ਸੁਨਾਮ ਊਧਮ ਸਿੰਘ ਵਾਲਾ, 8 ਸਤੰਬਰ

– ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਸਰਹਿੰਦ ਚੋਅ ਦੇ ਨਾਲ ਨਾਲ ਬਣਾਏ ਜਾਣ ਵਾਲੇ ਆਧੁਨਿਕ ਵਾਕਿੰਗ ਟ੍ਰੈਕ ਦਾ ਨੀਂਹ ਪੱਥਰ ਰੱਖਿਆ । Cabinet Minister Aman Arora laid the foundation stone of ‘Walking Track’

ਇਸ ਮੌਕੇ ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਹਰ ਸ਼ਹਿਰ ਅਤੇ ਹਰ ਪਿੰਡ ਦਾ ਬਹੁ-ਪੱਖੀ ਵਿਕਾਸ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਨਾਮ ਸ਼ਹਿਰ ਵਿੱਚ ਸੈਰ ਕਰਨ ਲਈ ਢੁਕਵੀਂ ਥਾਂ ਦੀ ਲੋਕਾਂ ਵੱਲੋਂ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਲਈ ਅੱਜ ਇਸ ਟ੍ਰੈਕ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਸਵੇਰੇ ਸ਼ਾਮ ਸੜਕਾਂ ਦੁਆਲੇ ਸੈਰ ਕਰਦੇ ਹਨ ਜਿਸ ਨਾਲ ਸੜਕ ਦੁਰਘਟਨਾਵਾਂ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਾਕਿੰਗ ਟ੍ਰੈਕ ਦੀ ਲੰਬਾਈ ਕਰੀਬ ਡੇਢ ਕਿਲੋਮੀਟਰ ਹੋਵੇਗੀ। ਉਨ੍ਹਾਂ ਕਿਹਾ ਕਿ ਟ੍ਰੈਕ ਦੇ ਦੋਵੇਂ ਪਾਸੇ ਛਾਂਦਾਰ ਰੁੱਖ ਲਗਾਏ ਜਾਣਗੇ ਅਤੇ ਆਉਣ ਵਾਲੇ ਕੁਝ ਮਹੀਨਿਆਂ ਅੰਦਰ ਇਸ ਟ੍ਰੈਕ ਦੇ ਮੁਕੰਮਲ ਹੋਣ ਨਾਲ ਇਥੇ ਸੈਰ ਕਰਨ ਵਾਲਿਆਂ ਦੀਆਂ ਰੌਣਕਾਂ ਲੱਗ ਜਾਣਗੀਆਂ।

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਬੀਤੀ 31 ਜੁਲਾਈ ਨੂੰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨੂੰ ਲਾਗੂ ਕਰਨ ਲਈ ਆਈ ਟੀ ਆਈ ਸੁਨਾਮ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਹੁਣ ਹਰੇਕ ਉਮਰ ਵਰਗ ਦੇ ਨਾਗਰਿਕ ਦੀ ਖੇਡ ਗਤੀਵਿਧੀਆਂ ਵਿੱਚ ਦਿਲਚਸਪੀ ਵਧਾਉਣ ਲਈ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਸਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਅਤੇ ਸੁਨਾਮ ਦੀ ਦਿੱਖ ਸੰਵਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਐਸ ਡੀ ਐਮ ਜਸਪ੍ਰੀਤ ਸਿੰਘ, ਈ ਓ ਅੰਮ੍ਰਿਤਪਾਲ, ਆਸ਼ਾ ਬਜਾਜ, ਸੁਨੀਲ ਕੁਮਾਰ, ਮੁਕੇਸ਼ ਜੁਨੇਜਾ, ਹਰਪਾਲ ਹਾਂਡਾ, ਜਤਿੰਦਰ ਜੈਨ, ਰਵੀ ਕਮਲ ਗੋਇਲ, ਮਨੀ ਸਰਾਓ ਸਮੇਤ ਹੋਰ ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।