Education Department forgot to complete 4161 Master Cadre Recruitment

4161 ਮਾਸਟਰ ਕਾਡਰ ਭਰਤੀ ਨੂੰ ਮੁਕੰਮਲ ਕਰਨਾ ਭੁੱਲਿਆ ਸਿੱਖਿਆ ਵਿਭਾਗ

4161 ਭਰਤੀ ਦੇ ਉਡੀਕ ਸੂਚੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜ਼ਾਰੀ ਕੀਤੇ ਜਾਣ: ਡੀ.ਟੀ.ਐੱਫ.

 

ਸੰਗਰੂਰ, 18 ਜਨਵਰੀ, 2024: 4161 ਮਾਸਟਰ ਕੇਡਰ ਭਰਤੀ ਜਿਸਦਾ ਇਸ਼ਤਿਹਾਰ ਸਾਲ 2021 ਵਿੱਚ ਆਇਆ ਸੀ, ਹੁਣ ਤੱਕ ਵੀ ਪੂਰੀ ਹੋਣ ਦੀ ਉਡੀਕ ਵਿਚ ਹੀ ਹੈ। ਵੱਖ-ਵੱਖ ਵਿਸ਼ਿਆਂ ਦੇ ਵੇਟਿੰਗ ਉਮੀਦਵਾਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਚੋਣ ਸੂਚੀਆਂ ਜ਼ਾਰੀ ਹੋਣ ਦੀ ਉਡੀਕ ਵਿੱਚ ਹਨ, ਪਰ ਕੁੰਬਕਰਨੀ ਨੀਂਦ ਸੁੱਤੇ ਸਿੱਖਿਆ ਮਹਿਕਮੇ ਵੱਲੋਂ ਕੇਵਲ ਡੰਗ ਟਪਾਈ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀਆਂ ਵੇਟਿੰਗ ਲਿਸਟਾਂ ਜਾਰੀ ਕੀਤੀਆਂ ਨੂੰ ਵੀ ਲਗਭਗ ਇੱਕ ਮਹੀਨਾ ਹੋ ਗਿਆ ਹੈ, ਪ੍ਰੰਤੂ ਅੰਗਰੇਜ਼ੀ, ਸਮਾਜਿਕ, ਗਣਿਤ ਅਤੇ ਸਾਇੰਸ ਵਿਸ਼ਿਆਂ ਦੀਆਂ ਲਿਸਟਾਂ ਹਾਲੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ। ਸਕੂਲ ਸਿੱਖਿਆ ਵਿਭਾਗ ਦੀ ਅਜਿਹੀ ਅਲਗਰਜ਼ੀ ਕਾਰਨ ਇਹਨਾਂ ਵਿਸ਼ਿਆਂ ਦੇ ਉਮੀਦਵਾਰ ਭਾਰੀ ਮਾਨਸਿਕ ਪ੍ਰੇਸ਼ਾਨੀ ਵਿਚ ਦੀ ਲੰਘ ਰਹੇ ਹਨ।

ਇਸ ਸੰਬੰਧੀ ਵਧੇਰੇ ਗੱਲਬਾਤ ਸਾਂਝੀ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕੇ ਸਿੱਖਿਆ ਵਿਭਾਗ ਨੂੰ ਅਲਗਰਜ਼ੀ ਛੱਡਣੀ ਚਾਹੀਂਦੀ ਹੈ ਅਤੇ 4161 ਭਰਤੀ ਨਾਲ ਸਬੰਧਿਤ ਬੇਰੁਜ਼ਗਾਰਾਂ ਨੂੰ ਖੱਜਲ ਖੁਆਰ ਕਰਨ ਦੀ ਥਾਂ ਵੇਟਿੰਗ ਸੂਚੀ ਵਿੱਚੋਂ ਅੰਗਰੇਜ਼ੀ, ਸਮਾਜਿਕ, ਗਣਿਤ ਅਤੇ ਸਾਇੰਸ ਵਿਸ਼ਿਆਂ ਦੇ ਉਮੀਦਵਾਰਾਂ ਦੀ ਚੋਣ ਅਨੁਸਾਰ ਨਿਯੁਕਤੀ ਪੱਤਰ ਜ਼ਾਰੀ ਕਰਨੇ ਚਾਹੀਂਦੇ ਹਨ ਤਾਂ ਜੋ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਪੂਰਤੀ ਹੋ ਸਕੇ ਅਤੇ ਬੇਰੁਜ਼ਗਾਰਾਂ ਅਧਿਆਪਕਾਂ ਦੇ ਰੁਜ਼ਗਾਰ ਪ੍ਰਾਪਤੀ ਦੀ ਆਸ ਨੂੰ ਬੂਰ ਪੇ ਸਕੇ।