• ਸਾਰੇ ਐਪਸ ਲਈ ਇੱਕ ਡਿਜੀਟਲ ਪਛਾਣ ਵਜੋਂ ਕੰਮ ਕਰਦੇ ‘ਜਨਪਰਿਚੈ’ ਦੀ ਕਾਰਜਕੁਸ਼ਲਤਾ ਤੋਂ ਜਾਣੂ ਕਰਵਾਉਣ ਲਈ ਕਰਵਾਈ ਗਈ ਵਰਕਸ਼ਾਪ
• ਸਰਕਾਰੀ ਸੇਵਾਵਾਂ ਲਈ ਰਜਿਸਟਰ ਹੋਣ ਦੇ ਚਾਹਵਾਨ ਨਾਗਰਿਕ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਵੀ ‘ਜਨਪਰਿਚੈ’ ਦੀ ਕਰ ਸਕਦੇ ਹਨ ਵਰਤੋਂ
ਚੰਡੀਗੜ੍ਹ, 30 ਮਾਰਚ:
‘ਜਨਪਰਿਚੈ’ ਦੀਆਂ ਕਾਰਜਕੁਸ਼ਲਤਾਵਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਐਨ.ਆਈ.ਸੀ. ਪੰਜਾਬ ਵੱਲੋਂ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਅਤੇ ਐਨ.ਆਈ.ਸੀ. ਦਿੱਲੀ ਜਨਪਰਿਚੈ ਟੀਮ ਦੇ ਸਹਿਯੋਗ ਨਾਲ ਇਥੇ ਮਗਸੀਪਾ ਵਿਖੇ ਇੱਕ-ਰੋਜ਼ਾ ਵਰਕਸ਼ਾਪ ਕਰਵਾਈ ਗਈ।ONE-DAY WORKSHOP ON ‘JANPARICHAY’ ORGANISED IN CHANDIGARH
ਪ੍ਰਸ਼ਾਸਨਿਕ ਸੁਧਾਰ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀ ਗਿਰੀਸ਼ ਦਿਆਲਨ, ਡਿਪਟੀ ਡਾਇਰੈਕਟਰ ਜਨਰਲ ਐਨ.ਆਈ.ਸੀ. ਪੰਜਾਬ ਸ੍ਰੀ ਵਿਵੇਕ ਵਰਮਾ, ਐਸ.ਆਈ.ਓ. ਐਨਆਈਸੀ ਹਰਿਆਣਾ ਸ੍ਰੀ ਦੀਪਕ ਬਾਂਸਲ ਅਤੇ ਐਸ.ਆਈ.ਓ. ਐਨਆਈਸੀ ਚੰਡੀਗੜ੍ਹ ਯੂਟੀ ਸ੍ਰੀ ਰਮੇਸ਼ ਗੁਪਤਾ ਨੇ ਆਪਣੇ ਟੀਮ ਮੈਂਬਰਾਂ ਸਮੇਤ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।
‘ਜਨਪਰਿਚੈ’ ਇੱਕ ਸਿੰਗਲ ਸਾਈਨ ਆਨ ਪਲੇਟਫਾਰਮ ਹੈ, ਜੋ ਸਾਰੀਆਂ ਐਪਲੀਕੇਸ਼ਨਾਂ (ਐਪਸ) ਲਈ ਇੱਕ ਡਿਜੀਟਲ ਪਛਾਣ ਵਜੋਂ ਕੰਮ ਕਰਦਾ ਹੈ। ਇਹ ਵਰਕਸ਼ਾਪ ਕਰਵਾਉਣ ਦਾ ਮਕਸਦ ਹਰ ਕਿਸੇ ਨੂੰ ‘ਜਨਪਰਿਚੈ’ ਦੀਆਂ ਕਾਰਜਕੁਸ਼ਲਤਾਵਾਂ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਵਿੱਚ ਇਸ ਦੀ ਭੂਮਿਕਾ ਤੋਂ ਜਾਣੂ ਕਰਵਾਉਣਾ ਸੀ।
ਪ੍ਰਮਾਣਿਕਤਾ ਅਤੇ ਪਛਾਣ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਇਹ ਪ੍ਰਣਾਲੀ ਸਰਕਾਰ ਦੁਆਰਾ ਨਾਗਰਿਕਾਂ (ਜੀ2ਸੀ) ਨੂੰ ਨਿਰਵਿਘਨ ਸੇਵਾਵਾਂ ਦੇਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦਾ ਪ੍ਰਸਤਾਵ ਮੀਆਈਟੀ ਦੁਆਰਾ ਦਿੱਤਾ ਗਿਆ ਸੀ ਅਤੇ ਐਨ.ਆਈ.ਸੀ., ਸੀ-ਡੈਕ ਅਤੇ ਐਨਈਜੀਡੀ ਨੂੰ “ਮੇਰੀ ਪਹਿਚਾਨ” ਤਹਿਤ ਨੈਸ਼ਨਲ ਸਿੰਗਲ ਸਾਈਨ ਆਨ (ਐਨ.ਐਸ.ਐਸ.ਓ.) ਪਲੇਟਫਾਰਮ ਬਣਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ।
‘ਜਨਪਰਿਚੈ’ ਦਾ ਮੁੱਖ ਉਦੇਸ਼ ਵੱਖ-ਵੱਖ ਨਾਗਰਿਕ ਕੇਂਦਰਿਤ ਸੇਵਾਵਾਂ ਤੱਕ ਪਹੁੰਚ ਲਈ ਵਾਰ-ਵਾਰ ਆਪਣੀ ਪਛਾਣ ਸਾਬਤ ਕਰਨ ਦੇ ਝੰਜਟ ਨੂੰ ਖ਼ਤਮ ਕਰਕੇ ਨਾਗਰਿਕਾਂ ਨੂੰ ਨਿਰਵਿਘਨ ਸਹੂਲਤ ਪ੍ਰਦਾਨ ਕਰਨਾ ਹੈ।
ਕੋਈ ਵੀ ਨਾਗਰਿਕ, ਜੋ ਸਰਕਾਰੀ ਸੇਵਾਵਾਂ ਲਈ ਰਜਿਸਟਰ ਹੋਣਾ ਚਾਹੁੰਦਾ ਹੈ, ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਵੀ ‘ਜਨਪਰਿਚੈ’ ਦੀ ਵਰਤੋਂ ਕਰ ਸਕਦਾ ਹੈ। ਇਸ ਵਾਸਤੇ ਉਪਭੋਗਤਾ ਨੂੰ ਆਧਾਰ/ਪੈਨ/ਡਰਾਈਵਿੰਗ ਲਾਇਸੈਂਸ ਨਾਲ ਈ-ਕੇਵਾਈਸੀ ਦੀ ਪ੍ਰਕਿਰਿਆ ਕਰਨੀ ਪੈਂਦੀ ਹੈ। ਇਸ ਤਰ੍ਹਾਂ ‘ਜਨਪਰਿਚੈ’ ਦੇ ਨਾਲ ਇੱਕ ਨਾਗਰਿਕ ਲੌਗਇਨ ਕਰ ਸਕਦਾ ਹੈ ਅਤੇ ਕਈ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ। ਇਹ ਛੇ ਵੱਖ-ਵੱਖ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ ਅਤੇ ਜੀਓ-ਫੈਂਸਿੰਗ ਨੂੰ ਜੋੜਨ ਦੀ ਪ੍ਰਕਿਰਿਆ ਵੀ ਪ੍ਰਗਤੀ ਅਧੀਨ ਹੈ।
ਪੰਜਾਬ ਵਿੱਚ ਨਾਗਰਿਕਾਂ ਦੀ ਸਹੂਲਤ ਲਈ ਸਾਰੀਆਂ ਨਾਗਰਿਕ ਕੇਂਦਰਿਤ ਸੇਵਾਵਾਂ ‘ਜਨਪਰਿਚੈ’ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਵਰਕਸ਼ਾਪ ਦੌਰਾਨ ‘ਜਨਪਰਿਚੈ’ ਦਿੱਲੀ ਟੀਮ ਦੇ ਅਧਿਕਾਰੀਆਂ ਨੇ ਇਸ ਪਲੇਟਫਾਰਮ ਦੀਆਂ ਵਿਸ਼ੇਸ਼ਤਾਵਾਂ, ਕਾਰਜਕੁਸ਼ਲਤਾਵਾਂ, ਮਾਈਗ੍ਰੇਸ਼ਨ ਰਣਨੀਤੀ ਅਤੇ ਇਸਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੁਝ ਕੇਸ ਸਟੱਡੀਜ਼ ਵੀ ਪੇਸ਼ ਕੀਤੀਆਂ। ਟੀਮ ਨੇ ਮੌਜੂਦਾ ਸਮੇਂ ਸੇਵਾਵਾਂ ਪ੍ਰਦਾਨ ਵਿੱਚ ਚੁਣੌਤੀਆਂ ਅਤੇ ‘ਜਨਪਰਿਚੈ’ ਦੀ ਲੋੜ ਬਾਰੇ ਵੀ ਗੱਲ ਕੀਤੀ। ਐਸ.ਆਈ.ਓ. ਹਰਿਆਣਾ ਅਤੇ ਐਸ.ਆਈ.ਓ. ਚੰਡੀਗੜ੍ਹ ਨੇ ਇਸ ਪਹਿਲਕਦਮੀ ਲਈ ਐਨ.ਆਈ.ਸੀ. ਪੰਜਾਬ, ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਐਨ.ਆਈ.ਸੀ. ਦਿੱਲੀ ਟੀਮ ਦੀ ਸ਼ਲਾਘਾ ਕੀਤੀ।