ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਏ ਰਵਨੀਤ ਬਿੱਟੂ ਨੇ ਸਾਕਾ ਨੀਲਾ ਤਾਰਾ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਬਿੱਟੂ ਦੇ ਬਿਆਨ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੱਤੀ ਕੱਪੜੇ ਅੱਗ ਲੱਗ ਗਈ ਹੈ।
ਉਹਨਾਂ ਦੀ ਮਿਹਨਤ ਸਦਕਾ ਬਹਾਲ ਹੋ ਸਕੀ ਅਮਨ ਸ਼ਾਂਤੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਰੇਸ਼ਨ ਬਲੂ ਸਟਾਰ ਅਤੇ 1984 ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਸਿਆਸਤ ਗਰਮਾਉਂਦੀ ਹੋਈ ਵਿਖਾਈ ਦੇ ਰਹੀ ਹੈ। ਬੀਤੇ ਦਿਨ ਰਵਨੀਤ ਬਿੱਟੂ ਵੱਲੋਂ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਕਿਹਾ ਗਿਆ ਕਿ 1984 ਸਿੱਖ ਕਤਲੇਆਮ ਲਈ ਅਤੇ ਆਪਰੇਸ਼ਨ ਬਲੂ ਸਟਾਰ ਦੇ ਲਈ ਕਾਂਗਰਸ ਪਾਰਚੀ ਜਿੰਮੇਵਾਰ ਸੀ ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਖੜ੍ਹਾਂ ਕੀਤਾ ਹੈ ਤਾਂ ਉਹ ਉਨ੍ਹਾਂ ਦੇ ਦਾਦਾ ਅਤੇ ਪੰਜਾਬ ਦੇ ਮਰਹੂਮ ਸੀਐੱਮ ਬੇਅੰਤ ਸਿੰਘ ਨੇ ਕੀਤਾ ਸੀ। ਉਹਨਾਂ ਦੀ ਮਿਹਨਤ ਸਦਕਾ ਹੀ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋ ਸਕੀ ਹੈ।
ਪੰਜਾਬ ਦੇ ਯਾਦ ਆ ਗਿਆ ਦਰਦ
ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜੇ ਕਰਦੇ ਕਿਹਾ ਹੈ ਕਿ ਰਵਨੀਤ ਬਿੱਟੂ ਨੂੰ ਹੁਣ 40 ਸਾਲ ਬਾਅਦ ਇਹ ਗੱਲ ਯਾਦ ਆ ਗਈ ਹੈ। ਉਹਨਾਂ ਕਿਹਾ ਕਿ ਭਾਜਪਾ ਵਿੱਚ ਜਾਣ ਤੋਂ ਬਾਅਦ ਉਹਨਾਂ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਦੇ ਜੋ ਭਰਾ ਅਤੇ ਰਿਸ਼ਤੇਦਾਰ ਕਾਂਗਰਸ ਦੇ ਵਿੱਚ ਹਨ ਉਹ ਵੀ ਪਹਿਲਾਂ ਇਸ ਗੱਲ ਨੂੰ ਕਬੂਲ ਕਰਨ। ਉਹਨਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲਾਂ ਦੇ ਦੌਰਾਨ ਰਵਨੀਤ ਬਿੱਟੂ ਅਤੇ ਉਹਨਾਂ ਦਾ ਪਰਿਵਾਰ ਪਹਿਲਾ ਸੱਤਾ ਦਾ ਸੁਖ ਮਾਣਦਾ ਰਿਹਾ, ਵੱਡੇ-ਵੱਡੇ ਅਹੁਦਿਆਂ ਉੱਤੇ ਰਹੇ ਅਤੇ ਹੁਣ ਇਨ੍ਹਾਂ ਨੂੰ ਪੰਜਾਬ ਦੇ ਦਰਦ ਬਾਰੇ ਸਭ ਯਾਦ ਆ ਗਿਆ ਹੈ।
ਇਹ ਵੀ ਪੜ੍ਹੋ :-ਸਿੱਧੂ ਮੂਸੇਵਾਲੇ ਦੇ ਗੀਤ ਗੂੰਜਣਗੇ ਸੰਸਦ ‘ਚ
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਅਜਿਹੇ ਮੁੱਦਿਆਂ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਹ ਸੰਵੇਦਨਸ਼ੀਲ ਮੁੱਦੇ ਹਨ। ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹੁਤ ਮੁਸ਼ਕਿਲ ਨਾਲ ਲਿਆਂਦੀ ਹੈ ਅਜਿਹੇ ਦੇ ਵਿੱਚ ਅਜਿਹੀ ਬਿਆਨਬਾਜ਼ੀ ਕਰਨੀ ਸਹੀ ਨਹੀਂ। ਉਹਨਾਂ ਕਿਹਾ ਕਿ ਅਜਿਹੇ ਮੁੱਦਿਆਂ ਉੱਤੇ ਰਾਜਨੀਤੀ ਕਰਨੀ ਗਲਤ ਹੈ। ਉਹਨਾਂ ਕਿਹਾ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਦੋਂ ਇਹਨਾਂ ਦੀ ਹੀ ਸਰਕਾਰ ਸੀ।