ਸਿੱਖ ਪੰਥ : ਚੁਣੌਤੀਆਂ ਅਤੇ ਸੰਭਾਵਨਾਵਾਂ

ਸਿੱਖ ਪੰਥ ਦਿਨੋਂ-ਦਿਨ ਵਿਕਾਸ ਅਤੇ ਪ੍ਰਵਾਸ ਕਰਦਾ ਜਾ ਰਿਹਾ ਹੈ। ਹੁਣ ਇਹ ਕੇਵਲ ਪੰਜਾਬ ਜਾਂ ਭਾਰਤ ਦੇ ਕੁੱਝ ਹਿੱਸਿਆਂ ਤੱਕ ਹੀ ਸੀਮਿਤ ਨਹੀਂ ਰਿਹਾ ਬਲਕਿ ਅੰਮ੍ਰਿਤਸਰ ਤੋਂ ਲੈ ਕੇ ਅਮਰੀਕਾ ਤੱਕ ਲਗ-ਪਗ ਹਰ ਇਕ ਵਿਕਸਿਤ ਦੇਸ਼ ਵਿਚ ਪ੍ਰਸਾਰ ਕਰ ਗਿਆ ਹੈ। ਇਸਨੇ ਜਿੰਨਾ ਵਿਕਾਸ ਕੀਤਾ ਹੈ ਉਸ ਤੋਂ ਵਧੇਰੇ ਚੁਣੌਤੀਆਂ ਦਾ ਇਸਨੂੰ ਸਾਹਮਣਾ ਕਰਨਾ ਪਿਆ ਹੈ। ਹਰ ਚੁਣੌਤੀ ਦਾ ਸਫ਼ਲਤਾ ਪੂਰਵਕ ਟਾਕਰਾ ਕਰਨਾ ਅਤੇ ਉਸ ਵਿਚੋਂ ਅੱਗੇ ਲੰਘ ਜਾਣ ਦੀ ਬਿਰਤੀ ਇਸਨੂੰ ਗੁਰੂ ਸਾਹਿਬਾਨ ਦੇ ਸੰਦੇਸ਼ ਅਤੇ ਵੱਖ-ਵੱਖ ਸਮੇਂ ’ਤੇ ਹੋਏ ਘੱਲੂਘਾਰਿਆਂ ਵਿਚੋਂ ਪ੍ਰਾਪਤ ਹੋਈ ਹੈ। ਸਿੱਖ ਪੰਥ ਨੇ ਆਪਣੇ 500 ਸਾਲ ਦੇ ਇਤਿਹਾਸ ਵਿਚ ਅਨੇਕਾਂ ਕੌੜੇ-ਮਿੱਠੇ ਤਜਰਬਿਆਂ ਦੀ ਖਟਾਸ ਅਤੇ ਮਿਠਾਸ ਨੂੰ ਅਨੁਭਵ ਕੀਤਾ ਹੈ। ਹਰ ਇਕ ਘਟਨਾ ਸਮੇਂ ਜਿਹੜੇ ਵੀ ਕਾਰਜ ਸਾਹਮਣੇ ਆਏ ਉਹਨਾਂ ਦੇ ਆਧਾਰ ’ਤੇ ਪੱਖ ਅਤੇ ਵਿਰੋਧ ਦੀਆਂ ਸੁਰਾਂ ਦਾ ਸਾਹਮਣਾ ਕਰਨਾ ਪਿਆ ਹੈ।Sikh panth :Challenges and opportunities

ਮੌਜੂਦਾ ਸਮੇਂ ਵਿਚ ਜਿਹੜੀ ਘਟਨਾ ਸਭ ਤੋਂ ਵਧੇਰੇ ਚਰਚਾ ਵਿਚ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਹੈ। ਕੁੱਝ ਸਮਾਂ ਪਹਿਲਾਂ ਪੰਜਾਬ ਦੀ ਧਰਤੀ ’ਤੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਉਸ ਨੇ ਪੰਜਾਬ ਵਿਚ ਆਪਣਾ ਸਥਾਨ ਬਣਾਇਆ ਉਹ ਸਭ ਨੂੰ ਹੈਰਾਨ ਕਰ ਦੇਣਾ ਵਾਲਾ ਹੈ। ਪੰਜਾਬ ਵਿਚ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਮੌਜੂਦ ਹਨ ਉਹਨਾਂ ਦੇ ਵੱਡੇ-ਵੱਡੇ ਆਗੂ ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਵਿਚ ਵਿਚਰ ਰਹੇ ਹਨ ਪਰ ਆਪਣੇ ਕਾਰਜਾਂ ਕਰਕੇ ਉਹਨਾਂ ਨੇ ਆਪਣਾ ਪ੍ਰਭਾਵ ਵਧਾਉਣ ਦੀ ਬਜਾਏ ਅਜਿਹੀ ਸਥਿਤੀ ਪੈਦਾ ਕਰ ਲਈ ਕਿ ਆਮ ਲੋਕਾਂ ਦਾ ਪ੍ਰਭਾਵ ਬਾਹਰੋਂ ਆਉਣ ਵਾਲੇ ਚਿਹਰਿਆਂ ’ਤੇ ਵਧੇਰੇ ਬੱਝਣਾ ਅਰੰਭ ਹੋ ਗਿਆ। ਇਸ ਸਥਿਤੀ ਵਿਚ ਆਮ ਆਦਮੀ ਪਾਰਟੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੋਵਾਂ ਨੂੰ ਰੱਖ ਕੇ ਦੇਖਿਆ ਜਾ ਸਕਦਾ ਹੈ। ਦੋਵੇਂ ਹੀ ਪੰਜਾਬ ਵਿਚ ਨਵੇਂ ਸਨ ਅਤੇ ਦੋਵਾਂ ਨੇ ਆਮ ਲੋਕਾਂ ਵਿਚ ਬਹੁਤ ਛੇਤੀ ਆਪਣੀ ਪਛਾਣ ਕਾਇਮ ਕਰ ਲਈ ਸੀ।

ਪੰਜਾਬ ਦੇ ਲੋਕ ਧਰਮ ਅਤੇ ਰਾਜਨੀਤੀ ਨਾਲ ਜੁੜੇ ਹੋਏ ਹਨ ਅਤੇ ਦੋਵਾਂ ਖੇਤਰਾਂ ਵਿਚ ਯੋਗ ਆਗੂਆਂ ਦੀ ਲੋੜ ਹੈ ਜਿਹੜੇ ਕਿ ਉਹਨਾਂ ਨੂੰ ਧਾਰਮਿਕ ਕਦਰਾਂ-ਕੀਮਤਾਂ ਅਤੇ ਯੋਗ ਰਾਜਨੀਤਿਕ ਅਗਵਾਈ ਪ੍ਰਦਾਨ ਕਰ ਸਕਣ। ਜਦੋਂ ਸਥਾਨਿਕ ਪਾਰਟੀਆਂ ਦੇ ਆਗੂ ਇਹ ਸਮਝਣ ਲੱਗ ਪੈਣ ਕਿ ਆਮ ਲੋਕਾਂ ਕੋਲ ਕੋਈ ਬਦਲ ਨਹੀਂ ਹੈ ਅਤੇ ਉਹ ਹੀ ਵਾਰੀ-ਵਾਰੀ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹਿ ਸਕਦੇ ਹਨ ਤਾਂ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਰਾਹੀਂ ਨਵਾਂ ਬਦਲ ਲੱਭ ਲਿਆ ਸੀ। ਇਸੇ ਤਰ੍ਹਾਂ ਧਾਰਮਿਕ ਤੌਰ ’ਤੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਗਵਾਈ ਪ੍ਰਦਾਨ ਕਰਨੀ ਸੀ ਉਹ ਵੀ ਆਪਣੀ ਜ਼ਿੰਮੇਵਾਰੀ ਵਿਚ ਫੇਲ ਦਿਖਾਈ ਦੇਣ ਲੱਗੇ ਤਾਂ ਆਮ ਲੋਕਾਂ ਸਾਹਮਣੇ ਉਹਨਾਂ ਦੀਆਂ ਭਾਵਨਾਵਾਂ ਅਨੁਸਾਰ ਜਿਹੜਾ ਵੀ ਧਾਰਮਿਕ ਆਗੂ ਨਜ਼ਰ ਆਇਆ ਉਸ ਦੇ ਪਿੱਛੇ ਲੱਗ ਤੁਰੇ।

ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਵਿਚ ਨਸ਼ਿਆਂ ਦੀ ਬੜੀ ਭਾਰੀ ਸਮੱਸਿਆ ਉੱਭਰ ਕੇ ਸਾਹਮਣੇ ਆਈ ਹੈ ਅਤੇ ਪਿੰਡਾਂ ਵਿਚ ਘਰ-ਘਰ ਨਸ਼ਾ ਪਹੁੰਚਾਉਣ ਵਾਲੀਆਂ ਖ਼ਬਰਾਂ ਆਮੋ-ਆਮ ਹੋ ਗਈਆਂ ਤਾਂ ਨਸ਼ਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਰਾਹੀਂ ਆਸ ਦੀ ਇਕ ਕਿਰਨ ਦਿਖਾਈ ਦਿੱਤੀ ਅਤੇ ਵੱਡੀ ਗਿਣਤੀ ਲੋਕਾਂ ਨੇ ਬਹੁਤ ਛੇਤੀ ਹੀ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ। ਦੂਜੇ ਪਾਸੇ ਆਮ ਸਿੱਖ ਇਸ ਗੱਲ ਤੋਂ ਭਾਰੀ ਉਦਾਸੀ ਮਹਿਸੂਸ ਕਰ ਰਹੇ ਸਨ ਕਿ ਉਹਨਾਂ ਦੇ ਧਾਰਮਿਕ ਆਗੂ ਸਮੇਂ ਸਿਰ ਕੋਈ ਠੋਸ ਫੈਸਲਾ ਨਹੀਂ ਲੈਂਦੇ ਅਤੇ ਉਹਨਾਂ ਦੇ ਫੈਸਲਿਆਂ ’ਤੇ ਇਕ ਵਿਸ਼ੇਸ਼ ਰਾਜਨੀਤਿਕ ਧਿਰ ਦਾ ਪ੍ਰਭਾਵ ਮੌਜੂਦ ਹੁੰਦਾ ਹੈ। ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਅਜਿਹੀ ਸਥਿਤੀ ਤੋਂ ਲਾਹਾ ਲੈਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ। ਗੁੰਝਲਦਾਰ ਰਾਜਨੀਤਿਕ ਸਥਿਤੀ ਵਿਚ ਇਕ ਪਾਸੇ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲੀ ਅਤੇ ਦੂਜੇ ਪਾਸੇ ਹਰਿਆਣੇ ਦੇ ਸਿੱਖਾਂ ਦੀ ਵੱਖਰੀ ਕਮੇਟੀ ਬਣਾਉਣ ਨੂੰ ਅਜਿਹੀ ਹਵਾ ਦਿੱਤੀ ਗਈ ਜਿਸ ਵਿਚੋਂ ਇਕ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਅਤੇ ਇਸ ਖਿੱਤੇ ਵਿਚ ਮੌਜੂਦ ਸਿੱਖ ਆਪਸ ਵਿਚ ਉਲਝ ਕੇ ਰਹਿ ਗਏ। ਸਿਆਸਤਦਾਨਾਂ ਨੇ ਸਿੱਖਾਂ ਵਿਚ ਪੈਦਾ ਹੋਈ ਧਾਰਮਿਕ ਅਤੇ ਰਾਜਨੀਤਿਕ ਕਮਜ਼ੋਰੀ ਦਾ ਭਰਪੂਰ ਫਾਇਦਾ ਉਠਾਇਆ।

ਸਿੱਖਾਂ ਦੀ ਕੇਂਦਰੀ ਸ਼ਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਿਆ ਜਾਂਦਾ ਹੈ ਅਤੇ ਇੱਥੇ ਹੋਣ ਵਾਲੇ ਫੈਸਲੇ ਸਮੁੱਚੀ ਦੁਨੀਆਂ ਵਿਚ ਵੱਸਦੇ ਸਿੱਖਾਂ ਨੂੰ ਪ੍ਰਭਾਵਿਤ ਕਰਦੇ ਹਨ। ਪਰ ਪਿਛਲੇ ਸਮੇਂ ਦੌਰਾਨ ਜਿਵੇਂ ਇੱਥੇ ਨਿਯੁਕਤ ਕੀਤੇ ਜਾਂਦੇ ਜਥੇਦਾਰ ਸਾਹਿਬਾਨ ’ਤੇ ਦੋਸ਼ ਲੱਗਦੇ ਰਹੇ ਹਨ ਜਿਨ੍ਹਾਂ ਨੇ ਇਸ ਸੰਸਥਾ ਦੇ ਫੈਸਲਿਆਂ ’ਤੇ ਵੀ ਪ੍ਰਸ਼ਨ ਚਿੰਨ੍ਹ ਲਾਉਣ ਦਾ ਕੰਮ ਕੀਤਾ ਹੈ। ਡੇਰਾ ਸਰਸਾ ਦੇ ਮੁਖੀ ਦੀ ਮਾਫ਼ੀ ਅਤੇ ਉਸ ਨੂੰ ਸਹੀ ਠਹਿਰਾੳਣ ਦੇ ਯਤਨਾਂ ਵਜੋਂ ਸੰਗਤ ਦੁਆਰਾ ਧਰਮ-ਅਰਥ ਭੇਟ ਕੀਤੀ ਮਾਇਆ ਵਿਚੋਂ 92 ਲੱਖ ਰੁਪਈਆ ਖਰਚ ਕਰ ਦੇਣਾ ਅਤੇ ਫਿਰ ਉਸ ਫੈਸਲੇ ਨੂੰ ਵਾਪਸ ਲੈਣਾ ਪੰਥ ਨੂੰ ਬਹੁਤ ਹੀ ਨਿਰਾਸ਼ਾਜਨਕ ਸਥਿਤੀ ਵੱਲ ਲੈ ਗਿਆ। ਅਜਿਹੀਆਂ ਘਟਨਾਵਾਂ ਤੋਂ ਸਪਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਉ ਅਤੇ ਭਾਉ ਤੋਂ ਦੂਰ ਰਹਿ ਕੇ ਕੀਤੇ ਗਏ ਫੈਸਲੇ ਸਿੱਖਾਂ ਨੂੰ ਕਿਸ ਦਿਸ਼ਾ ਵਿਚ ਲਿਜਾ ਸਕਦੇ ਹਨ।

ਇਸ ਤੋਂ ਇਲਾਵਾ ਵਿਭਿੰਨ ਇਲਾਕਿਆਂ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਿੱਖ ਹਿਰਦਿਆਂ ’ਤੇ ਭਾਰੀ ਸੱਟ ਵੱਜੀ ਹੈ। ਸਿੱਖਾਂ ਵਿਚ ਧਾਰਮਿਕ ਅਗਵਾਈ ਕਰਨ ਵਾਲਿਆਂ ਦਾ ਖਲਾਅ ਮਹਿਸੂਸ ਕੀਤਾ ਜਾ ਰਿਹਾ ਸੀ ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਰਾਹੀਂ ਪੂਰਾ ਹੁੰਦਾ ਦਿਖਾਈ ਦੇਣ ਲੱਗਿਆ ਤਾਂ ਬਹੁਤ ਸਾਰੇ ਲੋਕ ਉਸ ਦੇ ਪਿੱਛੇ ਹੋ ਤੁਰੇ ਸਨ। ਸਿੱਖ ਧਰਮ ਦੀ ਗਹਿਰ ਗੰਭੀਰ ਜਾਣਕਾਰੀ ਅਤੇ ਅਨੁਭਵ ਰੱਖਣ ਵਾਲੇ ਇਹ ਮਹਿਸੂਸ ਕਰਨ ਲੱਗੇ ਸਨ ਕਿ ਭਾਈ ਅੰਮ੍ਰਿਤਪਾਲ ਸਿੰਘ ਰਾਹੀਂ ਜਿਹੜਾ ਮਾਹੌਲ ਪੈਦਾ ਹੋ ਰਿਹਾ ਹੈ ਉਹ ਸਿਰਫ ਕੁਝ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਆਪਣੇ ਵੱਲ ਖਿੱਚਣ ਦਾ ਕਾਰਜ ਕਰ ਰਿਹਾ ਹੈ ਅਤੇ ਇਸਦੇ ਭਵਿੱਖਮੁਖੀ ਨਤੀਜੇ ਨੁਕਸਾਨਦਾਇਕ ਹੋ ਸਕਦੇ ਹਨ। ਇੱਥੋਂ ਤੱਕ ਕਿ ਖਾੜਕੂ ਲਹਿਰ ਦੌਰਾਨ ਜੇਲਾਂ ਦਾ ਸੰਤਾਪ ਹੰਢਾ ਕੇ ਬਾਹਰ ਆਏ ਸਿੱਖ ਨੌਜਵਾਨ ਵੀ ਇਹ ਮਹਿਸੂਸ ਕਰਨ ਲੱਗੇ ਸਨ ਕਿ ਸਿੱਖਾਂ ਲਈ ਦੁਬਾਰਾ ਉਹੀ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਹੜਾ ਕਿ 1984 ਤੋਂ ਬਾਅਦ ਪੈਦਾ ਹੋਇਆ ਸੀ ਅਤੇ ਸਿੱਖ ਨੌਜਵਾਨਾਂ ਨੂੰ ਇਸ ਤੋਂ ਬਚਣ ਦੀ ਲੋੜ ਹੈ। ਭਾਵੇਂ ਕਿ ਇੰਟਰਵਿਊਜ਼ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੱਤਰਕਾਰਾਂ ਨੂੰ ਨਿਰਉਤਰ ਕਰ ਦੇਣ ਵਾਲੇ ਵਿਚਾਰਾਂ ਤੋਂ ਬਹੁਤ ਸਾਰੇ ਨੌਜਵਾਨ ਪ੍ਰਭਾਵਿਤ ਹੋ ਰਹੇ ਸਨ ਪਰ ਸੂਝਵਾਨ ਸਿੱਖ ਇਹ ਮਹਿਸੂਸ ਕਰ ਰਹੇ ਸਨ ਕਿ ਸਿੱਖ ਪੰਥ ਦੀ ਅਗਵਾਈ ਕਰਨ ਲਈ ਹਾਲੇ ਉਸਨੂੰ ਧਾਰਮਿਕ ਪੱਧਰ ’ਤੇ ਪ੍ਰੋੜ੍ਹ ਹੋਣ ਦੀ ਲੋੜ ਹੈ ਅਤੇ ਧਾਰਮਿਕ ਪ੍ਰਪੱਕਤਾ ਤੋਂ ਬਗ਼ੈਰ ਕੇਵਲ ਇਕ ਪਾਸੜ ਅਗਵਾਈ ਸਿੱਖਾਂ ਲਈ ਸਮੱਸਿਆ ਦਾ ਕਾਰਨ ਬਣ ਸਕਦੀ ਹੈ।

ਪੰਜਾਬ ਵਿਚ ਪੈਦਾ ਹੋ ਰਹੀ ਸਥਿਤੀ ਤੋਂ ਭਾਰਤ ਦੇ ਹੋਰਨਾਂ ਰਾਜਾਂ ਵਿਚ ਬੈਠੇ ਸਿੱਖ ਕਿਵੇਂ ਪ੍ਰਭਾਵਿਤ ਹੁੰਦੇ ਹਨ, ਇਸਦਾ ਅੰਦਾਜ਼ਾ 1984 ਦੇ ਘਟਨਾ-ਕ੍ਰਮ ਤੋਂ ਲਗਾਇਆ ਜਾ ਸਕਦਾ ਹੈ। ਉਹ ਵੀ ਸਾਡਾ ਅੰਗ ਹਨ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਜਾਣਨਾ ਅਤੇ ਸਮਝਣਾ ਵੀ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਨੂੰ ਨਜ਼ਰ-ਅੰਦਾਜ਼ ਕਰਕੇ ਕੀਤਾ ਗਿਆ ਕੋਈ ਵੀ ਕਾਰਜ ਸਿੱਖਾਂ ਦੇ ਭਵਿੱਖਮੁਖੀ ਵਿਕਾਸ ’ਤੇ ਪ੍ਰਸ਼ਨ ਚਿੰਨ੍ਹ ਲਗਾ ਸਕਦਾ ਹੈ।

ਨਿਰਸੰਦੇਹ, ਸਿੱਖ ਭਾਰਤ ਤੋਂ ਬਾਹਰ ਸੰਸਾਰ ਦੇ ਕੋਨੇ-ਕੋਨੇ ਵਿਚ ਵੀ ਜਾ ਵੱਸੇ ਹਨ ਅਤੇ ਉਹਨਾਂ ਦਾ ਪੰਜਾਬ ਦੀਆਂ ਸਮੱਸਿਆਵਾਂ ਨਾਲ ਬਹੁਤ ਘੱਟ ਰਾਬਤਾ ਹੈ ਪਰ ਧਾਰਮਿਕ ਤੌਰ ’ਤੇ ਉਹ ਹਮੇਸ਼ਾਂ ਇਸ ਨਾਲ ਜੁੜੇ ਰਹਿੰਦੇ ਹਨ। ਜਦੋਂ ਇੱਥੇ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਦਾ ਵਿਰੋਧ ਵਿਦੇਸ਼ਾਂ ਵਿਚ ਹੋਣ ਲੱਗਦਾ ਹੈ ਅਤੇ ਵਿਰੋਧ ਦਾ ਜਿਹੜਾ ਤਰੀਕਾ ਸਾਹਮਣੇ ਆਉਂਦਾ ਹੈ ਉਸ ਨਾਲ ਵੀ ਸਿੱਖਾਂ ਦਾ ਅਕਸ ਖਰਾਬ ਹੋਣ ਲੱਗਦਾ ਹੈ। ਪ੍ਰਵਾਸ ਕਰ ਗਏ ਸਿੱਖਾਂ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਜਦੋਂ ਪੂਰੀ ਕੌਮ ਦਾ ਅਕਸ ਧੁੰਦਲਾ ਹੋਣ ਲੱਗੇ ਤਾਂ ਉਹ ਵੀ ਬੱਚ ਨਹੀਂ ਸਕਣਗੇ। ਸੂਝਵਾਨ ਸਿੱਖ ਇਹ ਸਮਝਦੇ ਹਨ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਕ੍ਰਿਪਾਨ ਸਿੱਖ ਜੀਵਨਜਾਚ ਦਾ ਅਟੁੱਟ ਅੰਗ ਹੈ ਅਤੇ ਸਿੱਖਾਂ ਦਾ ਸਵੈਮਾਨ ਅਤੇ ਪਛਾਣ ਕਾਇਮ ਕਰਨ ਵਿਚ ਇਸ ਦਾ ਵੀ ਵੱਡਾ ਯੋਗਦਾਨ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਕਾਰਜਸ਼ੀਲ ਹੋਣ ਲਈ ਸਿੱਖਾਂ ਨੂੰ ਕ੍ਰਿਪਾਨ ਦੀ ਬਖ਼ਸ਼ਿਸ਼ ਕੀਤੀ ਹੈ ਅਤੇ ਜਦੋਂ ਵਿਚਾਰ ਦੇ ਸਮੂਹ ਹੀਲੇ-ਵਸੀਲੇ ਫੇਲ ਹੋ ਜਾਣ ਤਾਂ ਇਸ ਦੀ ਵਰਤੋਂ ਕਰਨ ਨੂੰ ਜਾਇਜ਼ ਮੰਨਿਆ ਗਿਆ ਹੈ।

ਸੱਭਿਅਕ ਸਮਾਜ ਦੀਆਂ ਸਮੱਸਿਆਵਾਂ ਦੇ ਸਨਮੁੱਖ ਸੰਵਾਦ ਹੀ ਅਜਿਹਾ ਰਾਹ ਹੈ ਜਿਹੜਾ ਆਪਣੀ ਗੱਲ ਦੂਜਿਆਂ ਤੱਕ ਲਿਜਾਣ ਅਤੇ ਉਹਨਾਂ ਦੀ ਗੱਲ ਨੂੰ ਸਮਝਣ ਲਈ ਸੁਯੋਗ ਮੰਨਿਆ ਗਿਆ ਹੈ। ਸਿੱਖ ਭਾਰਤ ਦੇ ਹਰ ਸੂਬੇ ਵਿਚ ਘੱਟ-ਗਿਣਤੀ ਹਨ ਅਤੇ ਹੌਲੀ-ਹੌਲੀ ਇਹ ਸਥਿਤੀ ਪੰਜਾਬ ਵਿਚ ਵੀ ਪੈਦਾ ਹੋ ਰਹੀ ਹੈ। ਇਸ ਲਈ ਸੱਭਿਅਕ ਸਮਾਜ ਵਿਚ ਵਿਚਰਨ ਲਈ ਕਲਮ ਅਤੇ ਕਲਾਮ ਹੀ ਅਜਿਹਾ ਸਾਧਨ ਹੈ ਜਿਸ ਰਾਹੀਂ ਕਿਸੇ ਵੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਹਨਾਂ ਲੋਕਾਂ ਤੱਕ ਲਿਜਾਇਆ ਜਾ ਸਕਦਾ ਹੈ ਜਿਹੜੇ ਸਰਕਾਰ ਬਣਾਉਣ ਅਤੇ ਚਲਾਉਣ ਦੀ ਸਮਰੱਥਾ ਰੱਖਦੇ ਹਨ। ਮੌਜੂਦਾ ਸਮੇਂ ਦੀਆਂ ਸਮੱਸਿਆਵਾਂ ਦੇ ਸਨਮੁੱਖ ਸਿੱਖਾਂ ਨੂੰ ਵੀ ਕ੍ਰਿਪਾਨ ’ਤੇ ਕਲਮ ਟਿਕਾਉਣ ਦੀ ਲੋੜ ਹੈ ਤਾਂ ਕਿ ਇਤਿਹਾਸ ਵਿਚ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਹਨ ਉਹਨਾਂ ਦੇ ਆਧਾਰ ’ਤੇ ਸੱਭਿਅਕ ਸਮਾਜ ਵਿਚ ਇਕ ਅਜਿਹੇ ਸਿੱਖ ਆਦਰਸ਼ ਨੂੰ ਪੇਸ਼ ਕੀਤਾ ਜਾ ਸਕੇ ਜਿਹੜਾ ਅਨਿਆਂ, ਭੁੱਖਮਰੀ ਅਤੇ ਮਨੁੱਖੀ ਅਧਿਕਾਰਾਂ ਲਈ ਜੂਝਦਾ ਹੋਇਆ ਵੀ ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਮੁਦਈ ਹੈ।

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ