Bargari case Defeat Certain ? SGPC release from the Badals ?

 

 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

ਧੰਨੁ ਸੁ ਦੇਸ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ

 

ਅਕਾਲ ਪੁਰਖ ਪੂਰੀ ਦੁਨੀਆ ਵਿੱਚ ਕਣ ਕਣ ਵਿਚ ਬਿਰਾਜਮਾਨ ਹੈ, ਉਸ ਸਿੱਖ ਵੀ ਪੂਰੀ ਦੁਨੀਆ ਵਿੱਚ ਹਨ, ਪਰ ਜੜ੍ਹ ਪੰਜਾਬ ਵਿੱਚ ਲੱਗੀ ਹੋਈ ਹੈ। ਦੋਹਾਂ ਪੰਜਾਬਾਂ ਵਿੱਚ। ਪੂਰਬੀ ਅਤੇ ਪੱਛਮੀ

 

ਸਿੱਖੀ ਨੂੰ ਇਸ ਵੇਲੇ ਸਭ ਤੋਂ ਵੱਡੀ ਚੁਣੋਤੀ ਇਸ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਵਿੱਚ ਵੱਡੀਆਂ ਧਾਂਧਲੇਬਾਜ਼ੀਆਂ ਦਾ ਸਾਹਮਣੇ ਆਉਣਾ ਹੈ। ਗੁਰੂ ਸਾਹਿਬਾਨ ਵੱਲੋਂ ਸਥਾਪਿਤ ਸੰਸਥਾਵਾਂ ਦਾ ਸਿੱਖੀ ਦੇ ਵਿਰੋਧੀ ਮਸੰਦਾਂ  ਨੂੰ ਫ਼ਾਇਦੇ ਪਹੁੰਚਾਉਣ ਲਈ ਵਰਤਿਆ ਜਾ ਰਿਹਾ ਹੈ। ਜਿਸ ਲਈ ਸਭ ਤੋਂ ਜ਼ਿਆਦਾ ਸਿੱਖੀ ਸੰਘਰਸ਼ ਵਿੱਚੋਂ ਨਿਕਲਿਆ ਜਥਾ ਅਕਾਲੀ ਦਲ ਹੀ ਹੈ।

ਭਗਵੰਤ ਮਾਨ ਭਾਵੇਂ ਸੰਪੂਰਨ ਸਿੱਖ ਨਹੀਂ ਹੈ, ਪਰ ਜੋ ਉਹ ਜਾਣੇ ਅਨਜਾਣੇ ਵਿੱਚ ਕਰ ਬੈਠਾ, ਉਸ ਦਾ ਵਿਰੋਧ ਬਹੁਤ ਹੋਇਆ, ਪਰ ਉਸ ਦਾ ਫ਼ਾਇਦਾ ਸਿੱਖ ਜਗਤ ਨੂੰ ਬਹੁਤ ਹੋਇਆ। ਪੰਥ ਜਾਗ ਗਿਆ, ਜੋ ਦਹਾਕਿਆਂ ਤੋਂ ਸੁੱਤਾ ਪਿਆ ਸੀ। ਪਹਿਲਾਂ ਉਸ ਨੇ ਕੀਰਤਨ ਤੇ ਕਾਬਜ਼ ਬਾਦਲਾਂ ਦੇ ਚੈਨਲ ਤੇ ਅਸਿੱਧਾ ਵਾਰ ਕੀਤਾ, ਜਿਸ ਨਾਲ ਕਬਜ਼ਾ ਤਾਂ ਨਹੀਂ ਹਟਿਆ, ਪਰ ਕਮਜ਼ੋਰ ਬਹੁਤ ਪੈ ਗਿਆ ਹੈ।ਹੁਣ ਮਜਬੂਰੀ ਵਿੱਚ ਉਸ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕਰਵਾਉਣਾ ਪੈ ਰਿਹਾ ਹੈ, ਜਿਸ ਨਾਲ ਪੂਰੀ ਸਿੱਖ ਸੰਗਤ ਵਿੱਚ ਅਨੰਦ ਦੀ ਅਤੇ ਅਗਲੇ ਸਮੇਂ ਵਿੱਚ ਕਰਨ ਵਾਲੇ ਕਾਰਜਾਂ ਲਈ ਤਿਆਰ ਹੋਣ ਦੀ ਲਹਿਰ ਦੌੜ ਗਈ ਹੈ।

 

ਮੈਂ ਭਗਵੰਤ ਮਾਨ ਦੀ ਪ੍ਰਸ਼ੰਸਾ ਨਹੀਂ ਕਰ ਰਿਹਾ ਹਾਂ, ਪਰ ਸਿੱਖੀ ਲਈ ਸੁਚੇਤ ਅਤੇ ਚਿੰਤਤ ਸੰਗਤ ਨੂੰ ਇਹ ਸਮਝਣਾ ਪੈਣਾ ਹੈ, ਕਿ ਇਹ ਸਮਾਂ ਬਹੁਤ ਅਨੁਕੂਲ ਹੈ ਸਿੱਖੀ ਦੇ ਦੁਸ਼ਮਣਾਂ ਦੇ ਵਿਰੁੱਧ ਆਪਣੇ ਆਪ ਨੂੰ ਤਕੜੇ ਕਰਨ ਦਾ।ਮੈਂ ਆਪ ਨੂੰ ਹਾਲੇ ਸੰਗਠਿਤ ਹੋਣ ਲਈ ਵੀ ਨਹੀਂ ਕਹਿ ਰਿਹਾ, ਕਿਉਂਕਿ ਬਾਦਲਾਂ ਦੇ ਦੁਸ਼ਮਣਾਂ ਨੂੰ ਸਿਰਫ਼ ਉਸ ਦੇ ਵਿਰੋਧੀ ਹੋਣ ਕਰਕੇ ਵੋਟਾਂ ਪਾ ਦੇਣਾ, ਉਹੀ ਨਾਲਾਇਕੀ ਸਾਬਤ ਹੋਵੇਗੀ, ਜੋ ਅਸੀਂ ਪੰਜਾਬ ਸਰਕਾਰ ਨੂੰ 2022 ਵਿੱਚ ਚੁਣਨ ਸਮੇਂ ਕਰ ਚੁੱਕੇ ਹਾਂ। ਵਾਰ ਵਾਰ ਗ਼ਲਤੀਆਂ ਕਰਨ ਵਾਲਾ ਮੂਰਖ ਅਖਵਾਉਂਦਾ ਹੈ।

 

ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਅਜ਼ਾਦ ਕਰਵਾਉਣਾ ਹੈ, ਉਸ ਦੇ ਲਈ ਜਿਹੜਾ ਸਭ ਤੋਂ ਅਹਿਮ ਕੰਮ ਕਰਨ ਵਾਲਾ ਹੈ, ਉਹ ਹੈ ਨਵੀਂਆਂ ਬਣਨ ਵਾਲੀਆਂ ਵੋਟਰ ਸੂਚੀ ਵਿੱਚ ਆਪਣਾ ਨਾਲ ਸ਼ਾਮਲ ਕਰਵਾਉਣਾ ਨਿਸ਼ਚਤ ਕਰਨਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਲਈ ਵੋਟਾਂ ਪਾਉਣ ਵਾਲਿਆਂ ਲਈ ਕੁਝ ਨਿਯਮਾਵਲੀ ਭਾਰਤੀ ਸੰਸਦ ਤੋਂ ਪਹਿਲਾਂ ਹੀ ਪਾਸ ਕਰਵਾ ਲਈ ਗਈ ਹੈ, ਜਿਸ ਕਰਕੇ ਇਕ ਸਹਿਜਧਾਰੀ ਸਿੱਖ ਸੰਗਠਨ ਪੈਦਾ ਹੁੰਦਾ ਹੈ, ਜਿਸ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਉਸ ਸੰਗਠਨ ਦੀਆਂ ਸਿਰਫ਼ ਰਾਜਸੀ ਲਾਲਸਾਵਾਂ ਕਾਰਨ ਉਨ੍ਹਾਂ ਨੇ ਅਦਾਲਤ ਵਿੱਚ ਕੇਸ਼ ਕੀਤਾ ਅਤੇ ਇਹਨਾਂ ਬਾਦਲਾਂ ਨੂੰ ਕਮੇਟੀ ਤੇ 13 ਸਾਲ ਰਾਜ ਕਰਨ ਦਾ ਮੌਕਾ ਮਿਲਿਆ। ਪੰਥ ਦਾ ਨਿਘਾਰ ਕਿੱਥੇ ਆ‌ਿ ਗਿਆ ਹੈ?

 

ਜਦੋਂ ਤੱਕ ਇਹਨਾਂ ਮੌਜੂਦਾ ਕਾਬਜ਼ਕਾਰਾਂ ਨੂੰ ਕਮੇਟੀ ਦੇ ਪ੍ਰਬੰਧਨ ਤੋਂ ਦੂਰ ਨਹੀਂ ਕਰਦੇ, ਉਦੋਂ ਤੱਕ ਸਹਿਜਧਾਰੀਆਂ ਨੂੰ ਕਮੇਟੀ ਚੋਣਾਂ ਵਿੱਚ ਸ਼ਾਮਲ ਕਰਨ ਬਾਰੇ ਜਾਂ ਨਾ ਕਰਨ ਬਾਰੇ ਪੰਥ ਫ਼ੈਸਲਾ ਨਹੀਂ ਲੈ ਸਕਦਾ। ਇਹ ਫ਼ੈਸਲਾ ਪੰਥ ਦਾ ਹੋਣਾ ਚਾਹੀਦਾ ਹੈ, ਜਿਸ ਵਿੱਚ ਗੁਰੂ ਬਿਰਾਜਮਾਨ ਹਨ, ਨਾ ਕਿ ਦੁਨਿਆਵੀ ਅਦਾਲਤਾਂ ਦਾ, ਜੋ ਆਪਣੇ ਰਾਜਸੀ ਨੇਤਾਵਾਂ ਨੂੰ ਖੁਸ਼ ਕਰਨ ਲਈ ਕਈ ਵਾਰ ਇਨਸਾਫ਼ ਤੋਂ ਖੁੰਝ ਜਾਂਦੀਆਂ ਹਨ।

 

ਸੋ ਤੁਸੀਂ ਆਪਣੀਆਂ ਵੋਟਾਂ ਬਣਵਾਓ, ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਆਲ਼ੇ ਦੁਆਲੇ ਦੇ 25 ਸਿੱਖਾਂ ਨੂੰ ਵੋਟਾਂ ਬਣਾਉਣ ਬਾਰੇ ਪ੍ਰੇਰਿਤ ਵੀ ਕਰਨਾ ਹੈ ਅਤੇ ਜੇਕਰ ਥੋੜ੍ਹੀ ਨੱਠ ਭੱਜ ਕਰਨੀ ਪਵੇ ਤਾਂ ਉਹ ਵੀ ਕਰਨੀ ਹੈ। ਕਿਸੇ ਵੀ ਰਾਜਸੀ ਸੰਗਠਨ ਲਈ ਕੰਮ ਨਹੀਂ ਕਰਨਾ ਹੈ, ਸਿਰਫ਼ ਤੇ ਸਿਰਫ਼ ਗੁਰੂ ਨਾਨਕ ਦੀ ਸੇਵਾ ਕਰਨ ਦਾ ਪ੍ਰਣ ਲੈ ਕੇ ਕਾਰਜ ਕਰਨਾ ਹੈ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਕਾਲੀਆਂ, ਕਾਂਗਰਸੀਆਂ, ਆਪੀਆਂ ਭਾਜਪਾ, ਬਸਪਾ ਅਤੇ ਬਾਕੀ ਹੋਰ ਪਾਰਟੀਆਂ ਦੇ ਸੇਵਾ ਤਾਂ ਹੁੰਦੀ ਰਹੇਗੀ, ਹੁਣ ਤੁਸੀਂ ਇਹਨਾਂ ਸਭ ਤੋਂ ਉਪਰ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਪੰਥ ਦੀ ਸੇਵਾ ਕਰ ਲਓ। ਇਤਿਹਾਸ ਤੁਹਾਨੂੰ ਮੈਨੂੰ ਸਾਨੂੰ ਮਾਫ਼ ਨਹੀਂ ਕਰੇਗਾ, ਜੇਕਰ ਅਸੀਂ ਇਸ ਮੌਕੇ ਦਾ ਫ਼ਾਇਦਾ ਉਠਾਉਣ ਤੋਂ ਖੁੰਝ ਗਏ। ਸਾਡਾ ਤੁਹਾਡਾ ਨਾਮ ਵੀ ਪੰਥ ਦੇ ਗ਼ੱਦਾਰਾਂ ਵਿੱਚ ਲਿਆ ਜਾਵੇਗਾ, ਕਿਉਂਕਿ ਸਭ ਕੁਝ ਦੇਖਦੇ ਹੋਏ ਵੀ ਅਸੀਂ ਆਪਣੇ ਹਿੱਸੇ ਦਾ ਸਹੀ ਕਾਰਜ ਨਹੀਂ ਕਰ ਸਕਦੇ, ਤਾਂ ਫਿਰ ਸਿੱਖੀ ਕਾਹਦੀ?

 

ਸੋ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਦੀ ਮੁਕਤੀ ਦਾ ਸਮਾਂ ਨੇੜੇ ਆ ਰਿਹਾ ਹੈ, ਸਾਨੂੰ ਫ਼ਿਲਹਾਲ ਆਪਣੀਆਂ ਵੋਟਾਂ ਬਣਾ ਕੇ ਤਿਆਰ ਹੋ ਜਾਣਾ ਚਾਹੀਦਾ ਹੈ। ਪੰਜਾਬ ਨਾਮਾ ਤੇ ਹਰ ਜ਼ਿਲ੍ਹੇ ਦੇ ਵੋਟਾਂ ਬਣਾਉਣ ਵਾਲੇ ਕਰਮਚਾਰੀਆਂ ਦੇ ਵੇਰਵੇ ਨਸ਼ਰ ਕੀਤੇ ਜਾਣਗੇ, ਤਾਂ ਜੋ ਆਪਾਂ ਸਹਿਜੇ ਹੀ ਉਨ੍ਹਾਂ ਨਾਲ ਸੰਪਰਕ ਸਾਧਕੇ ਵੋਟਾਂ ਬਣਾ ਸਕੀਏ। ਹੁਣ ਸਿੱਖੀ ਨਾਲ ਜੁੜੀ ਅਤੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਦੂਜੀ ਵੱਡੀ ਗੱਲ।

 

 

 

ਰਾਹੁਲ ਗਾਂਧੀ ਦਰਬਾਰ ਸਾਹਿਬ ਵਿੱਚ ਸੇਵਾ ਕਰਕੇ ਵਾਪਸ ਜਾ ਚੁੱਕਿਆ ਹੈ। ਉਸ ਦੀ ਯਾਤਰਾ ਦਾ ਮੰਤਵ ਸਮਝ ਆ ਰਿਹਾ ਹੈ। ਦੇਖੋ ਉਸ ਦੇ ਦਰਬਾਰ ਸਾਹਿਬ ਵਿਖੇ ਆਉਣ ਤੋਂ ਬਿਲਕੁਲ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਵੋਟਰਾਂ ਦੀਆਂ ਸੂਚੀਆਂ ਦੀ ਸੁਧਾਈ ਦੇ ਹੁਕਮ ਟਵੀਟ ਕਰਦਾ ਹੈ, ਜਦੋਂ ਕਿ ਉਹ ਦਾ ਧਾਰਮਿਕ ਮਸਲਿਆਂ ਵਿੱਚ ਵੋਟਾਂ ਕਰਵਾਉਣ ਦਾ ਕੋਈ ਅਧਾਰ ਨਹੀਂ ਹੈ। ਤਿੰਨ ਮਹੀਨੇ ਪਹਿਲਾਂ ਗੁਰਦੁਆਰਾ ਚੋਣ ਕਮਿਸ਼ਨਰ ਸਰਦਾਰ ਬਹਾਦਰ ਸਾਰੋਂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਇਹ ਕੰਮ ਕਰਨ ਦੇ ਨਿਰਦੇਸ਼ ਦੇ ਦਿੱਤੇ ਸਨ, ਪਰ ਪੰਜਾਬ ਸਰਕਾਰ ਆਪਣੀ ਰਾਜਨੀਤਕ ਪਹੁੰਚ ਦੇ ਹਿਸਾਬ ਨਾਲ ਹੀ ਵੋਟਾਂ ਬਣਨ ਨੂੰ ਰੋਕ ਰਹੀ ਸੀ। ਪਰ ਹੁਣ ਜਦੋਂ ਅਦਾਲਤ ਤੋਂ ਅਵਾਜ਼ ਪਈ ਇਹ ਪੁੱਛਣ ਲਈ ਕਿ ਵੋਟਰ ਸੂਚੀਆਂ ਦੀ ਸੁਧਾਈ ਕਿਉਂ ਨਹੀਂ ਕੀਤੀ ਜਾ ਰਹੀ ਤਾਂ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਤੇ ਆਉਣ ਨਾਲ ਸਿੱਖੀ ਭਾਵਨਾਵਾਂ ਵਿੱਚ ਆਈ ਕੋਮਲਤਾ ਨੂੰ ਦੇਖਦੇ ਇਸ ਕਾਰਜ ਨੂੰ ਰਾਜਨੀਤੀ ਤੋਂ ਪ੍ਰੇਰਿਤ ਹੋਕੇ ਐਲਾਨ ਦਿੱਤਾ ਹੈ। ਭਗਵੰਤ ਮਾਨ ਦਾ ਉਸਤਾਦ ਕੇਜਰੀਵਾਲ ਸਾਹਿਬ ਭਾਵੇਂ ਕਿ ਇੰਡੀਆ ਦੇ ਹੱਕ ਵਿੱਚ ਖੜ੍ਹਨ ਦਾ ਖੋਖਲਾ ਦਾਅਵਾ ਕਰ ਰਿਹਾ ਹੈ, ਕਿ ਉਨ੍ਹਾਂ ਦੀ ਪਾਰਟੀ ਰਾਜਸਥਾਨ ਮੱਧ ਪ੍ਰਦੇਸ਼ ਵਿੱਚ ਚੋਣਾਂ ਨਹੀਂ ਲੜੇਗੀ, ਪਰ ਅਸਲ ਵਿੱਚ ਤਾਂ ਉਹ ਕਾਂਗਰਸ ਨਾਲ ਪੰਜਾਬ ਵਿੱਚ ਲੋਕ ਸਭਾ ਸੀਟਾਂ ਦਾ ਸੌਦਾ ਖਰਾ ਖਰਾ ਕਰਨ ਦੀ ਤਾਕ ਵਿੱਚ ਹਨ, ਇਸ ਵੇਲੇ ਪੰਜਾਬ ਵਿੱਚ ਜ਼ਿਆਦਾਤਰ ਸੀਟਾਂ ਕਾਂਗਰਸ ਦੇ ਹਿੱਸੇ ਜਾਂਦੀਆਂ ਦਿੱਖ ਰਹੀਆਂ ਹਨ, ਅਕਾਲੀ ਦਲ ਭਾਜਪਾ ਤਾਂ ਕਿਸੇ ਪਾਸੇ ਖੜ੍ਹੇ ਹੀ ਨਹੀਂ ਦਿੱਖ ਰਹੇ, ਕਾਰਨ ਉਨ੍ਹਾਂ ਵੱਲੋਂ ਸਿੱਖੀ ਨਾਲ ਕਮਾਇਆਂ ਧ੍ਰੋਹ ਹੀ ਹੈ। ਬਾਦਲ ਪਰਿਵਾਰ ਲਈ ਔਖੀ ਘੜੀ ਹੈ, ਜੋ ਉਨ੍ਹਾਂ ਨੇ ਆਪ ਹੀ ਘੜੀ ਹੈ। ਰਾਹੁਲ ਗਾਂਧੀ ਦੇ ਆਉਣ ਨਾਲ ਖ਼ਾਲਿਸਤਾਨ ਦਾ ਬੁਲਬੁਲਾ ਆਪਣੀ ਹਵਾ ਸਮੇਤ ਪਤਾ ਨੀ ਕਿੱਥੇ ਗ਼ਾਇਬ ਹੋ ਗਿਆ। ਕੈਨੇਡਾ ਭਾਰਤੀ ਸੰਬੰਧਾਂ ਦੀਆਂ ਨਵੀਂਆਂ ਕਹਾਣੀਆਂ ਬਹੁਤ ਹੀ ਛੇਤੀ ਲਿਖਣੀਆਂ ਸ਼ੁਰੂ ਹੋ ਜਾਣੀਆਂ ਹਨ। ਕਿਉਂਕਿ ਕੈਨੇਡਾ ਵਿੱਚ ਸਿਰਫ ਸਿੱਖ ਹੀ ਨਹੀਂ ਰਹਿੰਦੇ, ਹਿੰਦੂ ਭਾਈਚਾਰਾ ਜ਼ਿਆਦਾ ਹੈ, ਅਤੇ ਵੀਜ਼ਾ ਰੋਕ ਦਾ ਅਸਰ ਬਹੁਤ ਜ਼ਿਆਦਾ ਜਨਤਾ ਉਪਰ ਨਹੀਂ ਪਿਆ ਹੈ। ਕੈਨੇਡਾ ਤੋਂ ਜਹਾਜ਼ ਭਰ ਕੇ ਭਾਰਤੀ ਆ ਜਾ ਰਹੇ ਹਨ।

 

ਹੁਣ ਆਪਾਂ ਅਗਲੇ ਸਵਾਲ ਤੇ ਚਲਦੇ ਹਾਂ।

 

ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਪਤੀ ਅਕਾਲੀ ਸਰਕਾਰ  ਨੇ ਆਪਣੇ ਸਮੇਂ ਹੋ ਜਾਣ ਦਿੱਤੀ। ਇਕ ਸਾਖੀ ਹੈ ਕਿ ਇਕ ਪੰਡਿਤ ਰੋਂਦਾ ਕੁਰਲਾਉਂਦਾ ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਜੀ ਦਰਸ਼ਨਾਂ ਨੂੰ ਪਹੁੰਚ ਗਿਆ। ਬਹੁਤ ਹੀ ਮੁਸ਼ਕਲ ਨਾਲ ਉਸ ਨੂੰ ਦਰਸ਼ਨ ਨਸੀਬ ਹੋਏ, ਪਰ ਭਾਗਾਂ ਵਾਲੇ ਨੂੰ ਦਸਮ ਪਿਤਾ ਦੇ ਦਰਸ਼ਨ ਨਸੀਬ ਹੋਏ। ਗੁਰੂ ਚਰਨਾਂ ਵਿੱਚ ਡਿੱਗ ਕੇ ਪਸ਼ਚਾਤਾਪ ਦੀਆਂ ਮਾਫ਼ੀਆਂ ਮੰਗਣ ਲੱਗਿਆ। ਦੋਵਾਂ ਛੋਟੇ ਗੁਰੂ ਦੇ ਲਾਲਾਂ ਦੀ ਸ਼ਹਾਦਤ ਦੀ ਕਥਾ ਸੁਣਾਈ ਅਤੇ ਆਪਣੀ ਅਸਮਰੱਥਤਾ ਦੀ ਦੁਹਾਈ ਦਿੱਤੀ ਕਿ ਉਹ ਲਾਚਾਰ, ਕੁਝ ਵੀ ਨਹੀਂ ਕਰ ਸਕੇ, ਅਵਾਮ ਵਿੱਚੋਂ ਜਿਸ ਨੇ ਵੀ ਅਵਾਜ਼ ਚੱਕੀ ਉਸ ਦਾ ਸਿਰ ਉਸੇ ਵਕਤ ਕਲਮ ਕਰ ਦਿੱਤਾ।

ਪੰਡਿਤ ਰੋਇਆ ਕਿ ਜਿਸ ਧਰਤੀ ਉਪਰ ਐਨਾ ਵੱਡਾ ਜ਼ੁਲਮ ਹੋਇਆ ਹੈ, ਉਸ ਉਪਰ ਕਹਿਰ ਤਾਂ ਆਏਗਾ ਹੀ ਆਏਗਾ, ਕਹਿੰਦਾ ਗੁਰੂ ਹੀ ਅਸੀਂ ਪਸ਼ਚਾਤਾਪ ਦੀ ਅੱਗ ਵਿੱਚ ਮੱਚ ਰਹੇ ਹਾਂ, ਆਪ ਦੇ ਚਰਨਾ ਵਿੱਚ ਮਾਫ਼ੀ ਮੰਗਣ  ਆਇਆਂ ਹਾਂ।

ਕਥਾਕਾਰ ਅੱਗੇ ਆਖਦਾ ਕਿ ਕਹਿਰ ਤਾਂ ਜ਼ਰੂਰ ਆਵੇਗਾ, ਪਰ ਗੁਰੂ ਦੇ ਸੇਵਕ ਨੂੰ ਗੁਰੂ ਜੀ ਨੇ ਬਚਨ ਕੀਤੇ ਕਿ ਆਪਣੇ ਘਰ ਦੀ ਛੱਤ ਤੇ ਖੜੇ ਹੋਕੇ ਜੈਕਾਰਾ ਲਾ ਦਿਓ, ਜਿੰਨੀ ਦੂਰ ਅਵਾਜ਼ ਜਾਵੇਗੀ, ਉਹ ਧਰਤੀ ਗੁਰੂ ਆਸਰੇ ਹੋ ਜਾਵੇਗੀ।

ਤੁਸੀਂ ਸਰਹੰਦ ਦੀ ਧਰਤੀ ਜਾਓ ਤਾਂ ਸਰਹੰਦ ਸ਼ਹਿਰ ਦੇ ਲਹਿੰਦੇ ਵਾਲੇ ਪਾਸੇ ਹਾਲੇ ਵੀ ਪੁਰਾਣੇ ਪਿੰਡ ਵੱਸਦੇ ਹਨ।

ਸਾਧ ਸੰਗਤ ਜੀ ਅਸੀਂ ਵੀ ਬੁਰਜ ਜਵਾਹਰ ਸਿੰਘ ਵਾਲਾ ਤੋਂ ਲੈ ਕੇ ਬਰਗਾੜੀ ਤੱਕ ਕਹਿਰ ਦੇ ਦ੍ਰਿਸ਼ ਦੇਖੇ ਹਨ, ਪੂਰੇ ਪੰਜਾਬ ਵਿੱਚ ਹੀ ਦੇਖੇ ਹਨ। ਪੰਜਾਬ ਉਪਰ ਕਹਿਰ ਬਰਪ ਰਿਹਾ ਹੈ। ਇਸ ਦਾ ਇਲਾਜ ਤਾਂ ਉਹੀ ਹੈ, ਜੋ ਸਰਹੰਦ ਵਾਲਿਆਂ ਨੇ ਕੀਤਾ ਸੀ। ਪਸਚਾਤਾਪ ਦੇ ਪਾਠ ਅਤੇ ਮੁਆਫੀ ਦੀ ਅਰਦਾਸ। ਗੁਰੂ ਤਾਂ 40 ਮੁਕਤਿਆਂ ਨੂੰ ਵੀ ਮੁਕਤ ਕਰ ਗਏ ਸਨ। ਅਸੀਂ ਵੀ ਬਣ ਜਾਵਾਂਗੇ।

 

ਹੁਣ ਦੇਖਣਾ ਇਹ ਹੈ ਕਿ ਭਗਵੰਤ ਮਾਨ ਸਾਹਿਬ ਨੇ ਗੁਰਮਿੰਦਰ ਸਿੰਘ ਨੂੰ ਐਡਵੋਕੇਟ ਜਰਨਲ ਦੇ ਅਹੁਦੇ ਤੇ ਬਿਰਾਜਮਾਨ ਤਾਂ ਕਰ ਦਿੱਤਾ ਹੈ, ਕੀ ਗੁਰਮਿੰਦਰ ਸਿੰਘ ਆਪਣੇ ਵਿਵੇਕ ਨਾਲ ਗੁਰੂ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਖ਼ਿਲਾਫ਼ ਭੁਗਤੇਗਾ, ਕਿਉਂਕਿ ਪਹਿਲਾਂ ਉਹ ਬਾਦਲਾਂ ਦਾ ਹੀ ਵਕੀਲ ਰਿਹਾ ਹੈ, ਇਸ ਬਾਰ ਅੰਮ੍ਰਿਤਸਰ ਤੋਂ ਆਪ ਵਿਧਾਇਕ ਅਤੇ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੈ ਪ੍ਰਤਾਪ ਦਾ ਟਵੀਟ ਗੌਰ ਕਰਨ ਵਾਲਾ ਹੈ। ਉਨ੍ਹਾਂ ਦਾ ਆਖਣਾ, “ਮੈਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਜੀ ਦੀ ਬੁੱਧੀ, ਭਰੋਸੇਯੋਗਤਾ ਅਤੇ ਸਮਰੱਥਾ ਦਾ ਸਨਮਾਨ ਕਰਦਾ ਹਾਂ ਅਤੇ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ। ਹਾਲਾਂਕਿ, ਕੁਦਰਤੀ ਨਿਆਂ ਦੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕੋਟਕਪੂਰਾ ਅਤੇ ਬਹਿਬਲ ਕਲਾਂ ਮਾਮਲਿਆਂ ਵਿੱਚ ਪਹਿਲਾਂ ਕਿਸੇ ਦੋਸ਼ੀ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀ ਨੂੰ ਨਿਯੁਕਤ ਕਰਨਾ ਸਹੀ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਇਹ ਮਾਮਲੇ ਸੂਬੇ ਦੇ ਨਾਲ-ਨਾਲ ਆਮ ਤੌਰ ‘ਤੇ ਪੰਜਾਬ ਦੇ ਲੋਕਾਂ ਲਈ ਵੀ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਹਨ। ਨਿਆਂ ਲਈ ਮੇਰੀ ਲੜਾਈ ਅੰਤ ਤੱਕ ਜਾਰੀ ਰਹੇਗੀ। ਕੁੰਵਰ ਜੀ ਪੂਰੇ ਸਿੱਖ ਜਗਤ ਦੀ, ਪੰਜਾਬ ਨਾਮਾ ਦੀ ਲੜਾਈ ਵੀ ਇਨਸਾਫ਼ ਮਿਲਣ ਤੱਕ ਜਾਰੀ ਰਹੇਗੀ। ਧੰਨਵਾਦ।