ਕਰਜ਼ੇ ਪ੍ਰਦਾਨ ਕਰਨ ਸਮੇਤ ਬੈਂਕਿੰਗ ਸੇਵਾਵਾਂ ਦੇ ਮਿਥੇ ਟੀਚੇ ਪੂਰੇ ਕਰਨ ਲਈ ਹਦਾਇਤਾਂ

ਪਟਿਆਲਾ, 7 ਸਤੰਬਰ:
-ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਸਮੁੱਚੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀਆਂ ਬੈਂਕਾਂ ਵਿੱਚ ਕਰਜ਼ੇ ਨਾਲ ਸਬੰਧਤ ਲੰਬਿਤ ਚੱਲੇ ਆ ਰਹੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ। ਉਹ ਅੱਜ ਇੱਥੇ ਲੀਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਦੀ ਜ਼ਿਲ੍ਹਾ ਪੱਧਰੀ ਰੀਵਿਯੂ ਕਮੇਟੀ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਕਰਵਾਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਬੈਂਕਾਂ, ਏ.ਟੀ.ਐਮ. ਤੇ ਨਗਦੀ ਵਾਲੇ ਵਾਹਨਾਂ ਦੀ ਸੁਰੱਖਿਆ ਲਈ ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ-ਈਸ਼ਾ ਸਿੰਘਲ

ਏ.ਡੀ.ਸੀ. ਨੇ ਬੈਂਕਿੰਗ ਮਾਮਲਿਆਂ ਨੂੰ ਲੰਬਿਤ ਰੱਖਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਕਿਸੇ ਕੇਸ ਵਿੱਚ ਕੁੱਝ ਨੁਕਸ ਸਾਹਮਣੇ ਆਉਂਦਾ ਹੈ ਤਾਂ ਇਸ ਸਬੰਧੀ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕਰਜ਼ਿਆਂ ਸਬੰਧੀ ਬੈਂਕਾਂ ਵਿੱਚ ਲੰਬਿਤ ਪਏ ਕੇਸਾਂ ਦਾ 10 ਦਿਨਾਂ ਵਿੱਚ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਬੈਂਕਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖਪਤਕਾਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਸਮੇਂ ਸੰਵੇਦਨਸ਼ੀਲ ਰਵੱਈਆ ਅਪਨਾਉਣ। ਇਸ ਮੌਕੇ ਲੀਡ ਬੈਂਕ ਵੱਲੋਂ ਸਾਲਾਨਾ ਕ੍ਰੈਡਿਟ ਪਲਾਨ ਵੀ ਜਾਰੀ ਕੀਤਾ ਗਿਆ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਸਮੁੱਚੇ ਬੈਂਕਾਂ ਦੀ ਸੁਰੱਖਿਆ ਅਤੇ ਕਾਰਜਪ੍ਰਣਾਲੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਬੈਂਕਾਂ ਸਮੇਤ ਕਰੰਸੀ ਚੈਸਟ, ਏ.ਟੀ.ਐਮਜ ਅਤੇ ਨਗਦੀ ਵਾਲੇ ਵਾਹਨਾਂ ਦੀ ਸੁਰੱਖਿਆ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਸਖ਼ਤੀ ਨਾਲ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ।
ਇਸ ਮੌਕੇ ਲੀਡ ਬੈਂਕ ਮੈਨੇਜਰ ਦਵਿੰਦਰ ਕੁਮਾਰ ਨੇ ਮੀਟਿੰਗ ਦੀ ਕਾਰਵਾਈ ਚਲਾਈ। ਮੀਟਿੰਗ ‘ਚ ਐਸ.ਪੀ. (ਹੈਡਕੁਆਟਰ) ਹਰਵੰਤ ਕੌਰ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਜਸਵਿੰਦਰ ਸਿੰਘ, ਆਰਸੇਟੀ ਦੇ ਡਾਇਰੈਕਟਰ ਰਾਜੀਵ ਸਰਹੰਦੀ ਸਮੇਤ ਵੱਖ-ਵੱਖ ਵਿਭਾਗਾਂ ਅਤੇ ਬੈਂਕਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।