕਬੂਲੀ ਗਈ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੇ ਜਾਣ ਦੇ ਕਾਰਨ ਹੀ ਉਸਦਾ ਕਤਲ ਹੋਇਆ ਹੈ।

ਉਹਨਾਂ ਕਿਹਾ ਕਿ ਹੁਣ ਸੱਚ ਖੁਦ ਸਾਹਮਣੇ ਆ ਗਿਆ ਹੈ ਅਤੇ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰੇ ਜੋ ਮੂਸੇਵਾਲਾ ਦੇ ਕਤਲ ਲਈ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਜ਼ਿੰਮੇਵਾਰ ਹਨ।

ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਇਸ ਮਾਮਲੇ ‘ਚ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਸਰਕਾਰ ਨੇ ਸੁਪਰੀਮ ਕੋਰਟ ‘ਚ ਦਿੱਤੇ ਕਾਗਜ਼ਾਂ ‘ਚ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਸ ਦੇ ਸੁਰੱਖਿਆ ਕੰਮਾਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਸਰਕਾਰ ਜ਼ਿੰਮੇਵਾਰ ਹੈ।

ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਆਗੂ ਵੀ ਇਸ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਲਈ ਕੀਤੇ ਗਏ ਸੁਰੱਖਿਆ ਕੰਮਾਂ ਦੇ ਦਸਤਾਵੇਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਸਨ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਸਬੰਧੀ ਦਸਤਾਵੇਜ਼ ਸਾਂਝੇ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਜਾਵੇ।