ਅਲਵਿਦਾ ਚੇਅਰਮੈਨ ਸਰ! ਸ਼੍ਰੀ ਰਾਮੋਜੀ ਰਾਓ ਗਾਰੂ
ਜ਼ਿੰਦਗੀ ਦੇ ਵੱਡੇ ਵੱਡੇ ਤੁਫ਼ਾਨਾਂ ਦੀ ਪਰਵਾਹ ਨਾ ਕਰਨ ਵਾਲੇ ਮੇਰੇ ਵਰਗੇ ਲੋਕ, ਕਈ ਵਾਰ ਇਕ ਫੁੱਲ ਦੇ ਟਾਹਣੀ ਨਾਲੋਂ ਟੁੱਟਣ ‘ਤੇ ਰੋ ਪੈਂਦੇ ਹਨ। ਮਾਂ ਬਾਪ ਤੋਂ ਹਰ ਬੱਚੇ ਨੂੰ ਲਾਡ ਪਿਆਰ ਮਿਲ ਜਾਂਦਾ, ਪਰ ਹਰ ਬੱਚੇ ਨੂੰ ਆਪਣਾ ਲਾਡ ਪਿਆਰ ਦੇ ਨਾਲ ਨਾਲ ਜ਼ਿੰਦਗੀ ਨੂੰ ਜਿਊਣ ਦਾ ਹੁਨਰ ਦੇਣਾ, ਹੌਸਲਾ ਦੇਣਾ ਅਤੇ ਕਦੇ ਨਾ ਹਰ ਮੰਨਣ ਦੀ ਤਾਕੀਦ ਕਰਨ ਦੀ ਗੱਲ ਕਹਿਣ ਵਾਲੇ ਕਿੰਨੇ ਕ ਲੋਕ ਦੁਨੀਆ ਤੇ ਆਏ ਹੋਣੇ ਨੇ? ਵੱਡਾ ਸਵਾਲ ਹੈ। ਕਿਉਂਕਿ ਅੱਜ ਦੁਨੀਆ ਤੋਂ ਉਹ ਵੱਡਾ ਸਵਾਲ ਚਲਿਆ ਗਿਆ ਹੈ। ਭਾਰਤ ਦੀ ਅਖ਼ਬਾਰੀ ਪੱਤਰਕਾਰੀ, ਟੈਲੀਵਿਜ਼ਨ ਪੱਤਰਕਾਰੀ, ਭਾਰਤੀ ਫ਼ਿਲਮਾਂ ਵਿੱਚ ਵੱਡੀ ਪੇਸ਼ੇਵਾਰ ਗੁਣਵੱਤਾ ਲਿਆ ਕੇ ਦੇਣ ਵਾਲਾ ਇਨਸਾਨ ਚੱਲਿਆ ਗਿਆ ਹੈ।
ਉਸ ਬਾਰੇ ਕਿਤਾਬਾਂ ਲਿਖ ਲਓ, ਬਹੁਤ ਥੋੜ੍ਹੀਆਂ ਪੈਣਗੀਆਂ, ਸਾਰੀ ਉਮਰ ਬੋਲੀ ਜਾਓ, ਘੱਟ ਰਹਿ ਜਾਵੇਗਾ। ਇਸ ਮਿੱਟੀ ਵਿੱਚੋਂ ਇਕ ਆਮ ਕਿਸਾਨ ਦੇ ਘਰ ਪੈਦਾ ਹੋਇਆ ਇਨਸਾਨ, ਦੁਨੀਆ ਦੇ ਹਰ ਸਵਾਲ ਦਾ ਜਵਾਬ ਬਣ ਕੇ ਚਲਿਆ ਗਿਆ। ਸੁਨਾਮੀ ਆਈ ਜਾਂ ਕੋਰੋਨਾ ਆਇਆ ਉਸ ਨੇ ਆਪਣੇ ਮੁਲਾਜ਼ਮਾਂ ਤੋਂ ਇਲਾਵਾ ਸੈਂਕੜੇ ਪਿੰਡਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ, ਇਕੱਲਾ ਨਾ ਛੱਡਿਆ, ਇਨਸਾਨੀਅਤ ਨੂੰ ਟੁੱਟਣ ਨਾ ਦਿੱਤਾ। ਰਾਮੋਜੀ ਰਾਓ (ਚੈਰੀਕੁਰੀ ਰਾਮੋਜੀ ਰਾਓ) ਦੇ ਕੰਮ ਉਨ੍ਹਾਂ ਨੂੰ ਜ਼ਿੰਦਗੀ ਦੇ ਕੈਨਵਸ ਤੋਂ ਵੱਡਾ ਬਣਾਉਂਦੇ ਹਨ। ਉਨ੍ਹਾਂ ਦੇ ਕੰਮ ਕਿਸੇ ਦੀ ਸਲਾਹ ਨਾਲ ਨਹੀਂ ਹੋਏ, ਇਹ ਸਭ ਉਨ੍ਹਾਂ ਦੀ ਦੂਰ-ਦਰਸ਼ਤਾ ਦਾ ਨਤੀਜਾ ਹੈ।
16 ਨਵੰਬਰ 1936 ਵਿੱਚ ਜਨਮੇ ਰਾਮੋ ਜੀ ਰਾਓ ਅੱਜ ਦੁਨੀਆ ਦੇ ਸਭ ਤੋਂ ਵੱਡੇ ਫ਼ਿਲਮ ਸਟੂਡੀਓ ਰਾਮੋਜੀ ਫ਼ਿਲਮ ਸਟੂਡੀਓ, ਡੌਲਫ਼ਿਨ ਹੋਟਲ ਚੇਨ, ਈਟੀਵੀ ਨੈੱਟਵਰਕ ਦੇ ਦਰਜਨ ਤੋਂ ਵੱਧ ਚੈਨਲ, ਈਨਾਡੂ ਅਖ਼ਬਾਰ, ਫਾਰਮਰ ਰਸਾਲਾ, ਈਟੀਵੀ ਭਾਰਤ ਡਿਜੀਟਲ ਮੰਚ, ਊਸ਼ਾ ਕਿਰਨ ਮੂਵੀਜ਼, ਪ੍ਰਿਆ ਮਸਾਲੇ ਦੇ ਨਾਲ ਨਾਲ ਮਾਰਗ ਦਰਸ਼ੀ ਚਿੱਟ ਫ਼ੰਡ ਕੰਪਨੀਆਂ ਨੂੰ ਜਨਮ ਦਿੱਤਾ ਅਤੇ ਕਾਮਯਾਬੀ ਨਾਲ ਚਲਾਇਆ। ਜਿਸ ਕਰਕੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਨ ਵਰਗੇ ਮਾਣਮੱਤੇ ਸਨਮਾਨ ਨਾਲ ਨਿਵਾਜਿਆ ਹੈ।
ਜ਼ਿੰਦਗੀ ਬਾਰੇ ਰਾਮੋਜੀ ਸਾਹਿਬ ਦੀ ਸੋਚ
ਰਾਮੋਜੀ ਰਾਓ ਸਾਹਿਬ ਨੇ ਜ਼ਿੰਦਗੀ ਵਿੱਚ ਆਪਣੀ ਮਿਹਨਤ, ਲਗਨ, ਸਮਝਦਾਰੀ ਅਤੇ ਇਮਾਨਦਾਰੀ ਨਾਲ ਜੋ ਵੀ ਕੀਤਾ, ਉਸ ਦਾ ਹਾਸਲ ਇਹੋ ਬਣਦਾ ਹੈ ਕਿ ਉਹ ਜ਼ਿੰਦਗੀ ਬਾਰੇ ਕੀ ਸੋਚਦੇ ਸਨ? ਕਿਸੇ ਦੀ ਜ਼ਿੰਦਗੀ ਹੋਵੇ, ਅਤੇ ਕੋਈ ਕੰਮ ਹੋਵੇ, ਜੇਕਰ ਉਸ ਵਿੱਚ ਕੋਈ ਹੁਣ ਨਹੀਂ ਹੋਵੇਗਾ, ਤਾਂ ਉਹ ਕਿਸੇ ਦੇ ਕੀ, ਆਪਣੇ ਕੰਮ ਆਉਣ ਜੋਗੀ ਵੀ ਨਹੀਂ ਰਹਿੰਦੀ, ਜਿਸ ਕਰਕੇ, ਉਹ ਆਪਣੀ ਕੰਪਨੀ ਵਿੱਚ ਬਹੁਤ ਹੀ ਵਧੀਆ ਤਨਖ਼ਾਹ ਤੇ ਨਵੇਂ ਬੱਚਿਆਂ ਨੂੰ ਭਰਤੀ ਕਰਦੇ, ਉਨ੍ਹਾਂ ਨੂੰ ਸਿਖਾਉਂਦੇ, ਅਤੇ ਜ਼ਿੰਦਗੀ ਵਿੱਚ ਵੱਡਾ ਕਰਨ ਲਈ ਪ੍ਰੇਰਿਤ ਕਰਦੇ ਸਨ। ਉਹ ਹਰ ਛੋਟੇ ਕੰਮ ਨੂੰ ਵੀ ਬਹੁਤ ਇਮਾਨਦਾਰੀ ਨਾਲ, ਮਿਹਨਤ ਨਾਲ ਅਤੇ ਖ਼ੁਸ਼ੀ ਨਾਲ ਕਰਨ ਦੀ ਪ੍ਰੇਰਨਾ ਦਿੰਦੇ ਸਨ। ਤਾਮਿਲ ਵਿੱਚ ਇਨਾਡੂ ਤੋਂ ਭਾਵ ਮੇਰਾ ਦੇਸ, ਤੇ ਉਨ੍ਹਾਂ ਅਨੁਸਾਰ, ਜੇਕਰ ਤੁਸੀਂ ਆਪਣੀ ਮਿੱਟੀ ਲਈ ਕੁਝ ਨਾ ਕਰ ਸਕੇ, ਦੀਨ ਦੁਨੀਆ ਦੇ ਸੇਵਾ ਨ ਕਰ ਸਕੇ, ਕਿਸੇ ਦੇ ਕੰਮ ਨਾ ਆ ਸਕੇ, ਤਾਂ ਇਸ ਧਰਤੀ ਤੇ ਤੁਹਾਡੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੈ। ਰਾਮੋਜੀ ਰਾਓ ਸਹੀ ਮਾਅਨਿਆਂ ਵਿੱਚ ਜ਼ਿੰਦਗੀ ਨੂੰ ਇਕ ਮਾਅਨਾ ਦੇ ਕੇ ਗਏ ਹਨ। ਉਹ ਸਾਰੇ ਧਰਮਾਂ ਦੇ ਜਾਣਕਾਰ ਸਨ, ਉਨ੍ਹਾਂ ਦੀ ਲਾਇਬਰੇਰੀ ਵਿੱਚ ਦੁਨੀਆ ਭਰ ਦੀਆਂ ਬਹੁਤ ਹੀ ਉਮਦਾ ਬੇਸ਼ੁਮਾਰ ਕਿਤਾਬਾਂ ਹਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਚਾਰ ਜਿਲਦਾਂ ਵਾਲੇ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਤੀਆਂ ਸਮੇਤ ਪੰਜਾਬੀ ਸਾਹਿਤ ਦੀਆਂ ਸੈਂਕੜੇ ਕਿਤਾਬਾਂ ਵੀ ਉਨ੍ਹਾਂ ਖ਼ਾਸ ਤੌਰ ‘ਤੇ ਸ਼ਾਮਲ ਕੀਤੀਆਂ ਸਨ। ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਤੋਂ ਉਹ ਬਹੁਤ ਪ੍ਰਭਾਵਿਤ ਸਨ, “ਏਕੁ ਪਿਤਾ ਏਕਸ ਕੇ ਹਮ ਬਾਰਿਕ”
। ਪੰਜਾਬ ਦਾ ਨਾਮ ਸੁਣਕੇ ਉਨ੍ਹਾਂ ਨੂੰ ਇਕ ਨਸ਼ਾ ਜਿਹਾ ਚੜ੍ਹ ਜਾਂਦਾ ਸੀ। ਸਿੱਖੀ ਅਤੇ ਸਿੱਖਾਂ ਦੇ ਕਿਰਦਾਰ ਤੋਂ ਉਹ ਬਹੁਤ ਪ੍ਰਭਾਵਿਤ ਸਨ। ਜਦੋਂ ਈਟੀਵੀ ਭਾਰਤ ਦਾ ਪੰਜਾਬ ਦਾ ਚੈਨਲ ਸ਼ੁਰੂ ਹੋਣਾ ਸੀ, ਤਾਂ ਬਹੁਤਿਆਂ ਦੀ ਸਲਾਹ ਸੀ ਕਿ ਪੰਜਾਬ ਨੂੰ ਹਿੰਦੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ, ਪਰ ਇਸ ਇਨਸਾਨ ਨੇ ਕਿਸੇ ਦੀ ਨਹੀਂ ਸੁਣੀ, ਉਹ ਕਹਿੰਦੇ ਪੰਜਾਬ ਦਾ ਚੈਨਲ ਪੰਜਾਬੀ ਵਿੱਚ ਹੀ ਸ਼ੁਰੂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਸਾਲਾਨਾ ਉਤਸਵ ਨੂੰ ਰਾਮੋਜੀ ਨੇ ਬਹੁਤ ਹੀ ਨਿਵੇਕਲੇ ਅੰਦਾਜ਼ ਵਿੱਚ ਮਨਾਇਆ, ਉਨ੍ਹਾਂ ਪੰਜਾਬ ਤੋਂ ਬਾਹਰ ਗੁਰੂ ਨਾਨਕ ਸਾਹਿਬ ਨਾਲ ਜੁੜੇ ਸਥਾਨਾਂ ਉਪਰ ਛੋਟੀਆਂ ਛੋਟੀਆਂ ਡਾਕੂਮੈਂਟਰੀ ਫ਼ਿਲਮਾਂ ਤਿਆਰ ਕਰਕੇ ਪ੍ਰਕਾਸ਼ਿਤ ਕੀਤੀਆਂ ਸਨ।
ਰਾਮੋਜੀ ਸਾਹਿਬ ਦੀ ਸਭ ਤੋਂ ਵੱਡੀ ਤਾਕਤ
ਰਾਮੋ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਬਣਾਇਆ, ਬਹੁਤ ਕੁਝ ਗਵਾਇਆ ਵੀ, ਪਰ ਉਨ੍ਹਾਂ ਦੇ ਲਾਡਲੇ ਛੋਟੇ ਬੇਟੇ ਸੁਮਨ ਦੀ 2012 ਵਿੱਚ ਕੈਂਸਰ ਨਾਲ ਹੋਈ ਮੌਤ ਨੇ ਉਨ੍ਹਾਂ ਨੂੰ ਬਹੁਤ ਡੂੰਘਾਈ ਤੱਕ ਤੋੜ ਕੇ ਰੱਖ ਦਿੱਤਾ ਸੀ। ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦਾ ਕੋਈ ਵੀ ਕਾਰੋਬਾਰ ਡਗਮਗਾਇਆ ਨਹੀਂ ਸੀ। ਉਸ ਦਾ ਕਾਰਨ ਸੀ, ਉਨ੍ਹਾਂ ਦੀ ਤਾਕਤ, ਉਨ੍ਹਾਂ ਦੀ ਤਾਕਤ ਸੀ, ਹਰ ਕੰਮ ਨੂੰ ਕਰਨ ਲਈ ਵਰਤੀ ਜਾਣ ਵਾਲੀ ਇਮਾਨਦਾਰੀ ਅਤੇ ਦੂਰਦਰਸ਼ਤਾ। ਜਿਸ ਦੇ ਚਲਦਿਆਂ, ਉਨ੍ਹਾਂ ਦੇ ਦੁਸ਼ਮਣ ਆਪਣੀਆਂ ਚਾਲਾਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕੇ। ਰਾਜਾਮੌਲੀ, ਰਜਨੀਕਾਂਤ ਵਰਗੀਆਂ ਵੱਡੀਆਂ ਸਖਸ਼ੀਅਤਾਂ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਇਸ ਕਰਕੇ ਨਹੀਂ ਸਮਝਦੀਆਂ ਕਿ ਰਾਮੋਜੀ ਨੇ ਇਹਨਾਂ ਵਰਗੇ ਕਿੰਨੇ ਹੀ ਬੰਦੇ ਸਟਾਰ ਬਣਾ ਦਿੱਤੇ, ਸਗੋਂ ਉਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਬੰਦੇ ਨੂੰ ਉਸ ਦੀ ਜ਼ਿੰਦਗੀ ਅਤੇ ਕੰਮ ਪ੍ਰਤੀ ਇਮਾਨਦਾਰੀ ਰੱਖਣ ਦੀ ਪ੍ਰਭਾਵਸ਼ਾਲੀ ਸਬਕ ਦਿੱਤਾ ਸੀ।ਚੰਦਰ ਬਾਬੂ ਨਾਇਡੂ, ਰਾਮੋਜੀ ਦੇ ਬਚਪਨ ਦੇ ਦੋਸਤ ਹਨ, ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਉਨ੍ਹਾਂ ਦੇ ਪਰਿਵਾਰ ਦਾ ਅੰਗ ਹਨ, ਪਰ ਜ਼ਿੰਦਗੀ ਵਿੱਚ ਇਮਾਨਦਾਰੀ ਦਾ ਰਸ ਉਨ੍ਹਾਂ ਦੇ ਕੱਦ ਨੂੰ ਬਾਕੀਆਂ ਨਾਲੋਂ ਉੱਚਾ ਸੁੱਚਾ ਕਰਦਾ ਹੈ।
ਰਾਮੋਜੀ ਨੂੰ ਆਖ਼ਰੀ ਵਿਦਾਈ
ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਫ਼ਿਲਮ ਸਿਟੀ ਨੂੰ ਬਨ੍ਹਵਾਉਣ ਦਾ ਜ਼ਿੰਮਾ ਵੀ ਰਾਮੋਜੀ ਰਾਓ ਦੀ ਕੰਪਨੀ ਨੇ ਲਿਆ ਹੈ। ਹਾਲਾਂਕਿ ਜਦੋਂ ਉੱਤਰਾਖੰਡ ਦੇ ਫਿਲਮ ਸਿਟੀ ਬਣਨ ਦੀ ਚਰਚਾ ਹੋਈ ਅਤੇ ਉੱਥੋਂ ਦੀ ਸਥਾਨਕ ਸਰਕਾਰ ਨੇ ਇਸ ਕੰਪਨੀ ਤੱਕ ਪਹੁੰਚ ਕੀਤੀ ਤਾਂ ਰਾਮੋਜੀ ਸਾਹਿਬ ਨੇ ਬਹੁਤ ਸਤਿਕਾਰ ਨਾਲ ਮਨਾਂ ਕਰ ਦਿੱਤਾ ਸੀ, ਪਰ ਪੰਜਾਬ ਨਾਲ ਉਨ੍ਹਾਂ ਦਾ ਪਿਆਰ ਹੋਣ ਕਰਕੇ, ਉਹ ਮਨਾ ਨਹੀਂ ਕਰ ਸਕੇ।ਜੇਕਰ ਰਾਮੋਜੀ ਸਾਹਿਬ ਦੇ ਵਿਅਕਤਿਤਵ ਨੂੰ ਵਾਚਿਆ ਜਾਵੇ ਤਾਂ ਅੱਜ ਉਨ੍ਹਾਂ ਦੇ ਮੁਕਾਬਲੇ ਦਾ ਬੰਦਾ ਭਾਰਤ ਦੀ ਧਰਤੀ ਉਪਰ ਲੱਭਣਾ ਬਹੁਤ ਔਖਾ ਹੈ। ਪੰਜਾਬ ਵਿੱਚ ਵੱਡੇ ਵੱਡੇ ਵਿਦਵਾਨ ਆਈਏਐਸ ਅਫ਼ਸਰ ਹਨ, ਵੱਡੇ ਅਖ਼ਬਾਰਾਂ ਦੇ ਮਾਲਕ ਹਨ, ਪਰ ਐਨੀ ਦੂਰ-ਦਰਸ਼ਤਾ, ਆਪਣੇ ਸਮਾਜ ਪ੍ਰਤੀ ਐਨੀ ਇਮਾਨਦਾਰੀ ਕਿਸੇ ਦੇ ਨੇੜੇ ਵੀ ਨਹੀਂ ਹੈ।
ਨਿਧੜਕ ਰਾਜਸੀ ਨੇਤਾ ਰਾਸ਼ਟਰਪਤੀ ਬਰਾਕ ਓਬਾਮਾ
ਮਲਾਲਾ ਇੱਕ ਸਿਆਸਤਦਾਨ ਬਣੇਗੀ
ਨਿੱਜੀ ਤੌਰ ਉਪਰ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ, ਕਿ ਈਟੀਵੀ ਦੇ ਬਤੌਰ ਸੰਪਾਦਕ ਹੰਢਾਏ ਵਕਤ ਵਿੱਚ ਕੰਪਨੀ ਦੇ ਚੇਅਰਮੈਨ ਸ਼੍ਰੀ ਰਾਮੋਜੀ ਰਾਓ ਨਾਲ ਕੰਮ ਕਾਰ ਦੀਆਂ ਮੁਲਾਕਾਤਾਂ ਤੋਂ ਇਲਾਵਾ ਨਿੱਜੀ ਮੁਲਾਕਾਤਾਂ ਦਾ ਵੀ ਬਹੁਤ ਵੱਡਾ ਵੇਰਵਾ ਹੈ। ਅੱਜ ਉਹ ਦੁਨੀਆ ਨੂੰ ਅਲਵਿਦਾ ਆਖ ਗਏ ਨੇ, ਪਰ ਉਨ੍ਹਾਂ ਦੇ ਕੀਤੇ ਕਾਰਜਾਂ ਕਰਕੇ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਆਪਣੇ ਜਿਉਂਦੇ ਜੀ ਉਨ੍ਹਾਂ ਉਹ ਸਥਾਨ ਵੀ ਤਿਆਰ ਕਰਵਾ ਲਿਆ ਸੀ, ਜਿੱਥੇ ਉਨ੍ਹਾਂ ਨੇ ਅੰਤਿਮ ਅਰਾਮ ਕਰਨਾ ਹੈ। ਉਸ ਜਗ੍ਹਾ ਨੂੰ ਉਹ ਬਹੁਤ ਪਿਆਰ ਕਰਦੇ ਸਨ, ਹੁਣ ਉਹ ਹਮੇਸ਼ਾ ਉਸ ਸਥਾਨ ਦੇ ਵਾਸੀ ਬਣ ਜਾਣਗੇ। ਪਰਮਾਤਮਾ ਨੂੰ, ਉਸ ਦੀ ਬਣਾਈ ਦੁਨੀਆ ਨੂੰ ਪਿਆਰ ਕਰਨ ਵਾਲਾ ਅਤੇ ਉਸ ਦੀ ਸੇਵਾ ਕਰਨ ਵਾਲੇ ਰਾਮੋਜੀਰਾਓ ਅੱਜ ਪੰਜੇ ਤੱਤਾਂ ਵਿੱਚ ਲੀਨ ਹੋ ਗਏ ਹਨ। ਅਲਵਿਦਾ ਚੇਅਰਮੈਨ ਸਰ!
ਅਲਵਿਦਾ ਚੇਅਰਮੈਨ ਸਰ! ਸ਼੍ਰੀ ਰਾਮੋਜੀ ਰਾਓ ਗਾਰੂ