ਹੈਲੀਕਾਪਟਰ ਦੀ ਪ੍ਰਵਾਨਗੀ ਹੀ ਰਿਟਰਨਿੰਗ ਅਫ਼ਸਰ ਕੋਲੋਂ ਪ੍ਰਾਪਤ ਕਰਨੀ ਜ਼ਰੂਰੀ

ਜ਼ਿਮਨੀ ਚੋਣ ਨਾਲ ਸਬੰਧਿਤ ਬਾਕੀ ਸਾਰੀਆਂ ਪ੍ਰਵਾਨਗੀਆਂ ਏ.ਆਰ.ਓਜ਼ ਰਾਹੀਂ ਪ੍ਰਾਪਤ ਕਰਨ ਉਮੀਦਵਾਰ

ਚੋਣ ਕਮਿਸ਼ਨ ਦੇ ‘ਐਨਕੋਰ’ ਪੋਰਟਲ ਤੋਂ ਲਈ ਜਾ ਸਕਦੀ ਹੈ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਦੀ ਅਗਾਊਂ ਮਨਜ਼ੂਰੀ: ਜਤਿੰਦਰ ਜੋਰਵਾਲ

ਸੰਗਰੂਰ, 9 ਜੂਨ: ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਚਾਰ ਜਾਂ ਚੋਣਾਂ ਨਾਲ ਸਬੰਧਤ ਹੋਰ ਗਤੀਵਿਧੀਆਂ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਾਊਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਚਾਰ ਜਿਸ ’ਚ ਰੈਲੀਆਂ, ਲਾਊਡ ਸਪੀਕਰ ਦੀ ਵਰਤੋਂ, ਘਰ-ਘਰ ਜਾ ਕੇ ਪ੍ਰਚਾਰ ਕਰਨਾ, ਜਨਤਕ ਬੈਠਕਾਂ ਜਾਂ ਅਸਥਾਈ ਦਫ਼ਤਰ ਖੋਲਣ ਦੇ ਨਾਲ-ਨਾਲ ਚੋਣ ਪ੍ਰਚਾਰ ਲਈ ਵਰਤੇ ਜਾਣ ਵਾਲੇ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਬਿਨਾਂ ਮਨਜ਼ੂਰੀ ਲਏ ਨਹੀਂ ਕੀਤੀ ਜਾ ਸਕਦੀ।

ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੋਣ ਪ੍ਰਚਾਰ ਜਾਂ ਕਿਸੇ ਹੋਰ ਗਤੀਵਿਧੀ ਦੀ ਅਗਾਊਂ ਮਨਜ਼ੂਰੀ ਲੈਣ ਲਈ ਸਬੰਧਤ ਵਿਧਾਨ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ ਨਾਲ ਇਲੈਕਸ਼ਨ ਕਮਿਸ਼ਨ ਦੇ ਆਨਲਾਈਨ ਪੋਰਟਲ ਰਾਹੀਂ ਸੰਪਰਕ ਸਾਧਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਆਨਲਾਈਨ ਅਗਾਊਂ ਮਨਜ਼ੂਰੀ ਲੈਣ ਲਈ ਉਮੀਦਵਾਰ, ਉਨਾਂ ਦਾ ਨੁਮਾਇੰਦਾ ਜਾਂ ਰਾਜਨੀਤਕ ਪਾਰਟੀ ਵੱਲੋਂ ਅਧਿਕਾਰਤ ਵਿਅਕਤੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ‘ਐਨਕੋਰ’ ਪੋਰਟਲ ’ਤੇ ਆਪਣੀ ਅਰਜ਼ੀ ਜਮਾਂ ਕਰਵਾ ਸਕਦਾ ਹੈ।

ਸ਼੍ਰੀ ਜੋਰਵਾਲ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਹੈਲੀਕੌਪਟਰ ਜਾਂ ਚੌਪਰ ਦੀ ਵਰਤੋਂ ਦੀ ਮਨਜ਼ੂਰੀ ਸਿਰਫ਼ ਰਿਟਰਨਿੰਗ ਅਫ਼ਸਰ ਵੱਲੋਂ ਹੀ ਜਾਰੀ ਕੀਤੀ ਜਾਵੇਗੀ ਜਦਕਿ ਬਾਕੀ ਸਾਰੀਆਂ ਪ੍ਰਵਾਨਗੀਆਂ ਏ ਆਰ ਓਜ਼ ਦੇ ਪੱਧਰ ਉੱਤੇ ਜਾਰੀ ਹੋਣਗੀਆਂ। ਉਨਾਂ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨਾਂ ਦੱਸਿਆ ਕਿ ਲੋਕ ਸਭਾ ਹਲਕੇ ਅੰਦਰ ਚੋਣਾਂ ਦੀ ਪ੍ਰਕਿਰਿਆ ਦੌਰਾਨ ਕਿਸੇ ਵੀ ਤਰਾਂ ਦੀ ਅਣਅਧਿਕਾਰਤ ਗਤੀਵਿਧੀ ਰੋਕਣ ਲਈ ਵੱਖ-ਵੱਖ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜੋ ਹਫ਼ਤੇ ਦੇ ਸਾਰੇ ਦਿਨ 24 ਘੰਟੇ ਕੰਮ ਕਰਦੀਆਂ ਹਨ।