ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉਤੇ ਮੁਲਾਕਾਤ ਕੀਤੀ। ਸੰਜੈ ਸਿੰਘ ਨਾਲ ਉਨ੍ਹਾਂ ਦੀ ਪਤਨੀ ਵੀ ਸਨ।

ਉਹ ਪੰਜਾਬ ਦੇ ਮੁੱਖ ਮੰਤਰੀ ਦੀ ਨਵਜੰਮੀ ਬੱਚੀ ਨੂੰ ਦੇਖਣ ਲਈ ਘਰ ਪੁੱਜੇ। ਸ੍ਰੀ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਸੰਜੈ ਸਿੰਘ ਅਤੇ ਉਨ੍ਹਾਂ ਦੀ ਪਤਨੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਸੰਜੇ ਸਿੰਘ ਭਗਵੰਤ ਮਾਨ ਦੀ ਨਵਜੰਮੀ ਬੇਟੀ ਨਿਆਮਤ ਮਾਨ ਕੌਰ ਨੂੰ ਅਸ਼ੀਰਵਾਦ ਦੇਣ ਪਹੁੰਚੇ ਹਨ।

ਇਹ ਵੀ ਪੜ੍ਹੋ :- ਸੰਘੀ ਦੇ ਘਰੋਂ ਵੱਡੀ ਧਮਾਕਾਖ਼ੇਜ਼ ਸਮਗਰੀ ਬਰਾਮਦ

ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਸਬੰਧੀ ਮੁੱਖ ਮੰਤਰੀ ਮਾਨ ਅਤੇ ਸੰਜੇ ਸਿੰਘ ਪੰਜਾਬ ਦੇ ਹੋਰ ਆਗੂਆਂ ਨਾਲ ਮੀਟਿੰਗ ਕਰਨਗੇ। ਆਮ ਆਦਮੀ ਪਾਰਟੀ ਵਲੋਂ ਪੰਜਾਬ ‘ਚ 13 ਸੀਟਾਂ ਹਾਸਲ ਕਰਨ ਲਈ ਕਾਫੀ ਜ਼ੋਰ ਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਲਗਾਤਾਰ ਲੋਕ ਸਭਾ ਹਲਕਿਆਂ ‘ਚ ਮੀਟਿੰਗ ਕਰਕੇ ਉਮੀਦਵਾਰਾਂ, ਵਿਧਾਇਕਾਂ ਅਤੇ ਮੰਤਰੀਆਂ ਤੋਂ ਫੀਡਬੈਕ ਲੈ ਰਹੇ ਹਨ।

ਆਪ’ ਨੇ ਹੁਣ ਤੱਕ ਕੁੱਲ 13 ਵਿਚੋਂ 10 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਹਾਲਾਂਕਿ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਪਾਰਟੀ ਛੱਡਣ ਤੋਂ ਬਾਅਦ ਹੁਣ ਜਲੰਧਰ ਤੋਂ ਨਵੇਂ ਉਮੀਦਵਾਰ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਪਾਰਟੀ ਨੇ ਪੰਜ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਇਨ੍ਹਾਂ ਵਿੱਚ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਡਾ. ਬਲਬੀਰ ਸਿੰਘ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਬਠਿੰਡਾ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਹਨ। ਜਦੋਂ ਕਿ ਫਰੀਦਕੋਟ (ਰਿਜ਼ਰਵ) ਤੋਂ ਕਲਾਕਾਰ ਅਤੇ ਮੁੱਖ ਮੰਤਰੀ ਦੇ ਦੋਸਤ ਕਰਮਜੀਤ ਅਨਮੋਲ, ਸ਼੍ਰੀ ਫਤਿਹਗੜ੍ਹ ਸਾਹਿਬ (ਰਿਜ਼ਰਵ) ਤੋਂ ਗੁਰਪ੍ਰੀਤ ਸਿੰਘ ਜੀਪੀ, ਹੁਸ਼ਿਆਰਪੁਰ (ਰਿਜ਼ਰਵ) ਤੋਂ ਰਾਜ ਕੁਮਾਰ ਚੱਬੇਵਾਲ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਐਲਾਨੇ ਗਏ ਉਮੀਦਵਾਰਾਂ ਵਿੱਚ 2 ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਵਿੱਚ ਆਏ ਸਨ।