ਆਪਣੇ ਦੇਸ਼ ਲਈ ਜਰੂਰ ਸੋਨ ਤਗਮਾ ਜਿੱਤ ਕੇ ਲਿਆਂਵਾਗਾ-ਰਵਿੰਦਰ ਸਿੰਘ

ਸੰਗਰੂਰ, 21 ਜੂਨ

– ਆਉਣ ਵਾਲੀ 28 ਜੂਨ ਤੋਂ 4 ਜੁਲਾਈ ਤੱਕ ਉਜਬੇਕਿਸਤਾਨ ਦੇ ਤਾਸਕੰਦ ਸ਼ਹਿਰ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਓਪਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾਂ ਚੌਕ ਦਾ ਨੌਜਵਾਨ ਖਿਡਾਰੀ ਰਵਿੰਦਰ ਸਿੰਘ ਪੁੱਤਰ ਹਮੀਰ ਸਿੰਘ ਕਰੇਗਾ, ਜੋ ਕਿ ਪੂਰੇ ਜ਼ਿਲ੍ਹਾ ਸੰਗਰੂਰ ਲਈ ਮਾਣ ਵਾਲੀ ਗੱਲ ਹੈ | ਵਰਨਣਯੋਗ ਹੈ ਕਿ ਰਵਿੰਦਰ ਸਿੰਘ ਇਸ ਤੋਂ ਪਹਿਲਾਂ ਰਾਸ਼ਟਰੀ ਪੱਧਰ ‘ਤੇ ਪੰਜ ਵਾਰ ਸੋਨ ਤਗਮਾ ਜਿੱਤ ਚੁੱਕੇ ਹਨ ਅਤੇ ਹੁਣ ਉਹ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕਰਨਗੇ |

ਗੱਲਬਾਤ ਦੌਰਾਨ ਕਿੱਕ ਬਾਕਸਿੰਗ ਪਲੇਅਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਜਬੇਕਿਸਤਾਨ ਵਿਖੇ ਹੋਣ ਵਾਲੀ ਇਸ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਆਪਣੇ ਦੇਸ਼ ਭਾਰਤ ਦੀ ਨੁੰਮਾਇੰਦਗੀ ਕਰਨ ਦਾ ਮੌਕਾ ਮਿਲਣਾ ਉਸਦੇ ਲਈ ਬਹੁਤ ਹੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ, ਜਿਸਦੇ ਲਈ ਉਹ ਲੰਬੇ ਸਮੇਂ ਤੋਂ ਤਿਆਰੀ ਕਰਦੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਭਾਰਤ ਦੇ 30 ਖਿਡਾਰੀ ਭਾਗ ਲੈ ਰਹੇ ਹਨ, ਜੋ ਆਪਣੇ-ਆਪਣੇ ਭਾਰ ਵਰਗ ਵਿੱਚ ਪ੍ਰਤੀਨਿੱਧਤਾ ਕਰਨਗੇ | ਰਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਲਈ ਸੋਨ ਤਗਮਾ ਜਿੱਤਣ ਲਈ ਉਹ ਆਪਣੀ ਪੂਰੀ ਵਾਹ ਲਾ ਦੇਵੇਗਾ | ਇਸ ਉਦੇਸ਼ ਦੀ ਪੂਰਤੀ ਲਈ ਉਸ ਵੱਲੋਂ ਰਾਤ ਦਿਨ ਇੱਕ ਕਰਕੇ ਸਖਤ ਮਿਹਨਤ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਮੁਕਾਮ ਤੱਕ ਪੁੱਜਣ ਵਿੱਚ ਪੰਜਾਬ ਦੇ ਖਜਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਸੰਗਰੂਰ ਜ਼ਿਲ੍ਹਾ ਕਿੱਕ ਬਾਕਸਿੰਗ ਐਸੋਸੀਏਸ਼ਨ, ਵਿਵੇਕ ਵੇਡੇਬਾਈ ਦਿੱਲੀ ਅਤੇ ਏਪੀ ਰਾਈਸੀਲਾ ਫਾਉਂਡੇਸ਼ਨ ਧੂਰੀ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ, ਜਿਨ੍ਹਾਂ ਵੱਲੋਂ ਸਮੇਂ-ਸਮੇਂ ‘ਤੇ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ |

ਰਵਿੰਦਰ ਸਿੰਘ ਦੇ ਪਿਤਾ ਹਮੀਰ ਸਿੰਘ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਲਈ ਰਵਿੰਦਰ ਸਿੰਘ ਦੇ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਖੇਡਣ ਜਾ ਰਿਹਾ ਹੈ | ਉਨ੍ਹਾਂ ਨੂੰ  ਪੂਰੀ ਉਮੀਦ ਹੈ ਕਿ ਉਹ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਤਰ੍ਹਾਂ ਉਜਬੇਕਿਸਤਾਨ ਵਿੱਚ ਹੋਣ ਵਾਲੇ ਮੁਕਾਬਲੇ ਵਿੱਚ ਵੀ ਸ਼ਾਨਦਾਰ ਜਿੱਤ ਦਰਜ ਕਰਕੇ ਦੇਸ਼ ਲਈ ਸੋਨੇ ਦਾ ਤਗਮਾ ਲੈ ਕੇ ਆਵੇਗਾ | ਉਨ੍ਹਾਂ ਦੱਸਿਆ ਕਿ ਆਪਣੇ ਦੇਸ਼ ਨਾਲ ਰਵਿੰਦਰ ਨੂੰ  ਅਥਾਹ ਪਿਆਰ ਹੈ, ਜਿਸਦੇ ਚਲਦਿਆਂ ਉਹ ਭਾਰਤੀ ਫੌਜ ਵਿੱਚ ਵੀ ਨੌਕਰੀ ਕਰਦਾ ਹੈ | ਉਸਦਾ ਸੁਪਨਾ ਬੱਸ ਆਪਣੇ ਦੇਸ਼ ਨੂੰ  ਹਮੇਸ਼ਾ ਚੜ੍ਹਦੀ ਕਲਾ ਵਿੱਚ ਵੇਖਣਾ ਹੈ |

ਰਵਿੰਦਰ ਦੇ ਯੂਨਿਟ ਕਮਾਂਡਿੰਗ ਅਫਸਰ ਅਜੀਤ ਐਸ. ਅਤੇ ਵਾਕੋ ਇੰਡੀਆ ਕਿੱਕਬਾਕਸਿੰਗ ਦੇ ਪ੍ਰਧਾਨ ਸੰਤੋਸ ਅਗਰਵਾਲ ਨੇ ਰਵਿੰਦਰ ਨੂੰ  ਮੁਬਾਰਕਵਾਦ ਦਿੰਦਿਆਂ ਕਿਹਾ ਕਿ ਰਵਿੰਦਰ ਇੱਕ ਮਿਹਨਤੀ ਖਿਡਾਰੀ ਹੈ, ਜਿਸਨੇ ਇਸ ਮੁਕਾਮ ਤੱਕ ਪੁੱਜਣ ਲਈ ਬਹੁਤ ਸੰਘਰਸ਼ ਕੀਤਾ ਹੈ | ਸਾਨੂੰ ਉਮੀਦ ਹੈ ਕਿ ਉਹ ਆਪਣੇ ਦੇਸ਼ ਲਈ ਸੋਨ ਤਗਮਾ ਜਰੂਰ ਲਿਆਵੇਗਾ |