VB Arrests Market Committee Employee for Taking Rs 30,000 Bribe

ਵਿਜੀਲੈਂਸ ਬਿਊਰੋ ਨੇ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਮਾਰਕੀਟ ਕਮੇਟੀ ਦਾ ਆਕਸ਼ਨ ਰਿਕਾਰਡਰ ਕੀਤਾ ਗ੍ਰਿਫਤਾਰ
ਚੰਡੀਗੜ, 7 ਫਰਵਰੀ :-
 ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ ਬੁੱਧਵਾਰ ਨੂੰ ਮਾਰਕੀਟ ਕਮੇਟੀ ਲੁਧਿਆਣਾ ਦੇ ਨਿਲਾਮੀ ਰਿਕਾਰਡਰ (ਆਕਸ਼ਨ ਰਿਕਾਰਡਰ) ਹਰੀ ਰਾਮ ਨੂੰ 30,000 ਰੁਪਏ  ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਅਸ਼ੋਕ ਨਗਰ, ਸਲੇਮ ਟਾਬਰੀ, ਲੁਧਿਆਣਾ ਦੇ ਰਹਿਣ ਵਾਲੇ ਸੋਨੂੰ, ਜੋ ਕਿ ਗਿੱਲ ਕੋਆਪ੍ਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਲੁਧਿਆਣਾ ਦਾ ਸਕੱਤਰ ਹੈ, ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ  ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਸੰਪਰਕ ਕਰਕੇ ਦੱਸਿਆ  ਕਿ ਉਨ੍ਹਾਂ ਦੀ ਉਕਤ ਸੁਸਾਇਟੀ ਲੁਧਿਆਣਾ ਸ਼ਹਿਰ ਅੰਦਰ ਪੈਂਦੀਆਂ ਮੰਡੀਆਂ, ਮੱਛੀ ਮੰਡੀਆਂ ਆਦਿ ਦੀ ਸਫਾਈ ਦਾ ਠੇਕਾ ਲੈਂਦੀ ਸੀ। ਉਕਤ ਸੁਸਾਇਟੀ ਨੂੰ ਮਾਰਕਿਟ ਕਮੇਟੀ ਲੁਧਿਆਣਾ ਵੱਲੋਂ 01-04-2023 ਤੋਂ 31-03-2024 ਤੱਕ ਦੀ ਮਿਆਦ ਲਈ ਕਾਰਾ-ਬਾਰਾ ਚੌਕ, ਬਹਾਦਰਕੇ ਰੋਡ, ਨੇੜੇ ਸਬਜੀ ਮੰਡੀ ਲੁਧਿਆਣਾ ਦੀ ਸਫ਼ਾਈ ਦਾ ਠੇਕਾ ਅਲਾਟ ਹੋਇਆ ਹੈ।
ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਦਾ ਕਰਮਚਾਰੀ ਹਰੀ ਰਾਮ ਵੱਲੋਂ ਸਕੱਤਰ ਮਾਰਕੀਟ ਕਮੇਟੀ ਤੋਂ ਸੁਸਾਇਟੀ ਦੇ ਮਹੀਨਾਵਾਰ ਬਿੱਲ ਪਾਸ ਕਰਵਾਉਣ ਬਦਲੇ ਹਰ ਮਹੀਨੇ 30,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਨੇ ਰਿਸ਼ਵਤ ਦੀ ਮੰਗ ਕਰਨ ਸਮੇਂ ਕਥਿਤ ਦੋਸ਼ੀ ਕਰਮਚਾਰੀ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਲੁਧਿਆਣਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ  ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਲਿਆ। ਇਸ ਸਬੰਧੀ ਉਕਤ ਦੋਸ਼ੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਭਲਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ  ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਅਧਿਕਾਰੀਆਂ ਦੀ ਭੂਮਿਕਾ  ਵੀ ਜਾਂਚੀ  ਜਾਵੇਗੀ।