protest against saffron attacks on education begins

ਜਿਨ੍ਹਾਂ ਵੀ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ, ਸਭ ਥਾਈ ਪਾਠ-ਪੁਸਤਕਾਂ ਨੂੰ ਆਰ ਐੱਸ ਐੱਸ ਦੀ ਸੋਚ ਮੁਤਾਬਕ ਸੋਧਿਆ ਜਾ ਰਿਹਾ ਹੈ | 

 

ਕਰਨਾਟਕ ਦੇ ਕਈ ਵਿਦਵਾਨਾਂ ਤੇ ਸਿੱਖਿਆ ਸ਼ਾਸਤਰੀਆਂ ਨੇ ਰਾਜ ਸਰਕਾਰ ਦੀਆਂ ਕਮੇਟੀਆਂ ਤੇ ਬਾਡੀਜ਼ ਤੋਂ ਅਸਤੀਫੇ ਦੇ ਕੇ ਸਿੱਖਿਆ ਦੇ ਕੀਤੇ ਜਾ ਰਹੇ ਭਗਵੇਂਕਰਨ ਦਾ ਵਿਰੋਧ ਕੀਤਾ ਹੈ | ਕਰਨਾਟਕ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਦੇ ਬਾਅਦ ਸਮਾਜ ਵਿਗਿਆਨ ਤੇ ਭਾਸ਼ਾ ਦੀਆਂ ਪਾਠ-ਪੁਸਤਕਾਂ ਦੀ ਜਾਂਚ ਕਰਨ ਲਈ 2020 ਵਿਚ ਰੋਹਿਤ ਚੱਕ੍ਰਤੀਰਥ ਦੀ ਪ੍ਰਧਾਨਗੀ ਵਿਚ ਇਕ ਸੋਧ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਹਾਲ ਹੀ ਵਿਚ ਛੇਵੀਂ ਤੋਂ ਦਸਵੀਂ ਤੱਕ ਦੀ ਸਮਾਜ ਵਿਗਿਆਨ ਅਤੇ ਪਹਿਲੀ ਤੋਂ ਦਸਵੀਂ ਤੱਕ ਦੀ ਕੰਨੜ ਭਾਸ਼ਾ ਦੀਆਂ ਪਾਠ-ਪੁਸਤਕਾਂ ਵਿਚ ਸੋਧ ਕੀਤੀ ਹੈ |

ਇਸ ਤਹਿਤ ਸ਼ਹੀਦੇ ਆਜ਼ਮ ਭਗਤ ਸਿੰਘ, ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ, ਲਿੰਗਿਆਤ ਸਮਾਜ ਸੁਧਾਰਕ ਬਸਵੰਨਾ, ਦ੍ਰਾਵਿੜ ਅੰਦੋਲਨ ਦੇ ਆਗੂ ਪੇਰੀਆਰ ਤੇ ਸੁਧਾਰਕ ਨਾਰਾਇਣ ਗੁਰੂ ਦੇ ਅਧਿਆਇ ਸਿਲੇਬਸ ਤੋਂ ਹਟਾ ਦਿੱਤੇ ਗਏ ਹਨ ਜਾਂ ਬਹੁਤ ਛੋਟੇ ਤੇ ਸੰਖੇਪ ਕਰ ਦਿੱਤੇ ਗਏ ਹਨ | ਕੰਨੜ ਕਵੀ ਕੁਵੇਂਪੂ ਨਾਲ ਸੰਬੰਧਤ ਤੱਥਾਂ ਨੂੰ ਵੀ ਤੋੜ-ਮਰੋੜ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਆਰ ਐੱਸ ਐੱਸ ਦੇ ਬਾਨੀ ਕੇਸ਼ਵ ਬਲੀਰਾਮ ਹੈਡਗੇਵਾਰ ਦੇ ਇਕ ਭਾਸ਼ਣ ਨੂੰ ਦਸਵੀਂ ਦੀ ਪੁਸਤਕ ਵਿਚ ਸ਼ਾਮਲ ਕੀਤਾ ਗਿਆ ਹੈ |

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਬਣਾਈ ਗਈ ਕੌਮੀ ਸਿੱਖਿਆ ਨੀਤੀ ਵੀ ਇਸੇ ਆਧਾਰ ‘ਤੇ ਬਣਾਈ ਗਈ ਹੈ, ਜਿਸ ਵਿਚ ਆਜ਼ਾਦੀ ਘੁਲਾਟੀਆਂ ਨੂੰ ਨਜ਼ਰਅੰਦਾਜ਼ ਕਰਕੇ ਅੰਗਰੇਜ਼ਾਂ ਦੀ ਖੁਸ਼ਾਮਦ ਕਰਨ ਵਾਲਿਆਂ ਦੀਆਂ ਕਹਾਣੀਆਂ ਪੜ੍ਹਾਉਣ ‘ਤੇ ਜ਼ੋਰ ਦਿੱਤਾ ਗਿਆ ਹੈ |

ਇਹ ਸੋਧਾਂ ਨਾਮੀ ਵਿਦਵਾਨਾਂ ਤੇ ਸਿੱਖਿਆ ਸ਼ਾਸਤਰੀਆਂ ਨੂੰ ਨਾਗਵਾਰ ਗੁਜ਼ਰੀਆਂ ਹਨ | ਰਾਸ਼ਟਰ ਕਵੀ ਡਾ. ਜੀ ਐੱਸ ਸ਼ਿਵਰੁਦਰੱਪਾ ਅਦਾਰੇ ਦੇ ਚੇਅਰਮੈਨ ਰਹੇ ਲੇਖਕ ਐੱਸ ਜੀ ਸਿੱਧਾਰਮਈਆ, ਐੱਚ ਐੱਸ ਰਾਘਵੇਂਦਰ ਰਾਓ, ਨਟਰਾਜ ਬੁਡਾਲੂ ਤੇ ਚੰਦਰਸ਼ੇਖਰ ਨਾਂਗਲੀ ਨੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਪੱਤਰ ਲਿਖ ਕੇ ਆਪਣੇ-ਆਪਣੇ ਅਹੁਦਿਆਂ ਤੋਂ ਪ੍ਰੋਟੈੱਸਟ ਵਜੋਂ ਅਸਤੀਫੇ ਦੇ ਦਿੱੱਤੇ ਹਨ | ਉਨ੍ਹਾਂ ਪੱਤਰ ਵਿਚ ਕਿਹਾ ਹੈ—ਰਾਜ ਦੇ ਸਿੱਖਿਆ, ਸੱਭਿਆਚਾਰ ਤੇ ਸਿਆਸੀ ਹਲਕਿਆਂ ਵਿਚ ਹਾਲੀਆ ਅਸੰਵਿਧਾਨਕ ਹਮਲਿਆਂ ਤੇ ਦਬਾਅ ਨੇ ਸਾਨੂੰ ਚਿੰਤਤ ਕਰ ਦਿੱਤਾ ਹੈ | ਸਰਕਾਰ ਦੀ ਚੁੱਪੀ ਤੇ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਵਿਚ ਢਿੱਲ ਵਰਤਣਾ, ਜਿਹੜੇ ਸਰੇਆਮ ਫਿਰਕੂ ਨਫਰਤ ਫੈਲਾ ਕੇ ਰਾਜ ਤੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰ ਰਹੇ ਹਨ, ਨੇ ਸਾਨੂੰ ਚਿੰਤਤ ਕਰ ਦਿੱਤਾ ਹੈ ਤੇ ਡਰਾ ਦਿੱਤਾ ਹੈ |

ਸਿੱਧਾਰਮਈਆ ਨੇ ਤਾਂ ਪ੍ਰਾਇਮਰੀ ਤੇ ਮਿਡਲ ਸਿੱਖਿਆ ਦੇ ਮੰਤਰੀ ਬੀ ਸੀ ਨਾਗੇਸ਼ ਨੂੰ ਵੀ ਪੱਤਰ ਲਿਖਿਆ ਹੈ ਅਤੇ ਆਪਣੀ ਕਵਿਤਾ ‘ਮਨਗੇਲਸਦਾ ਹੁਦੂਗੀ’ ਨੂੰ ਦਸਵੀਂ ਦੀ ਪੁਸਤਕ ਵਿਚ ਸ਼ਾਮਲ ਕਰਨ ਦੀ ਸਹਿਮਤੀ ਵਾਪਸ ਲੈ ਲਈ ਹੈ | ਉਨ੍ਹਾ ਤੋਂ ਪਹਿਲਾਂ ਦੋ ਉੱਘੇ ਲੇਖਕਾਂ ਦੇਵਨੂਰਾ ਮਹਾਦੇਵ ਤੇ ਜੀ ਰਾਮਕ੍ਰਿਸ਼ਨ ਨੇ ਵੀ ਪਾਠ-ਪੁਸਤਕਾਂ ਵਿਚ ਆਪਣੀਆਂ ਕਿ੍ਤਾਂ ਸ਼ਾਮਲ ਕਰਨ ਦੀ ਸਹਿਮਤੀ ਵਾਪਸ ਲੈ ਲਈ ਸੀ | ਹੰਪਾ ਨਾਗਾਰਜਈਆ ਨੇ ਰਾਸ਼ਟਰ ਕਵੀ ਕੁਵੈਂਪੂ ਅਦਾਰੇ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਸਰਕਾਰ ਚੱਕ੍ਰਤੀਰਥ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ, ਜਦਕਿ ਉਸ ਨੇ ਕੁਵੇਂਪੂ ਤੇ ਰਾਜ ਗੀਤ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਹੈ | ਇਸ ਦੇ ਉਲਟ ਚੱਕ੍ਰਤੀਰਥ ਨੂੰ ਅਧਿਕਾਰਕ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਜਿਸ ਨਾਲ ਲੋਕਾਂ ਵਿਚ ਗਲਤ ਸੰਦੇਸ਼ ਜਾਂਦਾ ਹੈ |

ਵਿਦਿਆਰਥੀ ਗਰੁੱਪ ਵੀ ਪਾਠ-ਪੁਸਤਕਾਂ ਦੇ ਭਗਵੇਂਕਰਨ ਦਾ ਵਿਰੋਧ ਕਰ ਰਹੇ ਹਨ ਤੇ ਅੰਦੋਲਨ ਕਰਨ ਦੀ ਸੋਚ ਰਹੇ ਹਨ

ਸਿੱਖਿਆ ਸ਼ਾਸਤਰੀ ਵੀ ਪੀ ਨਿਰੰਜਨਾਰਾਧਿਆ ਨੇ ਵੀ ਕੌਮੀ ਸਿੱਖਿਆ ਨੀਤੀ ‘ਤੇ ਆਪਣੇ ਕੰਮ ਲਈ ਰਾਜ ਸਰਕਾਰ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ | ਉਨ੍ਹਾ ਦਾ ਕਹਿਣਾ ਹੈ ਕਿ ਰਾਜ ਸਰਕਾਰ ਨੇ ਸਿੱਖਿਆ ਨੂੰ ਫਿਰਕੂ ਰੰਗ ਦੇ ਦਿੱਤਾ ਹੈ ਤੇ ਇਸ ਦਾ ਭਗਵਾਂਕਰਨ ਕਰ ਦਿੱਤਾ ਹੈ | ਇਸ ਪ੍ਰਕਿਰਿਆ ਵਿਚ ਸੰਵਿਧਾਨਕ ਕਦਰਾਂ-ਕੀਮਤਾਂ ਤੇ ਸਿੱਖਿਆ ਨੀਤੀ ਦੀ ਪਾਲਣਾ ਨਹੀਂ ਕੀਤੀ ਗਈ | ਚੂੰਕਿ ਇਸ ਕਵਾਇਦ ਤੇ ਜਿਸ ਪ੍ਰੋਗਰਾਮ ਵਿਚ ਮੈਨੂੰ ਸੱਦਿਆ ਗਿਆ ਹੈ, ਦੋਹਾਂ ਦੀ ਅਗਵਾਈ ਸਿੱਖਿਆ ਮੰਤਰੀ ਕਰਦੇ ਹਨ, ਇਸ ਲਈ ਮੈਂ ਸੰਵਿਧਾਨਕ ਕਦਰਾਂ-ਕੀਮਤਾਂ ਦੇ ਨਾਲ ਖੜ੍ਹਦਿਆਂ ਇਸ ਦਾ (ਸਨਮਾਨ ਦਾ) ਬਾਈਕਾਟ ਕਰਦਾ ਹਾਂ | ਵਿਦਿਆਰਥੀ ਗਰੁੱਪ ਵੀ ਪਾਠ-ਪੁਸਤਕਾਂ ਦੇ ਭਗਵੇਂਕਰਨ ਦਾ ਵਿਰੋਧ ਕਰ ਰਹੇ ਹਨ ਤੇ ਅੰਦੋਲਨ ਕਰਨ ਦੀ ਸੋਚ ਰਹੇ ਹਨ |

ਕਰਨਾਟਕ ਹੀ ਨਹੀਂ, ਜਿਨ੍ਹਾਂ ਵੀ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ, ਸਭ ਥਾਈ ਪਾਠ-ਪੁਸਤਕਾਂ ਨੂੰ ਆਰ ਐੱਸ ਐੱਸ ਦੀ ਸੋਚ ਮੁਤਾਬਕ ਸੋਧਿਆ ਜਾ ਰਿਹਾ ਹੈ | ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਬਣਾਈ ਗਈ ਕੌਮੀ ਸਿੱਖਿਆ ਨੀਤੀ ਵੀ ਇਸੇ ਆਧਾਰ ‘ਤੇ ਬਣਾਈ ਗਈ ਹੈ, ਜਿਸ ਵਿਚ ਆਜ਼ਾਦੀ ਘੁਲਾਟੀਆਂ ਨੂੰ ਨਜ਼ਰਅੰਦਾਜ਼ ਕਰਕੇ ਅੰਗਰੇਜ਼ਾਂ ਦੀ ਖੁਸ਼ਾਮਦ ਕਰਨ ਵਾਲਿਆਂ ਦੀਆਂ ਕਹਾਣੀਆਂ ਪੜ੍ਹਾਉਣ ‘ਤੇ ਜ਼ੋਰ ਦਿੱਤਾ ਗਿਆ ਹੈ | ਕਰਨਾਟਕ ਦੇ ਵਿਦਵਾਨਾਂ ਤੇ ਸਿੱਖਿਆ ਸ਼ਾਸਤਰੀਆਂ ਨੇ ਆਪਣਾ ਫਰਜ਼ ਪਛਾਣਦਿਆਂ ਸਹੀ ਸਟੈਂਡ ਲਿਆ ਹੈ | ਦੇਸ਼ ਦੇ ਬਾਕੀ ਵਿਦਵਾਨਾਂ ਨੂੰ ਵੀ ਇਸ ਪ੍ਰੋਟੈੱਸਟ ਵਿਚ ਖੁੱਲ੍ਹ ਕੇ ਸਾਥ ਦੇਣਾ ਚਾਹੀਦਾ ਹੈ |