ਕਿਵੇਂ ਨਕਲਾਂ ਮਾਰਨ ਵਾਲਿਆਂ ਦਾ ਵੀ ਸਾਥ ਦਿੰਦੇ ਹਨ ਅਧਿਆਪਕ ? ਸਭ ਤੋਂ ਵੱਡੀ ਪਰੇਸ਼ਾਨੀ ਦਾ ਸਬੱਬ ਇਹੋ ਹੈ ਕਿ ਅਧਿਆਪਕ ਵੀ ਨਕਲ ਮਰਵਾਉਣ ਵਿੱਚ ਸਹਾਈ ਹੋ ਰਹੇ ਹਨ। ਵੱਡਾ ਧੰਦਾ ਬਣ ਚੁੱਕਾ ਹੈ। ਬਹੁਤ ਸਾਰੇ ਕੇਸਾਂ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਹੈ। ਪੈਸੇ, ਪਾਰਟੀਆਂ, ਅਤੇ ਹੋਰ ਕਿਸਮ ਦੀ ਵਫ਼ਾ ਮਾਪਿਆਂ ਨੂੰ ਇਮਤਿਹਾਨ ਲੈਣ ਵਾਲੇ ਸਟਾਫ਼ ਨਾਲ ਕਰਨ ਪੈਂਦੀਆਂ ਹਨ, ਇਹ ਕਿਸੇ ਤੋਂ ਲੁਕਿਆ ਤਾਂ ਨਹੀਂ ਹੈ।
ਕਾਲਜਾਂ, ਯੂਨੀਵਰਸਿਟੀਆਂ ਵਿੱਚ ਜਦੋਂ ਵੀ ਸਲਾਨਾ, ਸਮੈਸਟਰ ਇਮਤਿਹਾਨ ਹੁੰਦੇ ਹਨ, ਤਾਂ ਨਕਲ ਦਾ ਬੁਖ਼ਾਰ ਸਿਰ ਚੜ੍ਹ ਕੇ ਬੋਲਦਾ ਹੈ। ਸਰਕਾਰਾਂ ਜਾਂ ਵੱਡੇ ਅਦਾਰੇ ਤਕਨਾਲੋਜੀ ਦੀ ਬਦਲਦੀ ਰੂਪ ਰੇਖਾ ਦੇ ਬਾਵਜੂਦ ਇਸ ਪ੍ਰਵਿਰਤੀ ਨੂੰ ਰੋਕਣ ਵਿੱਚ ਬੁਰੀ ਤਰਾਂ ਨਾਲ ਨਾਕਾਮ ਰਹੀ ਹੈ।
ਨਕਲ ਮਾਰਨ ਵਾਲੇ ਤਕਨਾਲੋਜੀ ਦੀ ਵਰਤੋਂ ਜ਼ਰੂਰ ਕਰਨ ਲੱਗ ਪਏ ਹਨ, ਪਰ ਨਕਲ ਰੋਕਣ ਵਾਲੇ ਤਾਂ ਅੱਜ ਵੀ ਉਹੀ ਬਾਬਾ ਆਦਮ ਦੇ ਜ਼ਮਾਨੇ ਦੀਆਂ ਪਿਰਤ ਉਪਰ ਚਲਦੇ ਜਾ ਰਹੇ ਹਨ। ਫਲਾਇੰਗ ਭੇਜਣੀ ਹੈ ਜੀ, ਬੱਸ ਗੱਲ ਮੁੱਕ ਗਈ।
ਰੋਜ਼ ਕਿਸੇ ਨਾ ਕਿਸੇ ਕਾਲਜ ਵਿੱਚ ਨਕਲ ਵੱਜ ਰਹੀ ਹੈ, ਜਿਸ ਵਿੱਚ ਸਿਰਫ਼ ਵਿਦਿਆਰਥੀ ਸ਼ਾਮਲ ਨਹੀਂ ਹੁੰਦੇ, ਸਗੋਂ ਕੇਂਦਰਾਂ ਵਿੱਚ ਡਿਊਟੀ ਦੇ ਰਿਹਾ ਅਮਲਾ ਵੀ ਸ਼ਾਮ ਹੁੰਦਾ ਹੈ, ਉਹ ਭਾਵੇਂ ਅਧਿਆਪਕ ਹੋਣ, ਜਾਂ ਗੈਰ ਅਧਿਆਪਨ ਵਾਲੇ ਕਰਮਚਾਰੀ। ਪਰ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਦਾ ਉਚੇਰੀ ਸਿੱਖਿਆ ਸਕੱਤਰ ਜਾਂ ਨਿਰਦੇਸ਼ਕ ਉਚੇਰੀ ਸਿੱਖਿਆ ਕੀ ਕਰ ਰਿਹਾ ਹੈ। ਵੇਰਕਾ ਦੀ ਲੱਸੀ ਪਿਓ ਬੱਸ ਕੰਮ ਮੁੱਕ ਗਿਆ।
ਸਭ ਤੋਂ ਵੱਧ ਨਕਲ ਕਰਨ ਦਾ ਸਰੋਤ ਮੋਬਾਇਲ ਫ਼ੋਨ ਹੈ। ਪ੍ਰੀਖਿਆ ਦੇ ਰਹੇ ਵਿਦਿਆਰਥੀ ਦੀ ਜੇਬ ਵਿੱਚ ਵੀ ਬਿਰਾਜਮਾਨ ਹੈ ਅਤੇ ਨਕਲ ਰੋਕਣ ਲਈ ਤਾਇਨਾਤ ਅਧਿਕਾਰੀ ਦੀ ਜੇਬ ਵਿੱਚ ਵੀ ਹੈ। ਦੋਵੇਂ ਹੀ ਸੂਰਤਾਂ ਵਿੱਚ ਨਕਲ ਮਾਰਨ ਦੀ ਅਤੇ ਮਰਵਾਉਣ ਦੀ ਸੂਰਤੇ-ਹਾਲ ਪੂਰੀ ਪੂਰੀ ਬਣਦੀ ਹੈ। ਕੁਝ ਹੋਰ ਨਹੀਂ ਸਰਕਾਰ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਅਤੇ ਡਿਊਟੀ ਵਾਲੇ ਸਾਰੇ ਸਟਾਫ਼ ਦੇ ਮੋਬਾਇਲ ਕੇਂਦਰ ਵਿੱਚ ਜਾਣ ਤੋਂ ਰੋਕੇ। ਪਾਣੀ ਪਿਲਾਉਣ ਦਾ ਕੰਮ ਵੀ ਬੰਦ ਹੋਣਾ ਚਾਹੀਦਾ ਹੈ। ਮੋਬਾਇਲ ਦੇ ਪ੍ਰੀਖਿਆ ਕੇਂਦਰ ਵਿੱਚ ਨਾ ਜਾਣ ਨਾਲ, ਨਕਲ ਦੀ 70% ਫ਼ੀਸਦੀ ਲੜਾਈ ਜਿੱਤੀ ਜਾ ਸਕਦੀ ਹੈ, ਕਿਉਂਕਿ ਬਲ਼ੂ-ਟੁੱਥ ਡਿਵਾਈਸ ਲਾਉਣ ਵਾਲਿਆਂ ਨੂੰ ਇਹਨਾਂ ਸਲਾਨਾ ਇਮਤਿਹਾਨਾਂ ਲਈ ਨਹੀਂ ਬੁਲਾਇਆ ਜਾ ਸਕਦਾ ਹੈ, ਕਿਉਂਕਿ ਉਹ ਬਹੁਤ ਮਹਿੰਗੇ ਹੁੰਦੇ ਹਨ।
ਕਾਲਜ ਯੂਨੀਵਰਸਿਟੀਆਂ ਵਿੱਚ ਇਮਤਿਹਾਨਾਂ ਵਾਲੇ ਕਮਰਿਆਂ ਵਿੱਚ ਪੱਕੇ ਕੈਮਰੇ ਲੱਗਣੇ ਚਾਹੀਦੇ ਹਨ, ਜਿਸ ਦੇ ਹੋਣ ਦੇ ਕਾਰਨ ਪ੍ਰੀਖਿਆਰਥੀ ਪਰਚੀ ਕੱਢ ਕੇ ਨਕਲ ਕਰਨ ਦੀ ਕੋਸ਼ਿਸ਼ਾਂ ਵੀ ਨਹੀਂ ਕਰੇਗਾ, ਨਾਲ ਹੀ ਫਲਾਇੰਗ ਭੇਜਣ ਦੀ ਜ਼ਰੂਰਤ ਨਹੀਂ ਪਵੇਗੀ। ਲਾਈਵ ਮਨੀਟਰਿੰਗ ਨਾਲ ਹੀ ਚੋਰੀ ਫੜੀ ਜਾ ਸਕਦੀ ਹੈ।
ਯੂਨੀਵਰਸਿਟੀ ਵਾਲੇ ਕਾਲਜ ਦੇ ਵਿਦਿਆਰਥੀਆਂ ਤੋਂ ਇਮਤਿਹਾਨਾਂ ਵਿੱਚ ਬੈਠਣ ਲਈ ਐਨੀ ਵੱਡੀ ਫ਼ੀਸ ਲੈਂਦੇ ਹਨ, ਉਹ ਚਾਹੁਣ ਤਾਂ ਹਰ ਕਾਲਜ ਦੇ ਕੇਂਦਰ ਵਿੱਚ ਕੈਮਰੇ ਵੀ ਲੱਗ ਸਕਦੇ ਹਨ, ਜੈਮਰ ਵੀ ਲੱਗ ਸਕਦੇ ਹਨ ਤੇ ਮੋਬਾਈਲ ਵੀ ਰੁਕ ਸਕਦੇ ਹਨ। ਜਿਹੜੇ ਵਿਦਿਆਰਥੀ ਕਾਬਲ ਹੀ ਹੀ ਨਹੀਂ ਹਨ, ਉਨ੍ਹਾਂ ਨੂੰ ਪਾਸ ਹੋਣ ਦਾ ਵੀ ਕੋਈ ਹੱਕ ਨਹੀਂ ਹੈ।
ਪੰਜਾਬ ਸਰਕਾਰ ਨੂੰ ਉਚੇਚੇ ਤੌਰ ‘ਤੇ ਚਾਹੀਦਾ ਹੈ ਕਿ ਇਮਤਿਹਾਨ ਕੇਂਦਰ ਲੈਣ ਬਾਰੇ ਵਿਸ਼ੇਸ਼ ਸ਼ਰਤਾਂ ਬਣਾਈਆਂ ਜਾਣ।
ਯੂਨੀਵਰਸਿਟੀਆਂ ਨੇ ਇਮਤਿਹਾਨਾਂ ਵਿੱਚ ਕਈ ਉੱਤਰਾਂ ਵਾਲੇ ਸਵਾਲ ਪਾ ਦਿੱਤੇ ਹਨ, ਪਰ ਪ੍ਰੀਖਿਆ ਦਾ ਸਮਾਂ ਉਹੀ ਤਿੰਨ ਘੰਟੇ ਰੱਖਿਆ ਹੈ, ਸਮੇਂ ਦੀ ਵਾਧ ਘਾਟ ਉਪਰ ਵੀ ਨਜ਼ਰਸਾਨੀ ਹੋਣੀ ਚਾਹੀਦੀ ਹੈ। ਜੇਕਰ ਨਕਲ ਦੀ ਗੰਦੀ ਅਲਾਮਤ ਨੂੰ ਨਾ ਰੋਕਿਆ ਗਿਆ, ਇਸ ਨਾਲ ਪੰਜਾਬ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਬਹੁਤ ਮੁਸ਼ਕਿਲ ਹੋਵੇਗਾ, ਉਹ ਭਾਵੇਂ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਤੇ ਭਾਵੇਂ ਇੱਧਰ ਪੰਜਾਬ ਵਿੱਚ ਰਹਿਣ।