ਕਿਸਾਨ-ਏ-ਬਾਗਬਾਨੀ ਐਪ ਲਾਂਚ: ਕਿਸਾਨ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੀ ਅਰਜ਼ੀ ਨੂੰ ਵੀ ਟਰੈਕ ਕਰ ਸਕਣਗੇ: ਬਾਗਬਾਨੀ ਮੰਤਰੀ

ਚੰਡੀਗੜ੍ਹ, 28 ਮਾਰਚ:

ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਬਾਗਬਾਨੀ ਵਿਭਾਗ ਫਸਲੀ ਵਿਭਿੰਨਤਾ ‘ਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਹ ਪ੍ਰਗਟਾਵਾ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ‘ਕਿਸਾਨ-ਏ-ਬਾਗਬਾਨੀ’ ਐਪ ਲਾਂਚ ਕਰਦਿਆਂ ਕੀਤਾ।HORTICULTURE DEPARTMENT’S CROP DIVERSIFICATION SCHEMES WILL ENABLE FARMERS TO COMPETE IN INTERNATIONAL MARKETS: CHETAN SINGH JOURAMAJRA
ਵਿਭਾਗ ਦੇ ਉਦੇਸ਼ ‘ਤੇ ਜ਼ੋਰ ਦਿੰਦਿਆਂ ਜੌੜਾਮਾਜਰਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਖੇਤਾਂ ‘ਚ ਬਾਗਬਾਨੀ ਦੀਆਂ ਨਵੀਆਂ ਤਕਨੀਕਾਂ ਲਿਆ ਕੇ ਬਾਗਬਾਨੀ ਦੀਆਂ ਫਸਲਾਂ ਨੂੰ ਕੌਮਾਂਤਰੀ ਪੱਧਰ ‘ਤੇ ਮੁਕਾਬਲੇ ਦੇ ਯੋਗ ਬਣਾਉਣ ਲਈ ਯਤਨਸ਼ੀਲ ਰਹਿਣਗੇ, ਜਿਸ ਨਾਲ ਕਿਸਾਨ ਨਾ ਸਿਰਫ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ, ਸਗੋਂ ਆਪਣੀ ਅਰਜ਼ੀ ਨੂੰ ਆਨਲਾਈਨ ਅਪਲਾਈ ਅਤੇ ਟਰੈਕ ਵੀ ਕਰ ਸਕਣਗੇ।
ਨਵੀਂ ਲਾਂਚ ਕੀਤੀ ਐਪ ਬਾਰੇ ਜਾਣਕਾਰੀ ਦਿੰਦਿਆਂ ਜੌੜਾਮਾਜਰਾ ਨੇ ਦੱਸਿਆ ਕਿ ਇਸ ਐਪ ਦਾ ਮੁੱਖ ਮਕਸਦ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਕਿਸਾਨਾਂ ਤੱਕ ਜਲਦੀ ਪਹੁੰਚਾਉਣਾ, ਸਕੀਮਾਂ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਕੇ ਵਿਭਾਗ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਐਪਲੀਕੇਸ਼ਨਾਂ ਦੀ ਟਰੈਕਿੰਗ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਐਪ ਰਾਹੀਂ ਕਿਸਾਨਾਂ ਨੂੰ ਵੱਖ-ਵੱਖ ਮੰਡੀਆਂ ਵਿੱਚ ਫਲਾਂ, ਸਬਜ਼ੀਆਂ ਦੇ ਰੋਜ਼ਾਨਾ ਰੇਟ ਅਤੇ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਜੌੜਾਮਾਜਰਾ ਨੇ ਵੱਖ-ਵੱਖ ਜ਼ਿਲ੍ਹਿਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਅਤੇ ਕੈਂਪਾਂ ਆਦਿ ਰਾਹੀਂ ਬਾਗਬਾਨੀ ਸਕੀਮਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਤਾਂ ਜੋ ਉਹ ਰਵਾਇਤੀ ਫ਼ਸਲਾਂ ਨਾਲੋਂ ਵੱਧ ਆਮਦਨ ਕਮਾ ਸਕਣ।
ਪ੍ਰਮੁੱਖ ਸਕੱਤਰ ਬਾਗਬਾਨੀ ਸ੍ਰੀ ਸੁਮੇਰ ਸਿੰਘ ਗੁਰਜਰ, ਆਈ.ਏ.ਐਸ. ਨੇ ਕਿਹਾ ਕਿ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਰਪੇਸ਼ ਨਾ ਆਵੇ। ਇਸ ਐਪ ਬਤੌਰ ਸਟਾਰਟਅੱਪ, ਪੰਜਾਬ ਅਗਨੈਸਟ ਤਕਨਾਲੋਜੀਜ਼ ਪ੍ਰਾਈਵੇਟ ਲਿਮ., ਮੋਹਾਲੀ ਦੁਆਰਾ ਤਿਆਰ ਕੀਤੀ ਗਈ ਹੈ।
ਇਸ ਐਪ ਦੇ ਲਾਂਚ ਮੌਕੇ ਸ਼ੈਲੇਂਦਰ ਕੌਰ, ਆਈ.ਐਫ.ਐਸ. ਡਾਇਰੈਕਟਰ ਬਾਗਬਾਨੀ, ਤਰਨਜੀਤ ਸਿੰਘ ਭਮਰਾ, ਸੀ.ਈ.ਓ., ਅਗਨੈਸਟ ਤਕਨਾਲੋਜੀਜ਼ ਪ੍ਰਾਈਵੇਟ ਲਿਮ. ਮੋਹਾਲੀ ਅਤੇ ਉਨ੍ਹਾਂ ਦੀ ਤਕਨੀਕੀ ਟੀਮ ਦੇ ਮੈਂਬਰ ਡਾ. ਸੁਬਰਤ ਕੁਮਾਰ, ਸੋਨਾਲੀ ਭੀਕਾ, ਰਣਜੀਤ ਸਿੰਘ, ਰਾਜ ਬੈਰੀਨੋ ਅਤੇ ਸਾਹਿਲ ਫਤਿਹ ਸਿੰਘ ਸੰਧੂ ਵੀ ਮੌਜੂਦ ਸਨ।