ਸੰਗਰੂਰ

– ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਇੱਕ ਸਾਹਿਤਕ ਸ਼ਾਮ ਮਿੰਟੂ ਬਰਾੜ ਆਸਟਰੇਲੀਆ ਨਾਲ ਰੂ—ਬ—ਰੂ ਕਰਕੇ ਮਨਾਈ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚਰਨਜੀਤ ਸਿੰਘ ਉਡਾਰੀ, ਭੁਪਿੰਦਰ ਸਿੰਘ ਪੰਨੀਵਾਲੀਆ ਸਿਰਸਾ, ਡਾ. ਭਗਵੰਤ ਸਿੰਘ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਡਾ. ਨਰਵਿੰਦਰ ਸਿੰਘ ਸਾਬਕਾ, ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਸ਼ਾਮਲ ਹੋਏ।

ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਰੰਭ ਵਿੱਚ ਭੋਲਾ ਸਿੰਘ ਸੰਗਰਾਮੀ, ਜੰਗ ਸਿੰਘ ਫੱਟੜ, ਜੰਗੀਰ ਸਿੰਘ ਰਤਨ, ਗੁਰਜਿੰਦਰ ਰਸੀਆ, ਗੁਲਜ਼ਾਰ ਸਿੰਘ ਸ਼ੌਂਕੀ, ਦੇਸ਼ ਭੂਸ਼ਨ, ਚਰਨਜੀਤ ਸਿੰਘ ਉਡਾਰੀ, ਅੰਮ੍ਰਿਤ ਅਜ਼ੀਜ਼ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ। ਉਪਰੰਤ ਹਾਜਰ ਸਾਹਿਤਕਾਰਾਂ ਨੇ ਪਿਆਰ ਵਜੋਂ ਮਿੰਟੂ ਬਰਾੜ ਦਾ ਹਾਰ ਪਾ ਕੇ ਸੁਆਗਤ ਕਰਨ ਪਿੱਛੋਂ ਮਿੰਟੂ ਬਰਾੜ ਦੇ ਜੀਵਨ ਬਿਰਤਾਂ ਤ ਬਾਰੇ ਬਰਾੜ ਹੁਰਾਂ ਨਾਲ ਇੱਕ ਸੰਵਾਦ ਕੀਤਾ।

ਮਿੰਟੂ ਬਰਾੜ ਨੇ ਬਚਪਨ ਤੋਂ ਲੈ ਕੇ ਹੁਣ ਆਸਟਰੇਲੀਆ ਜਾਣ ਤੱਕ ਸਾਰਾ ਬਿਰਤਾਂਤ ਬੜੀ ਰਸ ਭਰਪੂਰ ਸ਼ੈਲੀ ਵਿੱਚ ਸੁਣਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬਾਗਬਾਨੀ ਤੋਂ ਲੈ ਕੇ ਬੱਕਰੀਆਂ ਪਾਲਣ ਤੱਕ ਦਾ ਕਾਰੋਬਾਰ ਬੜੇ ਉਤਸ਼ਾਹ ਨਾਲ ਅਰੰਭਿਆ ਪਰ ਬਾਪੂ ਜੀ ਦੇ ਹਰ ਕਾਰੋਬਾਰ ਬਾਰੇ ਸਵਾਲ ਖੜਾ ਕਰਨ ਕਰਕੇ ਉਹ ਕਿਸੇ ਵਿੱਚ ਸੰਪੂਰਨ ਕਾਮਯਾਬ ਨਹੀਂ ਹੋ ਸਕੇ। ਕਾਰਨ ਇਹ ਕਿ ਉਨ੍ਹਾਂ ਪਾਸ ਬਾਪੂ ਜੀ ਦੇ ਸਵਾਲ ਦਾ ਜਵਾਬ ਭਾਲਣਾ ਅਸੰਭਵ ਨਹੀਂ ਤਾਂ ਮੁਸ਼ਕਲ ਜਰੂਰ ਸੀ। ਉਨ੍ਹਾਂ ਨੂੰ ਕਦੇ ਪੈਸਾ ਇੱਕਠਾ ਕਰਨ ਦੀ ਲਾਲਸਾ ਨਹੀਂ ਸਗੋਂ, ਬਾਬਾ ਨਾਨਕ ਦੇ ਵੰਡ ਛਕੋ ਦੇ ਸਿਧਾਂਤ ਨੂੰ ਕਬੂਲਿਆ। ਵੰਡ ਛਕੋ* ਬਾਰੇ ਉਨ੍ਹਾਂ ਨੇ ਆਪਣੇ ਜੀਵਨ ਦੀ ਇੱਕ ਬੜੀ ਦਿਲਚਸਪ ਘਟਨਾ ਸੁਣਾਈ। ਉਨ੍ਹਾਂ ਦੱਸਿਆ ਕਿ ਉਹ ਪੱਤਰਕਾਰੀ, ਰੇਡੀਓ ਟਾਕ, ਅਤੇ ਐਪ ਸਿਸਟਮ ਤੋਂ ਇਲਾਵਾ ਸਾਹਿਤ ਲਿਖਣ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੀ ਪਹਿਲੀ ਪੁਸਤਕ ਕੈਂਗਰੂਨਾਮਾ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਲੋਕ ਅਰਪਣ ਹੋਈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਕਿਤਾਬ ਪੜ੍ਹਨ ਨਾਲੋਂ ਐਪ ਉਤੇ ਕਿਤਾਬਾਂ ਸੁਣਨਾ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਵਿਕਾਸ ਲਈ ਸਭ ਤੋਂ ਉਤਮ ਤਰੀਕਾ ਹੈ। ਸਾਨੂੰ ਆਧੁਨਿਕ ਤਕਨੀਕੀ ਜੁਗਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਸਰਵ ਸ਼੍ਰੀ ਡਾ. ਰਕੇਸ਼ ਕੁਮਾਰ, ਗੁਰਨਾਮ ਸਿੰਘ, ਜੰਗ ਸਿੰਘ ਫੱਟੜ, ਅਰਮ ਗਰਗ ਕਲਮਦਾਨ, ਤੇਜਵੰਤ ਮਾਨ, ਭੁਪਿੰਦਰ ਪੰਨੀਵਾਲੀਆ ਨੇ ਮਿੰਟੂ ਬਰਾੜ ਨਾਲ ਸੰਵਾਦ ਕਰਦਿਆਂ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਬੜੇ ਠਰਮੇ ਅਤੇ ਦਲੀਲ ਨਾਲ ਬਰਾੜ ਵੱਲੋਂ ਜਵਾਬ ਦਿੱਤਾ ਗਿਆ।
ਉਪਰੰਤ ਸਭਾ ਵੱਲੋਂ ਮੰਟੂ ਬਰਾੜ ਅਤੇ ਭੁਪਿੰਦਰ ਪੰਨੀਵਾਲੀਆ ਅਤੇ ਮਨਵਿੰਦਰ ਜੀਤ ਸਿੰਘ ਦਾ ਸਨਮਾਨ ਪੱਤਰ ਤੇ ਪੁਸਤਕਾਂ ਦੇ ਕੇ ਸਨਮਾਨ ਕੀਤਾ ਗਿਆ। ਇਸ ਸਮੇਂ ਪੰਨੀਵਾਲੀਆਂ ਵੱਲੋਂ ਜਰਮਨੀ ਵਿੱਚ ਰਹਿੰਦੇ ਪਾਕਿਸਤਾਨੀ ਪੰਜਾਬ ਦੇ ਲੇਖਕ, ਅਮਜਦ ਆਰਫ਼ੀ ਦੀ ਪੰਜਾਬੀ ਗਜ਼ਲਾਂ ਦੀ ਪੁਸਤਕ ਚੁੱਪ ਦੀ ਬੁੱਕਲ ਲੋਕ ਅਰਪਣ ਕੀਤੀ। ਸਮਾਗਮ ਦੇ ਆਰੰਭ ਵਿੱਚ ਡਾ. ਭਗਵੰਤ ਸਿੰਘ, ਮਿੰਟੂ ਬਰਾੜ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਸਾਹਿਤਕ ਸੰਦਰਭਾਂ ਦੀ ਗੱਲ ਕੀਤੀ।

ਅਖੀਰ ਵਿੱਚ ਮੁੱਖ ਮਮਿਾਨ ਡਾ. ਸ਼ਿਵਰਾਜ ਸਿੰਘ ਨੇ ਸਾਰੀ ਚਰਚਾ ਨੂੰ ਸਮੇਟਦਿਆਂ ਪਰਵਾਸ, ਸੱਭਿਆਚਾਰ ਅਤੇ ਸਾਹਿਤ* ਵਿਸ਼ੇ ਉਤੇ ਆਪਣੇ ਵਿਸਤਰਿਤ ਵਿਚਾਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾ ਪਰਵਾਸ ਕੁਦਰਤੀ ਪਰਵਾਸ ਨਹੀਂ ਹੈ, ਸਗੋਂ ਸਰਮਾਏਦਾਰੀ ਪੱਖੀ ਪਰਵਾਸ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਪਰਵਾਸ ਹੀ ਨਹੀਂ ਹੈ, ਸਗੋਂ ਪੰਜਾਬ ਦਾ ਧਨ, ਬੌਧਿਕਤਾ ਅਤੇ ਸੱਭਿਆਚਾਰਕ ਕੀਮਤਾਂ ਦਾ ਸਰਮਾਏਦਾਰੀ ਦੇ ਹਿੱਤਾਂ ਲਈ ਨਿਕਾਸ ਹੈ, ਜਿਸ ਨਾਲ ਪੰਜਾਬ ਆਰਥਿਕਤਾ, ਬੌਧਿਕਤਾ ਅਤੇ ਨੈਤਿਕਤਾ ਪੱਖੋਂ ਕੰਗਾਲ ਹੋ ਗਿਆ ਹੈ। ਇਹ ਗੁਰੂ ਦੀ ਸਿੱਖਿਆ ਉਤੇ ਚੱਲਣ ਵਾਲਾ ਸਿੱਖ ਪੰਜਾਬ ਨਹੀਂ ਰਿਹਾ ਸਗੋਂ ਇਹ ਇੱਕ ਭੋਗਵਾਦੀ ਮੰਡੀ ਬਣ ਗਿਆ। ਬੌਧਿਕਤਾ ਅਤੇ ਨੈਤਿਕਤਾ ਆਰਥਿਕਤਾ ਦੇ ਅਧੀਨ ਹੋ ਗਈਆਂ। ਇਸ ਵਿਸ਼ੇ ਉਤੇ ਡਾ. ਭਗਵੰਤ ਸਿੰਘ, ਡਾ. ਤੇਜਵੰਤ ਮਾਨ, ਭੁਪਿੰਦਰ ਪੰਨੀਵਾਲੀਆ ਅਤੇ ਮਿੰਟੂ ਬਰਾੜ ਨੇ ਆਪਣੇ ਵਿਚਾਰ ਰੱਖੇ। ਸਮਾਗਮ ਵਿੱਚ ਸਰਵ ਸ਼੍ਰੀ ਡਾ. ਰਾਜੀਵ ਪੁਰੀ, ਜੀਤ ਹਰਜੀਤ, ਕੁਲਵੰਤ ਕਸਕ, ਜਗਮੇਲ ਸਿੱਧੂ, ਡਾ. ਦਵਿੰਦਰ ਕੌਰ, ਸੁਰਿੰਦਰ ਪਾਲ ਕੌਰ ਰਸੀਆ, ਨਿਹਾਲ ਸਿੰਘ ਮਾਨ, ਨਵਪ੍ਰੀਤ ਸਿੰਘ ਬਰਾੜ, ਅਮਰਿੰਦਰ ਸਿੰਘ ਬਰਾੜ, ਮਨਵਿੰਦਰਜੀਤ ਸਿੰਘ ਹਾਜਰ ਸਨ।

ਸ਼ਿਵ ਕੁਮਾਰ ਬਟਾਲਵੀ ਦੀ ਧਾਰਨਾ ਅਸਾਂ ਤਾਂ ਜ਼ੋਬਨ ਰੁੱਤੇ ਮਰਨਾ* ਨੂੰ ਰੱਦ ਕਰਦਿਆਂ ਅਸਾਂ ਤਾਂ ਜ਼ੋਬਨ ਉਤੇ ਕੁੱਝ ਕਰਨਾ* ਦੀ ਅਵਾਜ਼ ਨਾਲ ਇਹ ਸਮਾਗਮ ਖਤਮ ਹੋਇਆ। ਸਟੇਜ਼ ਦੀ ਜਿੰਮੇਵਾਰੀ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਬਾਖੂਬੀ ਨਿਭਾਈ।