ਰੇਗਿਸਤਾਨ ਮੇਰਾ ਭਵਿੱਖ, ਪੰਜਾਬ ਮੇਰਾ ਨਾਮ — ਵੱਡੀਖ਼ਬਰ
ਕਜ਼ਾਖ਼ਸਤਾਨ ਪੁਰਾਣੇ ਯੂਐਸਐਸ ਆਰ ਦਾ ਇੱਕ ਅਗਾਂਹਵਧੂ ਉੱਨਤ ਸੂਬਾ ਸੀ ਜੋ ਅੱਜ ਆਪਣੀ ਬਰਬਾਦੀ ਦੀ ਦਾਸਤਾਨ ਦੱਸ ਰਿਹਾ ਹੈ। ਕਜ਼ਾਖ਼ਸਤਾਨ ਦੇਸ਼ ਦੇ ਵਸਨੀਕਾਂ ਨੇ ਆਪਣੇ ਪੁਰਾਣੇ ਸਮੁੰਦਰੀ ਜਹਾਜ਼ਾਂ ਨੂੰ ਨਾ ਤਾਂ ਤੋੜਿਆ ਹੈ ਅਤੇ ਨਾ ਹੀ ਵੇਚਿਆ ਹੈ, ਸਗੋਂ ਸੰਭਾਲ ਕੇ ਰੱਖਿਆ ਹੋਇਆ ਹੈ, ਇਸ ਦਾ ਕਾਰਨ ਇਹ ਨਹੀਂ ਕਿ ਇਹ ਦੁਰਲੱਭ ਵਸਤੂਆਂ ਹਨ ਜਾਂ ਉਹਨਾਂ ਦੀ ਉੱਨਤੀ/ਤਰੱਕੀ ਨੂੰ ਦਰਸਾਉਂਦੀਆਂ ਹਨ, ਸਗੋਂ ਇਹ ਇਸ ਲਈ ਸੰਭਾਲ ਕੇ ਰੱਖੇ ਹਨ ਕਿ ਦੁਨੀਆ ਨੂੰ ਦੱਸ ਸਕਣ ਕਿ ਉਹਨਾਂ ਦੇ ਪੁਰਖਿਆਂ ਨੇ ਕੁਦਰਤ ਨਾਲ ਛੇੜਛਾੜ ਕਰਕੇ ਕਿੰਨੀ ਵੱਡੀ ਗ਼ਲਤੀ ਕੀਤੀ ਸੀ। ਜਿਹੜਾ ਅੱਜ ਕਜ਼ਾਖ਼ਸਤਾਨ ਦਾ ਮਾਰੂਥਲ ਹੈ ਜਿੱਥੇ ਇਹ ਜਹਾਜ਼ ਖੜ੍ਹੇ ਹਨ ਇਹ ਕਦੇ ਬਹੁਤ ਡੂੰਘਾ ਅਤੇ ਵਿਸ਼ਾਲ ‘ਅਰਲ’ ਸਾਗਰ ਹੁੰਦਾ ਸੀ। ਜਿਸ ਦੇ ਆਲ਼ੇ-ਦੁਆਲੇ ਬਹੁਤ ਸੰਘਣੀ ਅਬਾਦੀ ਸੀ। ਇਹ ਅਮੀਰ ਲੋਕਾਂ ਦੀ ਨਗਰੀ ਸੀ ਜਿਸ ਕੋਲ ਆਪਣੀਆਂ ਹਰ ਜ਼ਰੂਰਤਾਂ ਪੂਰੀਆਂ ਕਰਨ ਦੀ ਸਮਰੱਥਾ ਸੀ।
ਇਕ ਦਿਨ ਇੱਥੋਂ ਦੇ ਅਗਾਂਹਵਧੂ ਨੇਤਾਵਾਂ, ਇੰਜੀਨੀਅਰਾਂ ਅਤੇ ਸਾਇੰਸਦਾਨਾਂ ਨੇ ਇਸ ਵਿਸ਼ਾਲ ਸਾਗਰ ਦਾ ਪਾਣੀ ਨਹਿਰਾਂ ਬਣਾ ਕਿ ਦੂਜੇ ਬੰਜਰ ਇਲਾਕਿਆਂ ਨੂੰ ਉਪਜਾਊ ਬਣਾਉਣ ਦੀ ਵਿਉਂਤਬੰਦੀ ਕੀਤੀ ਅਤੇ ਇਸ ਵਿਉਂਤਬੰਦੀ ਨੂੰ ਲਾਗੂ ਵੀ ਕਰ ਦਿੱਤਾ। ਕਜ਼ਾਖ਼ਸਤਾਨ ਦੀ ਧਰਤੀ ਨੂੰ ਨਹਿਰਾਂ ਕੱਢ ਕੇ ਫ਼ਸਲਾਂ ਬੀਜਣ ਲਈ ਵਰਤਿਆ ਜਾਣ ਲੱਗਾ। ਇੱਥੇ ਦੱਸਣਾ ਜ਼ਰੂਰੀ ਹੈ ਕਿ ਕਜ਼ਾਖ਼ਸਤਾਨ ਦਾ ਮੁੱਖ ਧੰਦਾ ਮੱਛੀਆਂ ਫੜਨਾ ਅਤੇ ਇਸ ਨੂੰ ਨਿਰਯਾਤ ਕਰਨਾ ਸੀ ਜੋ ਬਹੁਤ ਲਾਹੇਵੰਦ ਧੰਦਾ ਸੀ। ਇਸ ਧੰਦੇ ਦੇ ਨਾਲ ਨਾਲ ਇਸ ਦੀ ਜ਼ਮੀਨ ਨੂੰ ਫ਼ਸਲਾਂ ਉਗਾਉਣ ਲਈ ਵਰਤਣ ਦੀ ਯੋਜਨਾ ਨੇ ਇਸ ਦੇਸ਼ ਦੀ ਤਬਾਹੀ ਦੀ ਨੀਂਹ ਰੱਖੀ। ਇਸ ਇਲਾਕੇ ਦੇ ਲੋਕਾਂ ਨੂ ਸਮਝ ਹੀ ਨਾ ਲੱਗੀ ਕਿ ਇਸ ਦਾ ਨੁਕਸਾਨ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁਕਾਉਣਾ ਪਵੇਗਾ। ਇਸੇ ਤਰ੍ਹਾਂ ਹੀ ਹੋਇਆ ਉਹ ਸਾਗਰ ਹੌਲੀ ਹੌਲੀ ਸੁੱਕ ਗਿਆ ਜ਼ਮੀਨ ਬੰਜਰ ਹੋ ਗਈ ਅਤੇ ਅਖੀਰ ਇਹ ਇਲਾਕਾ
ਰੇਗਿਸਤਾਨ ਦਾ ਰੂਪ ਧਾਰਨ ਕਰ ਗਿਆ।
ਉੱਥੋਂ ਦੇ ਬਾਸ਼ਿੰਦੇ ਆਪਣਾ ਘਰ ਬਾਰ ਛੱਡ ਦੂਰ ਦੁਰਾਡੇ ਥਾਵਾਂ ਤੇ ਚਲੇ ਗਏ ਜਾਂ ਛੋਟੇ ਮੋਟੇ ਕੰਮਕਾਰ ਕਰਕੇ ਗੁਜ਼ਾਰਾ ਕਰਨ ਲੱਗ ਪਏ। ਮੱਛੀਆਂ ਮਰ ਗਈਆਂ, ਦੂਸਰੇ ਪਸ਼ੂ ਵਗ਼ੈਰਾ ਭੁੱਖਮਰੀ ਨਾਲ ਮਰ ਗਏ। ਪੰਛੀ ਆਪਣਾ ਥਾਂ ਟਿਕਾਣਾ ਬਦਲ ਗਏ। ਅੱਜ ਇਹ ਇਲਾਕਾ ਉਜਾੜ ਦਾ ਰੂਪ ਬਣ ਗਿਆ ਹੈ।
ਕੈਪ ਟਾਊਨ ਸ਼ਹਿਰ ਜੋ ਸਾਊਥ ਅਫ਼ਰੀਕਾ ਦਾ ਮਸ਼ਹੂਰ ਸ਼ਹਿਰ ਹੈ, ਇਹ ਸੰਸਾਰ ਜਿਸ ਵਿਚੋਂ ਧਰਤੀ ਹੇਠਲਾ ਪਾਣੀ ਖ਼ਤਮ ਹੋ ਚੁੱਕਾ ਹੈ। ਇਸ ਦਾ ਕਾਰਨ ਬਹੁਤ ਘੱਟ ਵਰਖਾ ਦਾ ਹੋਣਾ, ਮੌਸਮ ਦੀ ਖ਼ਰਾਬੀ, ਅਬਾਦੀ ਵਿੱਚ ਵਾਧਾ ਅਤੇ ਸਰਕਾਰ ਦੀ ਮਾੜੀ ਯੋਜਨਾਬੰਦੀ ਹੈ। ਇਹ ਸਾਰੇ ਲੱਛਣਾਂ ਵਿਚੋਂ ਮੁੱਖ ਲੱਛਣ ਮਨੁੱਖ ਦੀ ਗ਼ਲਤ ਯੋਜਨਾਬੰਦੀ ਹੈ।
ਪੰਜਾਬ ਸੰਸਾਰ ਦਾ ਪਹਿਲਾ ਅਜਿਹਾ ਅਮੀਰ ਖ਼ਿੱਤਾ ਹੈ ਜਿੱਥੇ ਸੱਤ ਤਰ੍ਹਾਂ ਦੀਆਂ ਰੁੱਤਾਂ ਆਉਂਦੀਆਂ ਹਨ ਜਿਵੇਂ ਕਿ ਗਰਮੀ, ਸਰਦੀ, ਬਰਸਾਤ, ਪਤਝੜ, ਬਸੰਤ, ਕੋਹਰਾ, ਲੂ ਆਦਿ। ਸੰਸਾਰ ਦੇ ਵਿੱਚ ਅਜਿਹਾ ਕੋਈ ਵੀ ਇਲਾਕਾ ਨਹੀਂ ਜੋ ਰੁੱਤਾਂ ਦੇ ਹਿਸਾਬ ਨਾਲ ਇੰਨਾ ਅਮੀਰ ਹੋਵੇ।
ਇਸ ਦੀ ਧਰਤੀ ਸੱਚਮੁੱਚ ਹੀ ਅੰਮ੍ਰਿਤ ਪੈਦਾ ਕਰਦੀ ਹੈ। ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਪੰਜਾਬ ਦੇ ਖਾਣੇ ਵਰਗਾ ਜ਼ਾਇਕਾ ਕਿਤੇ ਹੋਰ ਨਹੀਂ ਮਿਲੇਗਾ। ਇਹ ਅੱਜ ਤੋਂ ਨਹੀਂ ਆਦਿ ਕਾਲ ਤੋਂ ਅਮੀਰ ਹੈ। ਇੱਥੋਂ ਦੇ ਲੋਕਾਂ ਜਿਹਾ ਸੁਭਾਅ ਕਿਤੇ ਹੋਰ ਨਹੀਂ ਮਿਲੇਗਾ। ਕੋਈ ਵੀ ਭੀੜ ਪੈ ਜਾਵੇ ਮਿੰਟਾਂ ਵਿੱਚ ਮਦਦ ਲਈ ਇਕੱਠੇ ਹੋ ਜਾਂਦੇ ਹਨ। ਕਿਸੇ ਵੀ ਮੁਸੀਬਤ ਵਿੱਚ ਘਬਰਾਉਂਦੇ ਨਹੀਂ ਹਨ। ਮੌਤ ਤੋਂ ਡਰਦੇ ਨਹੀਂ ਹਨ। ਆਜ਼ਾਦੀ ਦੇ ਆਸ਼ਕ ਹਨ ਅਤੇ ਉਸ ਦੀ ਖ਼ਾਤਰ ਜਾਨ ਦੇਣ ਦੀ ਵੀ ਪ੍ਰਵਾਹ ਨਹੀਂ ਕਰਦੇ। ਇਹ ਮਸਤ, ਆਜ਼ਾਦ ਪਰ ਮਿਹਨਤੀ ਸੁਭਾਅ ਦੇ ਮਾਲਕ ਹਨ। ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਅਜਿਹੇ ਸੁਭਾਅ ਵਾਲੇ ਮਨੁੱਖ ਵਿਰਲੇ ਹੀ ਮਿਲਣਗੇ। ਇਸ ਦੀਆਂ ਇਤਿਹਾਸਿਕ ਉਦਾਹਰਨਾਂ ਅਣਗਿਣਤ ਹਨ ਅਤੇ ਦੱਸਣ ਦੀ ਲੋੜ ਵੀ ਨਹੀਂ ਹੈ। ਪਰ ਸਵਰਗ ਵਰਗੀ ਇਸ ਧਰਤੀ ਨੂੰ ਗ਼ਰਕ ਕਰਨ ਦੀਆਂ ਅਸੀਂ ਕਈ ਤਰ੍ਹਾਂ ਨਾਲ ਯੋਜਨਾਵਾਂ ਬਣਾ ਰਹੇ ਹਾਂ।
ਹੁਣ ਆਪਾਂ ਆਪਣੇ ਸੋਹਣੇ ਪੰਜਾਬ ਦੀ ਗੱਲ ਕਰ ਲਈਏ ਕੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਵੀ ਬੰਜਰ ਹੋਣ ਜਾ ਰਹੀ ਹੈ। ਇਹਨਾਂ ਸਵਾਲਾਂ ਦਾ ਜਵਾਬ ਅੱਜ ਦੀ ਵਿਉਂਤਬੰਦੀ, ਯੋਜਨਾਬੰਦੀ ਨੂੰ ਦੇਖ ਕੇ ‘ਹਾਂ’ ਵਿੱਚ ਹੈ।
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੋਂ ਢਾਈ ਦਰਿਆਵਾਂ ਦੀ ਧਰਤੀ ਬਣ ਗਿਆ ਅਤੇ ਸਾਨੂੰ ਪਤਾ ਵੀ ਨਾ ਲੱਗਾ ਕਿ ਕੌਣ ਜ਼ਿੰਮੇਵਾਰ ਹੈ? ਹੁਣ ਜਦੋਂ ਪੜਚੋਲ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਸ ਲਈ ਜ਼ਿੰਮੇਵਾਰ ਸਾਨੂੰ ਦਿਸ਼ਾ ਦਿਖਾਉਣ ਵਾਲੇ ਸਾਡੇ ਨੇਤਾ ਹਨ। ਇਹਨਾਂ ਦਿਸ਼ਾਹੀਣ ਨੇਤਾਵਾਂ ਦੀਆਂ ਭੈੜੀਆਂ ਤੇ ਕੋਝੀਆਂ ਸਿਆਸਤਾਂ ਨੇ ਸਾਨੂੰ ਕਿਸੇ ਥਾਂ ਯੋਗ ਨਹੀਂ ਰਹਿਣ ਦਿੱਤਾ। 1947 ਦੀ ਵੰਡ ਜਿਸ ਨੂੰ ਅਸੀਂ ਰਫ਼ਿਊਜੀ ਅੱਜ ਵੀ ‘ਹੱਲੇ’ ਬੋਲਦੇ ਹਾਂ। ਇਹਨਾਂ ਨੇਤਾਵਾਂ ਨੇ ਸਾਡੇ ਪੰਜਾਬ ਨੂੰ ਅਪਾਹਜ ਕਰਨ ਲਈ ਆਪਣੀ ਸੌੜੀ ਤੇ ਗੰਦੀ ਸਿਆਸਤ ਖੇਡੀ। ਹੁਣ ਗੱਲ ਕਰੀਏ ਸਾਡੇ ਪਾਣੀਆਂ ਦੀ।
ਸਾਡੇ ਰਹਿੰਦੇ ਢਾਈ ਦਰਿਆਵਾਂ ਦਾ ਪਾਣੀ ਕੰਕਰੀਟ ਦੀਆਂ ਨਹਿਰਾਂ ਬਣਾ ਕੇ ਰੇਗਿਸਤਾਨ (ਰਾਜਸਥਾਨ) ਨੂੰ ਆਬਾਦ ਕਰਨ ਲਈ ਲੈ ਗਏ। ਸਾਡੇ ਯੋਜਨਾਕਾਰਾਂ ਦੀ ਇਹ ਸਮਝ ਕਿ ਪੰਜਾਬ ਦਾ ਪਾਣੀ ਵਾਧੂ ਹੈ ਦੂਸਰੇ ਪ੍ਰਦੇਸ਼ਾਂ ਲਈ ਵਰਤਣਾ ਚਾਹੀਦਾ ਹੈ, ਗ਼ਲਤ ਸੋਚ ਸੀ। ਜਿਸ ਦਾ ਨੁਕਸਾਨ ਅਸੀਂ ਧਰਤੀ ਵਿਚ ਮੋਰੀਆਂ ਕਰਕੇ (ਟਿਊਬਵੈੱਲਾਂ) ਕੀਤਾ, ਇਸ ਵੇਲੇ ਪੰਜਾਬ ਵਿਚ 14 ਲੱਖ ਟਿਊਬਵੈੱਲ ਕੁਨੈਕਸ਼ਨ ਹਨ ਅਤੇ ਪਾਣੀ 80-80 ਸੈਂਟੀਮੀਟਰ ਹਰ ਸਾਲ ਥੱਲੇ ਜਾ ਰਿਹਾ ਹੈ। 145 ਬਲਾਕਾਂ ਵਿਚੋਂ 110 ਨੂੰ ਪਹਿਲਾਂ ਹੀ ਲੋੜ ਤੋਂ ਵੱਧ ਵਰਤੋਂ ਵਾਲੇ ਬਲਾਕ ਘੋਸ਼ਿਤ ਕੀਤਾ ਜਾ ਚੁੱਕਾ ਹੈ। ਆਪਣਾ ਪਾਣੀ ਦੂਜਿਆਂ ਨੂੰ ਦੇ ਕੇ ਆਪ ਧਰਤੀ ਹੇਠਲਾ ਪਾਣੀ ਵਰਤਣ ਲੱਗ ਪਏ ਹਾਂ। ਕੀ ਇਹ ਮੂਰਖਤਾ ਭਰਿਆ ਫ਼ੈਸਲਾ ਨਹੀਂ ਹੈ? ਸਾਡੇ ਯੋਜਨਾਕਾਰਾਂ ਦੀ ਮਤ ਨੂੰ ਕੀ ਹੋ ਗਿਆ ਸੀ?
ਫਿਰ ਭਾਰਤ ਨੂੰ ਰਜਾਉਣ ਲਈ ਝੋਨੇ ਦੀ ਫ਼ਸਲ ਪੰਜਾਬ ਨੂੰ ਤੋਹਫ਼ੇ ਦੇ ਤੌਰ ਤੇ ਦਿੱਤੀ ਗਈ। ਜਿਸ ਨੂੰ ਸਾਡੀ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਬਿਜਾਉਣ ਲਈ ਉਤਸ਼ਾਹਿਤ ਕੀਤਾ। ਕੀ ਸਾਡੇ ਖੇਤੀਬਾੜੀ ਨਾਲ ਸੰਬੰਧਿਤ ਵਿਗਿਆਨੀ ਇਸ ਦੇ ਸਿੱਟਿਆਂ ਤੋਂ ਅਨਜਾਣ ਸਨ? ਨਹੀਂ ਅਜਿਹਾ ਕਦੀ ਨਹੀਂ ਹੋ ਸਕਦਾ। ਉਹ ਵੀ ਇਸ ਗਹਿਰੀ ਸਾਜ਼ਸ਼ ਦਾ ਹਿੱਸਾ ਬਣੇ। ਸਾਡੇ ਅਨਪੜ੍ਹ ਅਤੇ ਪੜ੍ਹੇ ਲਿਖੇ ਪਰ ਭੋਲੇ ਕਿਸਾਨਾਂ ਨੇ ਸਾਡੀਆਂ ਆਪਣੀਆਂ ਫ਼ਸਲਾਂ ਜਿਵੇਂ ਕਿ ਮੂੰਗੀ ਮਸਰੀ, ਸਰ੍ਹੋਂ, ਤੋਰੀਆਂ, ਛੋਲੇ, ਕਮਾਦ ਆਦਿ ਨੂੰ ਨਕਾਰ ਕੇ ‘ਝੋਨੇ’ ਨੂੰ ਅਪਣਾ ਲਿਆ। ਇਸ ਦਾ ਕਾਰਨ ਸਰਕਾਰ ਦੁਆਰਾ ਘੱਟੋ-ਘੱਟ ਖ਼ਰੀਦ ਮੁੱਲ ਤੈਅ ਕਰਨਾ ਤੇ ਇਸ ਦੀ ਖ਼ਰੀਦ ਖ਼ੁਦ ਹੀ ਕਰਨਾ ਸੀ। ਬਾਕੀ ਦੀ ਗੱਲ ਆਪਾਂ ਸਾਰੇ ਜਾਣਦੇ ਹਾਂ।
ਪਰ ‘ਝੋਨੇ’ ਨੇ ਪੰਜਾਬ ਨੂੰ ਪਾਣੀ ਹੀਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਤੀਜਾ ਸਾਡੇ ਆਪਣੇ ਦਰੱਖਤ ਨਿੰਮ, ਟਾਹਲੀ, ਤੂਤ, ਕਿੱਕਰ ਦੀ ਜਗ੍ਹਾ ਸਫ਼ੈਦੇ ਨੂੰ ਉਤਸ਼ਾਹਿਤ ਕੀਤਾ ਗਿਆ। ਆਪਾਂ ਸਭ ਜਾਣਦੇ ਹਾਂ ਕਿ ਇਹ ਸਫ਼ੈਦਾ ਪਾਣੀ ਦਾ ਦੁਸ਼ਮਣ ਹੈ। ਸਫ਼ੈਦੇ ਦਾ ਰੁੱਖ ਦੂਸਰੇ ਲੋਕਲ ਰੁੱਖਾਂ ਦੇ ਮੁਕਾਬਲੇ ਜ਼ਿਆਦਾ ਪਾਣੀ ਦੀ ਖਪਤ ਕਰਦਾ ਹੈ। ਅਗਾਂਹਵਧੂ ਦੇਸ਼ਾਂ ਨੇ ਇਸ ਨੂੰ ਦਰਮਿਆਨੀ ਤੋਂ ਘੱਟ ਵਰਖਾ ਵਾਲੇ ਇਲਾਕਿਆਂ ਵਿੱਚ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ। ਸਾਡੇ ਆਪਣੇ ਦੇਸ਼ ਵਿੱਚ ਕਰਨਾਟਕ ਸਰਕਾਰ ਨੇ ਸਫ਼ੈਦੇ ਦੀ ਖੇਤੀ ਕਰਨ ਦੀ ਮਨਾਹੀ ਕੀਤੀ ਹੋਈ ਹੈ। ਪਰ ਸਾਡੇ ਪੰਜਾਬ ਵਿੱਚ 1980ਵਿਆਂ ਵਿੱਚ ਧੜੱਲੇ ਨਾਲ ਲਗਾਉਣ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਹੁਣ ਇਸ ਬਾਰੇ ਤੁਸੀਂ ਆਪ ਦੱਸੋ ਕਿ ਸਾਡੇ ਯੋਜਨਾਕਾਰਾਂ ਦੀ ਬੁੱਧੀ ਨੂੰ ਕੀ ਹੋ ਗਿਆ ਸੀ? ਇਹ ਧਰਤੀ ਦੇ ਖਣਿਜ ਤੱਤਾਂ ਨੂੰ ਅਤੇ ਨਮੀ ਨੂੰ ਖ਼ਤਮ ਕਰਦੇ ਹਨ।
ਸਫ਼ੈਦੇ ਨੂੰ ਵਾਤਾਵਰਣ ਦਾ ਅਤਿਵਾਦੀ ਵੀ ਕਿਹਾ ਜਾਂਦਾ ਹੈ। ਇਹ ਧਰਤੀ ਦੀ ਉਪਜਾਊ ਸ਼ਕਤੀ ਨੂੰ ਘਟਾਉਂਦਾ ਹੈ। ਇਹ ਦੋ ਗੈਲਨ ਪਾਣੀ ਹਫ਼ਤੇ ਵਿੱਚ ਮੰਗਦਾ ਹੈ।
ਪੰਜਾਬ ਦੀ ਰਾਜਸਥਾਨ ਨੂੰ ਦਰਿਆਵਾਂ ਦਾ ਪਾਣੀ ਨਾ ਦੇਣ ਦੀ ਦਲੀਲ ਕਿ ਰਾਜਸਥਾਨ ਰੀਪੈਅਰੀਅਨ ਰਾਜ ਨਹੀਂ ਹੈ ਦੇ ਸੰਬੰਧ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਪੰਜਾਬ ਨੂੰ ਦੋ ਟੁੱਕ ਜਵਾਬ ਦਿੱਤਾ ਸੀ ਕਿ ਜਦੋਂ ਤੱਕ ਰਾਜਸਥਾਨ ਕੋਲ ਆਪਣੇ ਊਰਜਾ ਦੇ ਸਾਧਨ ਨਹੀਂ ਹੋ ਜਾਂਦੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਰਾਜਸਥਾਨ ਨੂੰ ਨਿਰੰਤਰ ਜਾਰੀ ਰਹੇਗਾ। ਇਸ ਤਰ੍ਹਾਂ ਪੰਜਾਬ ਦੇ ਪਾਣੀਆਂ ਤੇ ਕੇਂਦਰ ਨੇ ਡਾਕਾ ਮਾਰਿਆ ਅਤੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੀ ਨੀਂਹ ਰੱਖੀ।
ਜਦੋਂ ਪੰਜਾਬ, ਹਰਿਆਣਾ ਦੋ ਰਾਜ ਬਣੇ ਤਾਂ ਉਸ ਸਮੇਂ ਸਾਰੇ ਸਾਧਨਾਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ 60:40 ਦੇ ਅਨੁਪਾਤ ਨਾਲ ਵੰਡਿਆ ਗਿਆ ਪਰ ਜਦੋਂ ਯਮੁਨਾ ਦੇ ਪਾਣੀਆਂ ਦੀ ਗੱਲ ਆਈ ਤਾਂ ਇਸ ਫ਼ਾਰਮੂਲੇ ਨੂੰ ਵਿਸਾਰ ਕੇ ਪੰਜਾਬ ਜਿਸ ਦੀ 105 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਹੈ ਉਸ ਨੂੰ 12.6 MAF ਪਾਣੀ ਅਤੇ ਹਰਿਆਣਾ ਜਿਸ ਦੀ 80 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਹੈ ਉਸ ਨੂੰ 14.08 MAF ਅਤੇ ਨਾਲ ਯਮੁਨਾ ਦਾ ਪਾਣੀ ਵੀ ਦਿੱਤਾ ਗਿਆ। ਕੀ ਅਸੀਂ ਅਜੇ ਵੀ ਨਾਸਮਝ ਰਹਾਂਗੇ ਕਿ ਸਾਡੇ ਪੰਜਾਬ ਨਾਲ ਧੱਕਾ ਕਿਵੇਂ ਅਤੇ ਕਿਉਂ ਹੋ ਰਿਹਾ ਹੈ?
ਪੰਜਾਬ ਦਾ ਧਰਤੀ ਹੇਠਲਾ ਪਾਣੀ, ਹੁਣ ਆਪਣੇ ਆਖ਼ਰੀ ਪੜਾਅ ਤੇ ਹੈ। ਇਸ ਨੇ ਬਹੁਤ ਜਲਦੀ ਖ਼ਤਮ ਹੋ ਜਾਣਾ ਹੈ। ਸਾਡੇ ਯੋਜਨਾਕਾਰਾਂ/ਖੇਤੀਬਾੜੀ ਵਿਗਿਆਨੀਆਂ ਨੂੰ ਨਤੀਜਿਆਂ ਦਾ ਭਲੀਭਾਂਤ ਪਤਾ ਹੈ। ਸਾਡੇ ਦੇਸ਼ ਦੀ ਰਾਜਨੀਤੀ ਦੀ ਥੋੜ੍ਹੀ ਬਹੁਤ ਸਮਝ ਰੱਖਣ ਵਾਲਿਆਂ ਨੂੰ ਪਤਾ ਹੈ ਕਿ ਦੇਸ਼ ਹੁਣ ਇਸ ਰੂਪ ਵਿੱਚ ਸੰਯੁਕਤ ਰਹਿਣ ਵਾਲਾ ਨਹੀਂ ਹੈ। ਪੰਜਾਬ ਨੂੰ ਬਚਾਉਣ ਵਾਲੇ ਇਸ ਦੇ ਆਪਣੇ ਹੀ, ਇਸ ਦੇ ਦੁਸ਼ਮਣ ਬਣ ਚੁੱਕੇ ਹਨ। ਇਹਨਾਂ ਡੋਗਰਿਆਂ ਨੇ ਪੰਜਾਬ ਤਾਂ ਪਹਿਲਾਂ ਹੀ ਵੇਚ ਦਿੱਤਾ ਹੈ। ਕਦੀ ਅੱਤਵਾਦ, ਕਦੀ ਨਸ਼ੇ, ਕਦੇ ਪਰਵਾਸ ਆਦਿ ਜਵਾਨੀ ਨੂੰ ਤਬਾਹ ਕਰਨ ਵਾਲੇ ਤਜਰਬੇ ਇਹਨਾਂ ਦੀ ਹੀ ਦੇਣ ਹਨ। ਕਿਉਂ ਜੋ ਜਵਾਨੀ ਆਪਣੇ ਭਵਿੱਖ ਬਾਰੇ ਅਤੇ ਆਪਣੇ ਪੰਜਾਬ ਬਾਰੇ ਕਦੇ ਸੋਚ ਨਾ ਸਕੇ।
ਪੰਜਾਬ ਦੇ ਪੁੱਤਰਾਂ ਨੂੰ ਅਪੀਲ ਹੈ ਚਾਹੇ ਉਹ ਯੋਜਨਾਕਾਰ ਹੋਣ, ਚਾਹੇ ਉਹ ਉੱਭਰਦੇ ਰਾਜ ਨੇਤਾ ਹੋਣ, ਚਾਹੇ ਉਹ ਪੜ੍ਹੇ ਲਿਖੇ ਇਨਸਾਨ ਹੋਣ, ਚਾਹੇ ਅਗਾਂਹਵਧੂ ਕਿਸਾਨ ਹੋਣ ਸੱਚੀ ਕਿਰਤ ਕਮਾਈ ਵਾਲ਼ਿਓਂ! ਆਪਣੇ ਨਿੱਜੀ ਸੁਆਰਥਾਂ ਨੂੰ ਛੱਡ ਕੇ ਪੰਜਾਬ ਨੂੰ ਬਚਾ ਲਈਏ। ਇਸ ਦੇ ਨਾਮ ਨਾਲ ਹੀ ਅਸੀਂ ਹਾਂ ਜੇ ਇਹ ਨਾ ਰਿਹਾ, ਤਾਂ ਅਸੀਂ ਪੂਰੀ ਤਰਾਂ ਨਾਲ ਰੁਲ ਜਾਵਾਂਗੇ। ਸਭ ਤੋਂ ਪਹਿਲਾਂ ਪੰਜਾਬ ਤੋਂ ਬਾਹਰ ਜਾ ਰਹੇ ਪਾਣੀ ਨੂੰ ਰੋਕਣ ਲਈ ਲਾਮਬੰਦ ਹੋਈਏ। ਦੂਸਰਾ ਨਵੇਂ ਟਿਊਬਵੈੱਲ ਲਗਵਾਉਣੇ ਬੰਦ ਕਰੀਏ, ਆਪਣੀਆਂ ਪੁਰਾਣੀਆਂ ਫ਼ਸਲਾਂ ਨੂੰ ਬੀਜੀਏ, ਚਾਰ ਪੈਸੇ ਘੱਟ ਕਮਾ ਲਈਏ ਪਰ ਪਾਣੀ ਨੂੰ ਬਚਾ ਲਈਏ।
ਬਹੁਤ ਜ਼ਰੂਰੀ ਹੈ ਕਿ ਝੋਨੇ ਦੀ ਫ਼ਸਲ ਹੇਠਲਾ ਰਕਬਾ ਘਟਾਈਏ। ਨਵੇਂ ਤਜਰਬੇ ਕਰੀਏ। ਮੈਂ ਖ਼ੁਦ ਨਵਾਂ ਤਜਰਬਾ ਕੀਤਾ ਹੈ ਅਤੇ ਸਫਲਤਾ ਪ੍ਰਾਪਤ ਕੀਤੀ ਹੈ। ਜਿਵੇਂ ਦੋ ਕਿੱਲੇ ਖੇਤ ਵਿੱਚ ਕਣਕ ਤੋਂ ਬਾਅਦ ਪਹਿਲਾਂ ਸੱਠੀ ਮੂੰਗੀ ਲਾਈ ਅਤੇ ਫਿਰ ਦੇਸੀ ਬਾਸਮਤੀ ਲਾਈ ਅਤੇ ਚੰਗੀ ਆਮਦਨ ਪ੍ਰਾਪਤ ਕੀਤੀ ਹੈ। ਤੀਜਾ ਨਵੇਂ ਸਫ਼ੈਦੇ ਲਗਾਉਣੇ ਬਿਲਕੁਲ ਬੰਦ ਕਰ ਦਿਓ। ਲੱਗੇ ਹੋਏ ਸਫ਼ੈਦਿਆਂ ਬਾਰੇ ਵੀ ਕੋਈ ਵੱਡਾ ਫ਼ੈਸਲਾ ਲਿਆ ਜਾਵੇ। ਆਪਣੇ ਦੇਸੀ ਦਰੱਖਤ ਲਗਾਓ। ਰਾਜਨੀਤਿਕ ਤੌਰ ‘ਤੇ ਸਰਗਰਮ ਹੋਵੋ ਅਤੇ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰੋ। ਯੂਥ ਕਲੱਬ ਬਣਾਓ, ਧਾਰਮਿਕ ਅਗਾਂਹਵਧੂ ਜਥੇਬੰਦੀਆਂ ਬਣਾਓ। ਲੋਕਲ ਮੁੱਦਿਆਂ ਦੀਆਂ ਗੱਲਾਂ ਕਰੋ। ਪੰਜਾਬ ਦੀਆਂ ਗੱਲਾਂ ਕਰੋ। ਖ਼ਰਚੇ ਘੱਟ ਕਰੋ। ਇਸ ਤਰ੍ਹਾਂ ਲਾਮਬੰਦ ਹੋਣ ਨਾਲ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਇੱਕ ਉਪਰਾਲਾ ਕਰ ਸਕਦੇ ਹਾਂ।
ਡਾ. ਭੁਪਿੰਦਰ ਸਿੰਘ ਵਿਰਕ
ਕਾਨੂੰਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਈਮੇਲ: dr.bsvirk@gmail.com
1 Comment
United Farmer Associations held a meeting - Punjab Nama News
9 ਮਹੀਨੇ ago[…] […]
Comments are closed.