ਲੁਧਿਆਣਾ, 29 ਨਵੰਬਰ

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਤੇ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਿਜ ਦਾਖਾ ਦੇ ਸਾਬਕਾ ਪ੍ਰਿੰਸੀਪਲ ਡਾ. ਗੁਰਇਕਬਾਲ ਸਿੰਘ ਦੀ ਲਿਖੀ ਪਲੇਠੀ ਕਾਵਿ ਪੁਸਤਕ ਜੋਗੀ ਅਰਜ਼ ਕਰੇ ਨੂੰ ਲੋਕ ਅਰਪਿਤ ਕਰਦਿਆਂ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਸਾਬਕਾ ਚਾਂਸਲਰ ਡਾਃ ਸ ਸ ਜੌਹਲ ਨੇ ਕਿਹਾ ਹੈ ਕਿ ਚੰਗੇ ਆਸੋਚਕ ਤੇ ਕੁਸ਼ਲ ਪ੍ਰਬੰਧਕ ਤੋਂ ਬਾਦ ਗੁਰਇਕਬਾਲ ਹੁਣ ਨਵੀਂ ਪਛਾਣ ਤੇ ਨਵੇਂ ਨਾਮ ਗੁਰਇਕਬਾਲ ਤੂਰ ਦੇ ਰੂਪ ਵਿੱਚ ਕਵਿਤਾ ਦੇ ਖੇਤਰ ਵਿੱਚ ਪਹਿਲਾ ਪਰਾਗਾ ਲੈ ਕੇ ਆਇਆ ਹੈ ਜੋ ਕਿ ਸ਼ੁਭ ਸ਼ਗਨ ਹੈ। Jogi should apply,

ਡਾ. ਜੌਹਲ ਨੇ ਕਿਹਾ ਕਿ ਸਾਹਿੱਤ ਦੇ ਵੱਖ ਵੱਖ ਰੂਪਾਂ ਵਿੱਚੋਂ ਕਵਿਤਾ ਸਾਡੇ ਮਨਾਂ ਨੂੰ ਤਰੰਗਿਤ ਕਰਦੀ ਹੈ ਤੇ ਸੰਵੇਦਨਸ਼ੀਲ ਬਣਾਉਂਦੀ ਹੈ। ਇਸ ਪੁਸਤਕ ਦੇ ਛਪਣ ਨਾਲ ਗੁਰਇਕਬਾਲ ਨਵੀਂ ਪਛਾਣ ਨਾਲ ਜਾਣਿਆ ਜਾਵੇਗਾ।

ਪੰਜਾਬੀ ਸਾਹਿੱਤ ਅਕਾਡਮੀ ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾਃ ਸ਼ਿਆਮ ਸੁੰਦਰ ਦੀਪਤੀ, ਡਾ. ਭਗਵੰਤ ਸਿੰਘ ਮੀਤ ਪ੍ਰਧਾਨ, ਗੁਰਚਰਨ ਕੌਰ ਕੋਚਰ ਸਕੱਤਰ, ਕਾਰਜਕਾਰਨੀ ਮੈਂਬਰ ਹਰਦੀਪ ਢਿੱਲੋਂ ਅਬੋਹਰ, ਜਸਬੀਰ ਝੱਜ, ਰੋਜ਼ੀ ਸਿੰਘ , ਆਪਣੀ ਆਵਾਜ਼ ਸਾਹਿੱਤਕ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ, ਸਤੀਸ਼ ਗੁਲਾਟੀ, ਡਾ. ਊਸ਼ਾ ਦੀਪਤੀ ਤੇ ਕਹਾਣੀਕਾਰ ਸੁਰਿੰਦਰ ਦੀਪ ਕੌਰ ਵੀ ਹਾਜ਼ਰ ਸਨ। 184 ਪੰਨਿਆਂ ਦੀ ਇਸ ਕਾਵਿ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡਾਃ ਗੁਰਇਕਬਾਲ ਦੀ ਸਿਰਜਣਾ ਯਾਤਰਾ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਅੱਗੜ ਪਿੱਛੜ ਜੀ ਜੀ ਐੱਨ ਖਾਲਸਾ ਕਾਲਿਜ ਦੇ ਵਿਦਿਆਰਥੀ ਰਹੇ ਹਾਂ ਅਤੇ ਉਥੋਂ ਦੀ ਸਾਹਿੱਤਕ ਫ਼ਿਜ਼ਾ ਵਿੱਚੋਂ ਸਿਰਜਣਾ ਦੇ ਕਣ ਹਾਸਲ ਕੀਤੇ। ਡਾਃ ਅਤਰ ਸਿੰਘ ਜੀ ਕੋਲ ਪੀ ਐੱਚ ਡੀ ਕਰਨ ਕਰਕੇ ਉਸ ਵਿੱਚ ਆਲੋਚਨਾ ਵਧੇਰੇ ਸਰਗਰਮ ਹੋ ਗਈ ਤੇ ਕਵਿਤਾ ਪਿੱਛੇ ਰਹਿ ਗਈ। ਇਸ ਪਲੇਠੇ ਕਾਵਿ ਸੰਗ੍ਰਹਿ ਰਾਹੀਂ ਪਿੱਛੋਂ ਭੱਜ ਕੇ ਆਪਣਾ ਕਾਵਿ ਹਾਣੀਆਂ ਨਾਲ ਆ ਰਲਿਆ ਹੈ ਜੋ ਕਿ ਮੁਬਾਰਕਯੋਗ ਹੈ।

ਪੁਸਤਕ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਨੇ ਕਿਹਾ ਕਿ ਗਹਿਰ ਗੰਭੀਰ ਚਿੰਤਨੀ ਬਿਰਤੀ ਵਾਲੇ ਬੰਦੇ ਅੰਦਰ ਮਾਨਵੀ ਸੰਵੇਦਨਾ ਨੱਕੋ ਨੱਕ ਭਰੀ ਹੋਈ ਸੀ ਜੋ ਚਸ਼ਮਾ ਬਣ ਕੇ ਫੁੱਟੀ ਹੈ। ਉਸ ਦੀ ਸ਼ਾਇਰੀ ਨਾਲ ਤੁਰੋ ਤਾਂ ਕਿਤੇ ਉਹ ਰਮਤਾ ਜੋਗੀ ਬਣ ਜੱਗ ਜਹਾਨ ਦੀਆਂ ਬਾਤਾਂ ਪਾਉਂਦਾ ਹੈ ਕਦੇ ਮੁਹੱਬਤੀ ਇਨਸਾਨ ਬਣ ਦਿਲ ਦੀਆਂ ਰਮਜ਼ਾਂ ਗੁਣਗੁਣਾਉਂਦਾ ਹੈ। ਉਸ ਦੀ ਕਵਿਤਾ ਸੰਕੇਤਕ ਰੂਪ ਵਿੱਚ ਬੰਦੇ ਨੂੰ ਤਣਾਉ ਮੁਕਤ ਕਰਦੀ ਹੈ।

ਡਾ. ਸ ਸ ਜੌਹਲ ਦੀ ਮੰਗ ਤੇ ਡਾਃ ਗੁਰਇਕਬਾਲ ਸਿੰਘ ਤੂਰ ਨੇ ਆਪਣੀਆਂ ਦੋ ਪ੍ਰਤੀਨਿਧ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।