ਸੂਬੇ ਕੋਲ ਸੀ.ਬੀ.ਜੀ. ਪ੍ਰਾਜੈਕਟਾਂ ਲਈ ਭਰਪੂਰ ਸਰੋਤ ਉਪਲੱਬਧ: ਕੈਬਨਿਟ ਮੰਤਰੀ 
 ਐਨ.ਐਚ.ਪੀ.ਸੀ. ਦੇ ਵਫ਼ਦ ਨੇ ਸੂਰਜੀ ਤੇ ਪਣ-ਊਰਜਾ ਖੇਤਰ ਵਿੱਚ ਨਿਵੇਸ਼ ਲਈ ਦਿਲਚਸਪੀ ਦਿਖਾਈ 
ਚੰਡੀਗੜ੍ਹ, 7 ਸਤੰਬਰ:
– ਨੈਸ਼ਨਲ ਹਾਈਡਰੋ-ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ (ਐਨ.ਐਚ.ਪੀ.ਸੀ.) ਨੂੰ ਸੂਬੇ ਵਿੱਚ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪ੍ਰਾਜੈਕਟ ਸਥਾਪਤ ਕਰਨ ਸਬੰਧੀ ਸੰਭਾਵਨਾਵਾਂ ਤਲਾਸ਼ਣ ਦੀ ਅਪੀਲ ਕਰਦਿਆਂ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਕੋਲ ਖੇਤੀ ਰਹਿੰਦ-ਖੂੰਹਦ ਦੇ ਰੂਪ ਵਿੱਚ ਸਾਫ-ਸੁਥਰੀ ਊਰਜਾ ਦੇ ਉਤਪਾਦਨ ਲਈ ਵੱਡੀ ਮਾਤਰਾ ਵਿੱਚ ਸਰੋਤ ਮੌਜੂਦ ਹਨ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਖੇਤੀ ਰਹਿੰਦ-ਖੂੰਹਦ ਉਤੇ ਆਧਾਰਤ ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪਲਾਂਟ ਪਹਿਲਾਂ ਹੀ ਕਾਰਜਸ਼ੀਲ ਹੋ ਚੁੱਕਾ ਹੈ।
ਇੱਥੇ ਪੇਡਾ ਭਵਨ ਵਿੱਚ ਐਨ.ਐਚ.ਪੀ.ਸੀ. ਦੇ ਵਫ਼ਦ ਨੇ ਇੰਡੀਪੈਂਡੈਂਟ ਡਾਇਰੈਕਟਰ ਪ੍ਰੋ. (ਡਾ.) ਅਮਿਤ ਕਾਂਸਲ ਦੀ ਅਗਵਾਈ ਵਿੱਚ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਸੂਰਜੀ ਤੇ ਪਣ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਜ਼ਾਹਿਰ ਕੀਤੀ।
ਐਨ.ਐਚ.ਪੀ.ਸੀ. ਖੇਤਰੀ ਦਫ਼ਤਰ, ਚੰਡੀਗੜ੍ਹ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੁਰਜੀਤ ਕੁਮਾਰ ਸੰਧੂ ਅਤੇ ਸੀ.ਈ.ਓ. ਸ੍ਰੀ ਏ.ਕੇ. ਪਾਠਕ ਨੇ ਐਨ.ਐਚ.ਪੀ.ਸੀ. ਦੇ ਦੇਸ਼ ਭਰ ਵਿੱਚ ਚੱਲ ਰਹੇ ਪ੍ਰਾਜੈਕਟਾਂ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਐਨ.ਐਚ.ਪੀ.ਸੀ. ਦੇ ਹਾਈਡਰੋ, ਸੋਲਰ ਅਤੇ ਪੌਣ ਊਰਜਾ ਪ੍ਰਾਜੈਕਟ ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਮਨੀਪੁਰ, ਸਿੱਕਮ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਰਾਜਸਥਾਨ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਅੰਡੇਮਾਨ ਤੇ ਨਿਕੋਬਾਰ ਅਤੇ ਸਰਹੱਦ ਪਾਰ ਨੇਪਾਲ ਤੇ ਭੂਟਾਨ ਵਿੱਚ ਵੀ ਕਾਰਜਸ਼ੀਲ ਹਨ।
ਵਫ਼ਦ ਨੂੰ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਗ਼ੈਰ-ਰਵਾਇਤੀ ਊਰਜਾ ਸਰੋਤਾਂ ਦੀ ਬਹੁਤ ਵੱਡੀ ਸੰਭਾਵਨਾ ਹੈ ਅਤੇ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਸਾਫ-ਸੁਥਰੀ ਅਤੇ ਵਾਤਾਵਰਣ-ਪੱੱਖੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੇਡਾ ਵੱਲੋਂ ਪਰਾਲੀ ਦਾ ਸਥਾਈ ਅਤੇ ਟਿਕਾਊ ਹੱਲ ਵਿਕਸਿਤ ਕਰਨ ਵਾਸਤੇ ਪਰਾਲੀ ਅਤੇ ਹੋਰ ਖੇਤੀ ਰਹਿੰਦ-ਖੂੰਹਦ ਉਤੇ ਆਧਾਰਤ 492.58 ਟਨ ਪ੍ਰਤੀ ਦਿਨ (ਟੀ.ਡੀ.ਪੀ.) ਦੀ ਸਮਰੱਥਾ ਦੇ 42  ਸੀ.ਬੀ.ਜੀ. ਪ੍ਰਾਜੈਕਟ ਵੀ ਅਲਾਟ ਕੀਤੇ ਗਏ ਹਨ।
ਮੀਟਿੰਗ ਵਿੱਚ ਪੇਡਾ ਦੇ ਮੁੱਖ ਕਾਰਜਕਾਰੀ ਡਾ. ਸੁਮੀਤ ਜਾਰੰਗਲ, ਡਾਇਰੈਕਟਰ ਸ੍ਰੀ ਐਮ.ਪੀ ਸਿੰਘ, ਐਨ.ਐਚ.ਪੀ.ਸੀ. ਦੇ ਜਨਰਲ ਮੈਨੇਜਰ (ਇਲੈਕਟ੍ਰੀਕਲ) ਸ੍ਰੀ ਐਸ.ਪੀ.ਰਾਠੌਰ ਅਤੇ ਪੇਡਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
———