ਲੋਕ ਸਭਾ ਚੋਣਾਂ ਵਿਚ ਜ਼ਮਾਨਤ ਜ਼ਬਤ ਕਰਵਾਉਣ ਵਾਲੇ ਉਮੀਦਵਾਰਾਂ ਦੀ ਸੂਚੀ, ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜਿਸ ਅਨੁਸਾਰ ਅਕਾਲੀ ਦਲ ਦੇ 10, ਭਾਜਪਾ ਦੇ ਚਾਰ ਅਤੇ ਕਾਂਗਰਸ ਦਾ ਇੱਕ ਉਮੀਦਵਾਰ ਸ਼ਾਮਲ ਹੈ। ਜਦੋਂਕਿ ਸੂਬੇ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਆਪਣੀ ਜ਼ਮਾਨਤ ਬਚਾਉਣ ਵਿੱਚ ਸਫਲ ਰਹੇ ਹਨ।
ਕਾਂਗਰਸੀ ਦੇ ਉਮੀਦਵਾਰ
ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ (15.87 ਫੀਸਦੀ ਵੋਟਾਂ) ਨੂੰ ਫਰੀਦਕੋਟ ਤੋਂ ਬਹੁਤ ਘਟ ਵੋਟਾਂ ਪਈਆਂ ਹਨ। ਜਿੱਥੇ ਉਹ ਤੀਜੇ ਨੰਬਰ ‘ਤੇ ਰਹੇ ਉਥੇ ਹੀ ਉਨ੍ਹਾ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ ।
ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜਿੱਤ ਗਏ ਹਨ। ਹਰਸਿਮਰਤ ਤੋਂ ਇਲਾਵਾ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਨਰਦੇਵ ਸਿੰਘ ਬੌਬੀ ਮਾਨ ਅਤੇ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਅਨਿਲ ਜੋਸ਼ੀ ਦੀ ਜ਼ਮਾਨਤ ਜ਼ਬਤ ਨਹੀਂ ਹੋਈ । ਨਰਦੇਵ ਮਾਨ ਨੂੰ ਨੋਟਾ ਦੀਆਂ ਵੋਟਾਂ ਨੂੰ ਛੱਡ ਕੇ ਕੁੱਲ ਵੋਟਾਂ ਦਾ 22.66 ਫੀਸਦੀ ਹਿੱਸਾ ਹਾਸਲ ਹੋਇਆ ਹੈ। ਜਦੋਂ ਕਿ ਅੰਮ੍ਰਿਤਸਰ ਵਿੱਚ ਜੋਸ਼ੀ ਨੂੰ 18.06 ਫੀਸਦੀ ਵੋਟਾਂ ਮਿਲੀਆਂ।
ਅਕਾਲੀ ਦਲ ਦੇ ਉਮੀਦਵਾਰ
ਅਕਾਲੀ ਦਲ ਦੇ ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ ਹੈ, ਉਨ੍ਹਾਂ ਵਿੱਚ ਮਹਿੰਦਰ ਸਿੰਘ ਕੈਪੀ (6.89 ਫੀਸਦੀ ਵੋਟਾਂ) ਵੀ ਸ਼ਾਮਲ ਹਨ, ਜੋ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਅਤੇ ਜਲੰਧਰ ਤੋਂ ਚੋਣ ਲੜੇ ਸਨ।
ਇਹ ਵੀ ਪੜ੍ਹੋ : ਮੋਦੀ 9 ਨੂੰ ਚੁਕਣਗੇ ਸਹੁੰ ਬਣਨਗੇ ਪ੍ਰਧਾਨ ਮੰਤਰੀ
ਪਾਰਟੀ ਦੇ ਬੁਲਾਰੇ ਤੇ ਗੁਰਦਾਸਪੁਰ ਤੋਂ ਉਮੀਦਵਾਰ ਦਲਜੀਤ ਸਿੰਘ ਚੀਮਾ (7.95 ਫੀਸਦੀ ਵੋਟਾਂ), ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ (8.27 ਫੀਸਦੀ ਵੋਟਾਂ), ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ (8.55 ਫੀਸਦੀ ਵੋਟਾਂ), ਹੁਸ਼ਿਆਰਪੁਰ ਤੋਂ ਉਮੀਦਵਾਰ ਸੋਹਣ ਸਿੰਘ ਠੰਡਲ (9.73 ਫੀਸਦੀ ਵੋਟਾਂ), ਆਨੰਦਪੁਰ ਸਾਹਿਬ ਤੋਂ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ (11.01 ਫੀਸਦੀ), ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ (13.13 ਫੀਸਦੀ ਵੋਟਾਂ), ਪਟਿਆਲਾ ਤੋਂ ਉਮੀਦਵਾਰ ਐਨ.ਕੇ.ਸ਼ਰਮਾ (13.44 ਫੀਸਦੀ ਵੋਟਾਂ) ਅਤੇ ਫਰੀਦਕੋਟ ਤੋਂ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ (13.68 ਫੀਸਦੀ ਵੋਟਾਂ) ਨੇ ਵੀ ਜ਼ਮਾਨਤ ਜ਼ਬਤ ਕਰਵੀ ਲਈ ਹੈ ।
ਭਾਜਪਾ ਦੇ ਉਮੀਦਵਾਰ
ਆਪਣੀ ਜ਼ਮਾਨਤ ਜ਼ਬਤ ਕਰਵਾਉਣ ਵਾਲੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ 8.27 ਫੀਸਦੀ ਵੋਟਾਂ ਹਾਸਲ ਹੋਈਆਂ ਹਨ, ਜੋ ਖਡੂਰ ਸਾਹਿਬ ਤੋਂ ਪੰਜਵੇਂ ਸਥਾਨ ‘ਤੇ ਰਹੇ। ਬਠਿੰਡਾ ਤੋਂ ਚੌਥੇ ਨੰਬਰ ‘ਤੇ ਰਹੀ ਪਰਮਪਾਲ ਕੌਰ ਸਿੱਧੂ ਸਿਰਫ਼ 9.66 ਫ਼ੀਸਦੀ ਵੋਟਾਂ ਹੀ ਹਾਸਲ ਕਰ ਸਕੀ। ਸੰਗਰੂਰ ਤੋਂ ਚੌਥੇ ਸਥਾਨ ‘ਤੇ ਰਹੇ ਅਰਵਿੰਦ ਖੰਨਾ ਨੂੰ 12.75 ਫੀਸਦੀ ਅਤੇ ਫਤਹਿਗੜ੍ਹ ਸਾਹਿਬ ਤੋਂ ਗੇਜਾ ਰਾਮ ਨੂੰ 13.21 ਫੀਸਦੀ ਵੋਟਾਂ ਮਿਲੀਆਂ।