ਸੰਗਰੂਰ ਜ਼ਿਲ੍ਹਾ ਜੇਲ੍ਹ ਵਿੱਚ 19 ਅਪ੍ਰੈਲ ਨੂੰ ਹੋਈ ਵੱਡੀ ਝੜਪ ਕਾਰਨ ਦੋ ਕੈਦੀਆਂ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਪੰਜਾਬ ਜੇਲ੍ਹ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੀ ਅੰਤਰਿਮ ਰਿਪੋਰਟ ਦੇ ਆਧਾਰ ‘ਤੇ ਜੇਲ੍ਹ ਸੁਪਰਡੈਂਟ ਅਤੇ ਤਿੰਨ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਿੰਸਕ ਘਟਨਾ ਦੇ ਨਤੀਜੇ ਵਜੋਂ ਦੋ ਕੈਦੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

ਇਸ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੇ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਨਿਆਂਇਕ ਜਾਂਚ ਵੀ ਚੱਲ ਰਹੀ ਹੈ, ਜਦੋਂ ਕਿ ਸੰਗਰੂਰ ਪੁਲਿਸ ਨੇ 10 ਕੈਦੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 302, 307, 353, 186, 120 ਬੀ, 148 ਅਤੇ 149 ਤਹਿਤ ਕੇਸ ਦਰਜ ਕੀਤਾ ਹੈ।

ਇਸ ਘਟਨਾ ਨੇ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਨੁੱਖੀ ਅਧਿਕਾਰ ਕਾਰਕੁੰਨ ਅਤੇ ਕਾਨੂੰਨੀ ਮਾਹਿਰ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਜੇਲ੍ਹ ਪ੍ਰਣਾਲੀ ਵਿੱਚ ਲੋੜੀਂਦੇ ਸੁਧਾਰਾਂ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ :- ਸੰਗਰੂਰ ਜੇਲ੍ਹ ਵਿਚ ਖ਼ੂਨੀ ਝੜਪ

ਇਸ ਹਾਦਸੇ ‘ਚ ਦੋ ਕੈਦੀਆਂ ਮੁਹੰਮਦ ਹਰੀਸ਼ ਅਤੇ ਧਰਮਿੰਦਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਗੰਗਦੀਪ ਅਤੇ ਸਹਿਬਾਜ ਦਾ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਮੁਢਲੀ ਜਾਂਚ ਦੌਰਾਨ ਕਥਿਤ ਬੇਨਿਯਮੀਆਂ ਕਾਰਨ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਸਹਾਇਕ ਜੇਲ੍ਹ ਸੁਪਰਡੈਂਟ ਰਾਮ ਲਾਲ, ਹੈੱਡ ਵਾਰਡਰ ਮਲਕੀਅਤ ਸਿੰਘ ਅਤੇ ਇੱਕ ਵਾਰਡਰ ਅਵਤਾਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ।

ਜੇਲ੍ਹ ਵਿਚ ਇਹ ਝੜਪ ਦੀ ਪਹਿਲੀ ਵਾਰਦਾਤ ਨਹੀਂ ਸੀ ਇਸ ਤੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ। ਕੈਦੀ ਆਪਸ ਵਿਚ ਲੜਦੇ ਰਹਿੰਦੇ ਹਨ। ਅਤੇ ਜੇਲ੍ਹ ਵਿਚ ਕੈਦੀਆਂ ਦੇ ਆਪਣੇ ਗੈਂਗ ਹਨ ਜੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਮਾਮਲਾ ਹਾਲੇ ਪੜਤਾਲ ਅਧੀਨ ਹੈ ।