ਤੇਜ਼ ਤਰਾਰ ਦਲਿਤ ਲੀਡਰ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਨੇ  ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕੀਤੀ l

ਉਨ੍ਹਾਂ ਸੁਖਪਾਲ ਖਹਿਰਾ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਦਲਿਤਾਂ ਅਤੇ ਗ਼ਰੀਬਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਜਾਣੂ ਕਰਵਾਇਆ l

ਦਰਸ਼ਨ ਕਾਂਗੜਾ ਨੇ ਸੁਖਪਾਲ ਖਹਿਰਾ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਦਲਿਤ ਸਮਾਜ ਨੂੰ ਸਿਰਫ ਵੋਟ ਬੈਂਕ ਵੱਜੋਂ ਹੀ ਵਰਤਿਆ ਜਾਂਦਾ ਹੈ l ਤਾਕਤ ਮਿਲਣ ਤੇ ਕੋਈ ਵੀ ਲੀਡਰ ਦਲਿਤਾਂ ਦੀ ਸਾਰ ਨਹੀਂ ਲੈਂਦਾ l

ਦਲਿਤਾਂ ਨੂੰ ਹੱਕ ਖੋਹੇ ਗਏ-ਕਾਂਗੜਾ

ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਵੱਲੋਂ ਦਲਿਤਾਂ ਨੂੰ ਹੱਕ ਦੇਣ ਦੀ ਥਾਂ ਉਨ੍ਹਾਂ ਦੇ ਹੱਕ ਖੋਹੇ ਗਏ ਹਨ l

ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਸ ਪਾਰਟੀ ਵੱਲੋਂ ਆਪਣੇ ਚੌਣ ਵਾਅਦੇ ਅਨੁਸਾਰ ਸੂਬੇ ਦੇ ਕਿਸੇ ਵੀ ਦਲਿਤ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਨਹੀਂ ਬਣਾਇਆ ਗਿਆ l ਉਸ ਤੋਂ ਬਾਅਦ ਰਾਜ ਸਭਾ ਦੀ ਚੋਣ ਸਮੇਂ ਇੱਕ ਵੀ ਦਲਿਤ ਆਗੂ ਨੂੰ ਰਾਜ ਸਭਾ ਨਹੀਂ ਭੇਜਿਆ ਗਿਆl

ਐਸ ਸੀ ਕਮਿਸ਼ਨ ਪੰਜਾਬ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 5 ਤੇ ਟਰਮ 6 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤੀ ਗਈ l ਲਾਅ ਅਫਸਰਾਂ ਦੀਆਂ ਅਸਾਮੀਆਂ ਵਿੱਚ ਦਲਿਤਾਂ ਨਾਲ ਵੱਡਾ ਭੇਦਭਾਵ ਕੀਤਾ ਗਿਆ ਅਤੇ ਹੁਣ ਲੋਕ ਸਭਾ ਦੀਆਂ ਚੋਣਾਂ ਵਿੱਚ ਵਾਲਮੀਕਿ ਤੇ ਮਜ਼ਬੀ ਸਿੱਖ ਸਮਾਜ ਨੂੰ ਇੱਕ ਵੀ ਟਿਕਟ ਨਹੀਂ ਦਿੱਤੀ ਗਈ l

ਇਹ ਵੀ ਪੜ੍ਹੋ :- ਪੰਜਾਬੀਓ ਜਾਗਦੇ ਕੇ ਸੁੱਤੇ

ਹੋਰ ਵੀ ਅਨੇਕਾਂ ਯੋਜਨਾਵਾਂ ਵਿੱਚ ਦਲਿਤਾਂ ਤੇ ਗਰੀਬਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਮੋਦੀ ਸਰਕਾਰ ਤੇ ਵੀ ਦਲਿਤਾਂ ਨੂੰ ਹਰ ਪੱਖੋਂ ਨਜ਼ਰ ਅੰਦਾਜ਼ ਕਰਨ ਅਤੇ ਸਵਿਧਾਨ ਨਾਲ ਵੱਡੇ ਪੱਧਰ ਤੇ ਛੇੜਛਾੜ ਕਰਨ ਸਬੰਧੀ ਰੋਸ ਜ਼ਾਹਿਰ ਕੀਤਾ l

ਸ਼੍ਰੀ ਕਾਂਗੜਾ ਨੇ ਦਲਿਤ ਸਮਾਜ ਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਅਤੇ ਮੁੜ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚੇਹਰਾ ਬਣਾਉਣ ਲਈ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ l

ਦਲਿਤ ਭਾਈਚਾਰੇ ਦੀ ਪਾਰਲੀਮੈਂਟ ਵਿੱਚ ਆਵਾਜ਼ ਬੁਲੰਦ ਕਰਾਂਗਾ-ਖਹਿਰਾ

ਸੁਖਪਾਲ ਸਿੰਘ ਖਹਿਰਾ ਨੇ ਦਰਸ਼ਨ ਕਾਂਗੜਾ ਨੂੰ ਕਿਹਾ ਕਿ ਦਲਿਤ ਸਮਾਜ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ l ਜਿੰਨਾ ਦੇ ਹਿੱਤਾਂ ਲਈ ਉਹ ਪਾਰਲੀਮੈਂਟ ਵਿੱਚ ਜਾ ਕੇ ਆਵਾਜ਼ ਬੁਲੰਦ ਕਰਨਗੇ l

ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਆਪਣਾਂ ਪਰਿਵਾਰ ਮੰਨਿਆ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕਾਰਜ਼ ਕਰਦੇ ਆ ਰਹੇ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ ।

ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨਾਲ ਦਲਿਤ ਆਗੂ ਦੀਦਾਰ ਸਿੰਘ ਸ਼ਸ਼ੀ ਚਾਵਰੀਆ ਸਣੇ ਹੋਰ ਵੀ ਆਗੂ ਹਾਜ਼ਰ ਸਨ।