ਚੰਡੀਗੜ੍ਹ, 10 ਨਵੰਬਰ :
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੁਲਿਸ ਕਰਮਚਾਰੀਆਂ ਦੇ ਨਾਮ ‘ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਸਰਪੰਚ ਹਰਜੀਤ ਸਿੰਘ ਗੁੱਲੂ, ਪਿੰਡ ਮੱਟਰਾਂ, ਐਸ.ਏ.ਐਸ.ਨਗਰ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ। case has been registered against the sarpanch

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਰਪੰਚ ਵਿਰੁੱਧ ਥਾਣਾ ਡੇਰਾਬੱਸੀ ਦੇ ਪਿੰਡ ਬਰੌਲੀ ਦੀ ਵਸਨੀਕ ਸਰਬਜੀਤ ਕੌਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਕਰਵਾਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਅਤੇ ਇਸ ਸਬੰਧੀ ਪੇਸ਼ ਸਬੂਤਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਸਰਪੰਚ ਨੇ ਸ਼ਿਕਾਇਤਕਰਤਾ ਤੋਂ ਐਸ.ਏ.ਐਸ. ਨਗਰ ਦੇ ਸੋਹਾਣਾ ਪੁਲਿਸ ਥਾਣੇ ਵਿੱਚ ਪੜਤਾਲ ਅਧੀਨ ਇੱਕ ਸ਼ਿਕਾਇਤ ਦੇ ਮਾਮਲੇ ‘ਚ ਇਨਸਾਫ਼ ਦਿਵਾਉਣ ਲਈ ਇੱਕ ਪੁਲਿਸ ਕਰਮਚਾਰੀ ਨੂੰ 10,000 ਰੁਪਏ ਰਿਸ਼ਵਤ ਵਜੋਂ ਦੇਣ ਵਾਸਤੇ ਲਏ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਦੋਸ਼ ਸਹੀ ਪਾਏ ਗਏ ਅਤੇ ਉਕਤ ਸਰਪੰਚ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਧੀਨ ਐਫ.ਆਈ.ਆਰ ਨੰ. 23 ਮਿਤੀ 09-11-2022 ਨੂੰ ਵਿਜੀਲੈਂਸ ਬਿਊਰੋ ਉਡਣ ਦਸਤਾ-1, ਪੁਲਿਸ ਥਾਣਾ, ਐਸ.ਏ.ਐਸ.ਨਗਰ ਵਿਖੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਸੀ।