ਸੰਗਰੂਰ-
ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਗੁੱਜਰਾਂ ਵਿਖੇ ਨਸ਼ੀਲੀ ਸ਼ਰਾਬ ਪੀਣ ਨਾਲ ਚਾਰ ਵਿਆਕਤੀਆ ਦੀ ਮੌਤ ਹੋ ਗਈ ਹੈ। ਮੌਤਾਂ ਹੋਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਥਾਣਾ ਦਿੜ੍ਹਬਾ ਦੀ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਲਿਤ ਪਰਿਵਾਰਾਂ ਨਾਲ ਸਬੰਧਤ ਹਨ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਗੁੱਜਰਾਂ ਦੇ ਉਕਤ ਵਿਅਕਤੀਆਂ ਨੇ ਸਸਤੀ ਸ਼ਰਾਬ ਦੀ ਖ਼ਰੀਦ ਕੀਤੀ ਜਿਸ ਨੂੰ ਪੀਣ ਨਾਲ ਛੇ ਵਿਅਕਤੀਆਂ ਦੀ ਹਾਲਤ ਵਿਗੜ ਗਈ। ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਸਿਵਲ ਹਸਪਤਾਲ ਸੰਗਰੂਰ ‘ਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਹਨ। ਸਾਰੇ ਵਿਅਕਤੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਦਿਹਾੜੀਦਾ ਮਜ਼ਦੂਰ ਹਨ ।

ਇਹ ਵੀ ਪੜ੍ਹੋ :- ਛੋਟਾ ਥਾਣੇਦਾਰ ਰਿਸ਼ਵਤ ਲੈਂਦਾ ਕਾਬੂ

ਮਰਨ ਵਾਲਿਆਂ ਵਿੱਚ ਦੋ ਸਕੇ ਭਰਾ ਸ਼ਾਮਲ ਹਨ। ਨਿਰਮਲ ਸਿੰਘ, ਜਗਜੀਤ ਸਿੰਘ, ਪ੍ਰਗਟ ਸਿੰਘ,ਅਤੇ ਭੋਲਾ ਸਿੰਘ ਦੀ ਮੌਤ ਹੋ ਗਈ ਜਦ ਕਿ ਵੀਰਪਾਲ ਸਿੰਘ ਅਤੇ ਜੱਗੀ ਸਿੰਘ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹਨ।
ਉੱਧਰ ਡਿਪਟੀ ਕਮਿਸ਼ਨਰ ਸੰਗਰੂਰ ਨੇ ਪਿੰਡ ਗੁੱਜਰਾਂ ਵਿਖੇ ਹੋਈਆ ਚਾਰ ਮੌਤਾਂ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ ਚੇਅਰਮੈਨ, ਡੀ.ਐਸ.ਪੀ. ਪ੍ਰਿਥਵੀ ਸਿੰਘ ਚਾਹਲ, ਥਾਣਾ ਮੁੱਖ ਅਫਸਰ ਦਿੜ੍ਹਬਾ, ਸੀਨੀਅਰ ਮੈਡੀਕਲ ਅਫਸਰ, ਈ.ਟੀ.ਓ. ਆਬਕਾਰੀ ਵਿਭਾਗ ਜਾਂਚ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਜਾਂਚ ਕਮੇਟੀ 72 ਘੰਟਿਆ ‘ਚ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੇਗੀ।