ਸੰਤ ਅਤਰ ਸਿੰਘ ਜੀ ਦੇ ਬਰਸੀ ਸਮਾਗਮ ਸਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਹਿਯੋਗ ਦੇਣ ਲਈ ਕੌਂਸਲ ਪ੍ਰਬੰਧਕਾਂ ਨੇ ਦਿੱਤਾ ਸੱਦਾ ਪੱਤਰ
ਸੰਗਰੂਰ, 23 ਜਨਵਰੀ
ਵੀਹਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਸਮਾਗਮ ਨੂੰ ਸਮਰਪਿਤ 30, 31 ਜਨਵਰੀ ਅਤੇ 1 ਫਰਵਰੀ 2024 ਨੂੰ ਹੋਣ ਵਾਲੇ ਗੁਰਮਤਿ ਸਮਾਗਮਾਂ ਦੇ ਸਬੰਧ ਵਿੱਚ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਬਣਾਈ ਗਈ ਸੱਦਾ ਪੱਤਰ ਕਮੇਟੀ ਵੱਲੋਂ ਮਨਜੀਤ ਸਿੰਘ ਬਾਲੀਆਂ, ਜਗਰੂਪ ਸਿੰਘ ਲੱਡਾ, ਜੀਤ ਸਿੰਘ ਢੀਂਡਸਾ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਭੁਪਿੰਦਰ ਸਿੰਘ ਗਰੇਵਾਲ ਅਤੇ ਇੰਚਾਰਜ ਸਤਨਾਮ ਸਿੰਘ ਦਮਦਮੀ ਸਮੇਤ ਹੋਰ ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਲਾਨਾ ਜੋੜ ਮੇਲੇ ਨੂੰ ਸਫ਼ਲਤਾ ਪੂਰਵਕ ਮਨਾਉਣ ਲਈ ਸਹਿਯੋਗ ਲੈਣ ਵਾਸਤੇ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਅਤੇ ਮਾਣਯੋਗ ਐੱਸ ਐੱਸ ਪੀ ਸ੍ਰ ਸਰਤਾਜ ਸਿੰਘ ਚਹਿਲ ਨੂੰ ਸੰਗਰੂਰ ਦਫ਼ਤਰ ਵਿਖੇ ਮਿਲੇ ਅਤੇ ਸੱਦਾ ਪੱਤਰ ਦਿੱਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਲਾਨਾ ਜੋੜ ਮੇਲੇ ਸਬੰਧੀ ਹਰ ਪ੍ਰਕਾਰ ਦੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜੋੜ ਮੇਲੇ ਵਿੱਚ ਸੰਗਤਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਥਾਵਾਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ।
ਜੋੜ ਮੇਲੇ ਸਬੰਧੀ ਸਕੱਤਰ ਸ੍ਰ ਜਸਵੰਤ ਸਿੰਘ ਖਹਿਰਾ, ਸ੍ਰ ਭੁਪਿੰਦਰ ਸਿੰਘ ਗਰੇਵਾਲ ਅਤੇ ਸ੍ਰ ਸਤਨਾਮ ਸਿੰਘ ਦਮਦਮੀ ਮਸਤੂਆਣਾ ਹੁਰਾਂ ਨੇ ਦੱਸਿਆ ਕਿ ਇਸ ਵਾਰ ਸਾਲਾਨਾ ਜੋੜ ਮੇਲੇ ਨੂੰ ਮਸਤੂਆਣਾ ਕੈਂਪਸ ਅੰਦਰ ਕਿਸੇ ਵੀ ਦੁਕਾਨਦਾਰ ਨੂੰ ਕੋਈ ਵੀ ਦੁਕਾਨ ਅੰਦਰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਦੁਕਾਨਾਂ ਕੈਂਪਸ ਤੋਂ ਬਾਹਰ ਹੀ ਲਗਾਈਆਂ ਜਾਣਗੀਆਂ ਤਾਂ ਜੋ ਸੰਗਤਾਂ ਨੂੰ ਆਉਣ ਜਾਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ। ਇਸ ਤੋਂ ਇਲਾਵਾ ਕੌਂਸਲ ਮੈਂਬਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ , ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ ਖਹਿਰਾ, ਹਾਕਮ ਸਿੰਘ ਕਿਸ਼ਨਗੜੀਆ ਅਤੇ ਹੋਰ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਦੱਸਿਆ ਕਿ ਜੋੜ ਮੇਲੇ ਸਬੰਧੀ ਮੱਥਾ ਟੇਕਣ ਵਾਲੀਆਂ ਆ ਰਹੀਆਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਲਈ ਰਹਿਣ ਸਹਿਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵਾਸਤੇ ਨੇੜਲੇ ਲਗਭਗ ਤਿੰਨ ਦਰਜ਼ਨ ਤੋਂ ਵੱਧ ਪਿੰਡਾਂ ਦੀਆਂ ਲੰਗਰ ਕਮੇਟੀਆਂ ਵੱਲੋਂ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਲੰਗਰ ਲਗਾਉਣ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ।