FARMERS TO GET 391 PER QUINTAL FOR THEIR SUGAR CANE YIELD

AS PROMISED TO FARMERS, CM MANN ANNOUCES HIKE IN SUGARCANE RATES, NOW NUMBER ONE IN THE COUNTRY

 ਕਿਸਾਨਾਂ ਨੂੰ ਗੰਨੇ ਦੀ ਪੈਦਾਵਾਰ ਲਈ 391 ਰੁਪਏ ਪ੍ਰਤੀ ਕੁਇੰਟਲ ਮਿਲਣਗੇ
ਪੰਜਾਬ ਦੀਆਂ ਸਾਰੀਆਂ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ 2 ਦਸੰਬਰ ਤੋਂ ਨਵੇਂ ਰੇਟ ਮੁਤਾਬਕ ਚੱਲਣਗੀਆਂਃ ਮੁੱਖ ਮੰਤਰੀ

ਚੰਡੀਗੜ੍ਹ, 1 ਦਸੰਬਰ:
ਗੰਨਾ ਕਾਸ਼ਤਕਾਰਾਂ ਨੂੰ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਮੁਹੱਈਆ ਕਰਨ ਦੇ ਰੁਝਾਨ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਗੰਨੇ ਦੇ ਐਸ.ਏ.ਪੀ. ਵਿੱਚ 11 ਰੁਪਏ ਦੇ ਵਾਧੇ ਦਾ ਐਲਾਨ ਕੀਤਾ, ਜਿਸ ਨਾਲ ਕਿਸਾਨਾਂ ਨੂੰ ਆਪਣੀ ਉਪਜ ਦਾ ਭਾਅ 391 ਰੁਪਏ ਪ੍ਰਤੀ ਕੁਇੰਟਲ ਮਿਲੇਗਾ।
ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਵਿੱਚ 11 ਰੁਪਏ ਨੂੰ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ, ਇਸ ਲਈ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਇਹ ਤੋਹਫ਼ਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚੋਂ ਗੰਨੇ ਦਾ ਸਭ ਤੋਂ ਵੱਧ ਭਾਅ ਦੇ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਕਿਸਾਨਾਂ ਨਾਲ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਵਾਅਦਾ ਕੀਤਾ ਸੀ ਕਿ ਪੰਜਾਬ ਗੰਨੇ ਦੀ ਕੀਮਤ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਰਹੇਗਾ ਅਤੇ ਅੱਜ ਇਹ ਵਾਅਦਾ ਪੂਰਾ ਹੋਇਆ ਹੈ।

ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੰਨੇ ਦੇ ਭਾਅ ‘ਚ ਵਾਧੇ ਦਾ ਕੀਤਾ ਐਲਾਨ, ਪੰਜਾਬ ਹੁਣ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ਉੱਤੇ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਨੂੰ ਭਾਅ ਦੇਣ ਵਿੱਚ ਹਮੇਸ਼ਾ ਪਹਿਲੇ ਨੰਬਰ ਉਤੇ ਰਹੀ ਹੈ ਅਤੇ ਹੁਣ ਵੀ ਇਹ ਰੁਝਾਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੁਣ ਤੱਕ 380 ਰੁਪਏ ਪ੍ਰਤੀ ਕੁਇੰਟਲ ਐਸ.ਏ.ਪੀ. ਦੇ ਰਹੀ ਸੀ, ਜਿਹੜਾ ਹਰਿਆਣਾ ਵੱਲੋਂ ਹਾਲ ਹੀ ਵਿੱਚ 386 ਰੁਪਏ ਪ੍ਰਤੀ ਕੁਇੰਟਲ ਭਾਅ ਦੇਣ ਦੇ ਐਲਾਨ ਤੱਕ ਸਭ ਤੋਂ ਵੱਧ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਇਸ ਕੀਮਤ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਬੇਹੱਦ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ, ਵਪਾਰੀਆਂ, ਪਛੜੇ ਵਰਗਾਂ, ਮੁਲਾਜ਼ਮਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮਾਜ ਦੇ ਦੂਜੇ ਵਰਗਾਂ ਲਈ ਵੀ ਚੰਗੀਆਂ ਖ਼ਬਰਾਂ ਆਉਣਗੀਆਂ ਤਾਂ ਕਿ ‘ਰੰਗਲਾ ਪੰਜਾਬ’ ਬਣਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਪੈਸੇ ਦੀ ਤਰਕਸੰਗਤ ਵਰਤੋਂ ਯਕੀਨੀ ਬਣਾ ਰਹੀ ਹੈ ਅਤੇ ਪੰਜਾਬ ਵਿੱਚ ਕਈ ਲੋਕ-ਪੱਖੀ ਤੇ ਵਿਕਾਸ ਮੁਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਲਕੇ 2 ਦਸੰਬਰ ਤੋਂ ਪੰਜਾਬ ਦੀਆਂ ਸਾਰੀਆਂ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਨਵੇਂ ਰੇਟ ਮੁਤਾਬਕ ਚੱਲਣਗੀਆਂ ਤਾਂ ਕਿ ਕਿਸਾਨਾਂ ਨੂੰ ਪਹਿਲੇ ਦਿਨ ਤੋਂ ਲਾਭ ਯਕੀਨੀ ਬਣ ਸਕੇ।