ਟੋਰਾਂਟੋ: ਟੋਰਾਂਟੋ ਪੁਲਿਸ ਨੇ ਇਸਲਿੰਗਟਨ ਅਤੇ ਯਾਰਕਡੇਲ ਖੇਤਰਾਂ ਵਿੱਚ ਕਾਰ ਚੋਰੀ ਦੇ ਮਾਮਲੇ ਵਿੱਚ ਇੱਕ 18 ਸਾਲਾ ਲੜਕੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਮੁਤਾਬਕ, ਪਹਿਲੀ ਘਟਨਾ ਬੁਧਵਾਰ, 11 ਸਤੰਬਰ, 2024 ਨੂੰ ਦਪਹਿਰ ਵਾਪਰੀ, ਜਦੋਂ ਕਿਪਲਿੰਗ ਐਵਨਿਊ ਅਤੇ ਰੈਥਬਰਨ ਰੋਡ ਖੇਤਰ ਵਿੱਚ ਪੀੜਤ ਨੇ ਆਪਣੇ ਵਾਹਨ ਨੂੰ ਵਿਕਰੀ ਲਈ ਐਲਾਨ ਕੀਤਾ ਸੀ।

ਦੋ ਸ਼ੱਕੀ, ਇੱਕ ਮਰਦ ਅਤੇ ਇੱਕ ਔਰਤ, ਪੀੜਤ ਨਾਲ ਪਹਿਲਾਂ ਹੀ ਤੈਅ ਕੀਤੇ ਗਏ ਸਮੇਂ ਮੁਤਾਬਕ ਉਸਦੇ ਘਰ ਪਹੁੰਚੇ। ਪੀੜਤ ਨੇ ਉਨ੍ਹਾਂ ਨੂੰ ਗੱਡੀ ਦੀ ਜਾਂਚ ਕਰਨ ਅਤੇ ਇੰਜਣ ਚਾਲੂ ਕਰਨ ਦੀ ਆਗਿਆ ਦਿੱਤੀ। ਪਰ ਜਿਵੇਂ ਹੀ ਇੰਜਣ ਸਟਾਰਟ ਕੀਤਾ ਗਿਆ, ਸ਼ੱਕੀਆਂ ਨੇ ਗੱਡੀ ਨੂੰ ਤੇਜ਼ੀ ਨਾਲ ਮੌਕੇ ਤੋਂ ਭਜਾ ਲਿਆ।

ਇਸ ਚੋਰੀ ਤੋਂ ਕੁਝ ਦਿਨ ਬਾਅਦ 16 ਸਤੰਬਰ ਨੂੰ ਡਫਰਨ ਸਟ੍ਰੀਟ ਅਤੇ ਯਾਰਕਡੇਲ ਰੋਡ ਖੇਤਰ ਵਿੱਚ ਇੱਕ ਹੋਰ ਘਟਨਾ ਵਾਪਰੀ। ਇੱਥੇ ਵੀ, ਉਹੀ ਮਰਦ ਅਤੇ ਔਰਤ ਪੀੜਤ ਨਾਲ ਉਸਦੀ ਕਾਰ ਦੀ ਜਾਂਚ ਕਰਨ ਲਈ ਮਿਲਣ ਆਏ।

ਇਹ ਵੀ ਪੜ੍ਹੋ- ਕੈਨੇਡਾ ਸਿਖਾਊ ਮੁਹੱਬਤ ਕਰਨਾ

ਔਰਤ ਨੇ ਪੀੜਤ ਤੋਂ ਵਾਹਨ ਦੀ ਜਾਂਚ ਕਰਨ ਦੀ ਮੰਗ ਕੀਤੀ, ਪਰ ਉਸਦਾ ਬੇਹੱਦ ਘਬਰਾਹਟ ਭਰਿਆ ਵਿਵਹਾਰ ਦੇਖ ਕੇ ਪੀੜਤ ਨੂੰ ਕੁਝ ਗੜਬੜ ਦਾ ਅਹਿਸਾਸ ਹੋ ਗਿਆ। ਪੀੜਤ ਨੇ ਤੁਰੰਤ ਆਪਣੀ ਕਾਰ ਵਿੱਚ ਬੈਠ ਕੇ ਉੱਥੋਂ ਨਿਕਲ ਜਾਣਾ ਚੰਗਾ ਸਮਝਿਆ।

ਘਟਨਾ ਦੀ ਖਬਰ ਮਿਲਦਿਆਂ ਹੀ ਟੋਰਾਂਟੋ ਪੁਲਿਸ ਦੇ ਹੋਲਡ ਅੱਪ ਸਕੁਆਡ ਨੇ ਜਾਂਚ ਸ਼ੁਰੂ ਕਰ ਦਿੱਤੀ। ਸੂਝਬੂਝ ਨਾਲ ਕੰਮ ਕਰਦੇ ਹੋਏ, ਜਾਂਚਕਾਰਾਂ ਨੇ 18 ਸਾਲਾ ਸਾਰਾਹ ਬ੍ਰੈਡਸ਼ਾ, ਬ੍ਰੈਂਪਟਨ ਦੀ ਰਹਿਣ ਵਾਲੀ, ਨੂੰ ਇਸ ਚੋਰੀ ਵਿੱਚ ਮੁਲਜ਼ਮ ਮੰਨਦਿਆਂ ਹਿਰਾਸਤ ਵਿੱਚ ਲਿਆ। 19 ਸਤੰਬਰ ਨੂੰ ਪੁਲਿਸ ਨੇ ਉਸਦੇ ਘਰ ‘ਤੇ ਛਾਪਾ ਮਾਰ ਕੇ ਕਈ ਮਹੱਤਵਪੂਰਨ ਸਬੂਤ ਇਕੱਠੇ ਕੀਤੇ।

ਸਾਰਾਹ ‘ਤੇ ਮੋਟਰ ਵਾਹਨ ਦੀ ਚੋਰੀ, ਗੰਭੀਰ ਅਪਰਾਧ ਕਰਨ ਦੀ ਕੋਸ਼ਿਸ਼, ਅਤੇ ਚੋਰੀ ਕੀਤੀ ਸੰਪਤੀ ਨੂੰ ਰੱਖਣ ਦੇ ਦੋਸ਼ ਲਗਾਏ ਗਏ ਹਨ।
ਉਸ ਨੂੰ ਅੱਜ 24 ਸਤੰਬਰ ਨੂੰ ਟੋਰਾਂਟੋ ਰੀਜਨਲ ਬੇਲ ਸੈਂਟਰ ਵਿੱਚ ਅਦਾਲਤ ‘ਚ ਪੇਸ਼ ਕੀਤਾ ਗਿਆ।ਇਸ ਮਾਮਲੇ ਵਿੱਚ ਦੂਸਰਾ ਸ਼ੱਕੀ ਵਿਅਕਤੀ ਹੁਣ ਵੀ ਫਰਾਰ ਹੈ।