ਧਨੌਲਾ 13 ਅਗਸਤ (ਕੁਸ਼ਲਦੀਪ ਗੌਤਮ)- ਮਹਾਨ ਸ਼ਹੀਦਾਂ ਨੇ ਲਾਸਾਨੀ ਕੁਰਬਾਨੀਆਂ ਦੇ ਕੇ ਹਰ ਭਾਰਤੀ ਨੂੰ ਆਜ਼ਾਦੀ ਦਾ ਨਿੱਘ ਮਾਨਣ ਦੇ ਯੋਗ ਬਣਾਇਆ,ਅੱਜ ਅਸੀਂ ਜਾਤ ਪ੍ਰਥਾ ਦੀਆਂ ਗੱਲਾਂ ਨੂੰ ਬੜਾਵਾ ਦੇ ਕੇ ਬੜੇ ਸਿਰੜ ਨਾਲ ਪ੍ਰਾਪਤ ਕੀਤੀ ਆਜ਼ਾਦੀ ਨਾਲ ਖਿਲਵਾੜ ਕਰਨ ਲੱਗੇ ਹੋਏ ਹਾਂ,ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਹਲਕਾ ਬਰਨਾਲਾ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਬਾਂਸਲ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਮੰਡੀ ਧਨੌਲਾ ਵਿੱਚੋਂ ਦੀ ਕੱਢੀ ਗਈ ਤਿਰੰਗਾ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਜਥੇਬੰਦਕਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਕੀਤਾ। ਮਨੀਸ਼ ਬਾਂਸਲ ਅਤੇ ਕਾਲਾ ਢਿੱਲੋਂ ਨੇ ਆਖਿਆ ਕੀ ਅੱਜ ਅਸੀਂ ਹਰ ਅਧਿਕਾਰੀ ਦੇ ਮਨਮਾਨੀਆਂ ਭਰੇ ਰਵੱਈਏ ਦੇ ਵਿਰੁੱਧ ਰੈਲੀਆਂ ਕਰਨ ਜੋਗੇ ਹੋਏ ਹਾਂ ਅਤੇ ਆਪਣੇ ਅਧਿਕਾਰ ਹਾਸਲ ਕਰਨ ਜੋਗੇ ਹੋਏ ਹਾਂ।ਸ੍ਰੀ ਮਨੀਸ਼ ਬਾਂਸਲ ਨੇ ਆਖਿਆ ਕਿ ਕੇਂਦਰ ਦੀ ਬੀਜੇਪੀ ਦੀ ਸਰਕਾਰ ਲੋਕਰਾਜ ਦਾ ਗਲਾ ਘੁੱਟ ਕੇ ਸੁਰੱਖਿਆ ਬਲਾਂ ਦੀ ਤਾਕਤ ਦੀ ਦੁਰਵਰਤੋਂ ਕਰਕੇ ਰਾਜਨੀਤਕ ਧਿਰਾਂ ਨੂੰ ਕੁਚਲਣ ਤੇ ਲੱਗੀ ਹੋਈ ਹੈ ਪ੍ਰੰਤੂ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਮਨੀਸ਼ ਬਾਂਸਲ ਨੇ ਆਖਿਆ ਕਿ ਭਾਰਤ ਦੇ ਲੋਕ ਸਭ ਦੇਖ ਰਹੇ ਹਨ ਅਤੇ ਬੜੀ ਬੇਸਬਰੀ ਨਾਲ ਮੁੜ ਕਾਂਗਰਸ ਪਾਰਟੀ ਦੀ ਅਗਵਾਈ ਦਾ ਇੰਤਜ਼ਾਰ ਕਰ ਰਹੇ ਹਨ । ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਖਿਆ ਕਿ ਕੁਝ ਦੇਸ਼ ਦੇ ਵਿਰੋਧੀ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਅਣਗੌਲਿਆ ਕਰਕੇ ਅਕਿਰਤਘਣ ਬਣਨ ਤੇ ਤੁਲੇ ਹੋਏ ਹਨ। ਕਾਲਾ ਢਿੱਲੋਂ ਨੇ ਆਖਿਆ ਕਿ ਕਾਲੇ ਦਿਨਾਂ ਦੇ ਦੌਰ ਕਿਸੇ ਤੋਂ ਭੁੱਲੇ ਨਹੀਂ ਅੱਜ ਅਸੀਂ ਦੇਸ਼ ਭਗਤਾਂ ਵੱਲੋਂ ਦਿੱਤੀ ਗਈ ਆਜ਼ਾਦੀ ਸਦਕਾ ਘੁੱਗ ਵੱਸਦੇ ਹਾਂ। ਹਰ ਨਾਗਰਿਕ ਦਿਨ ਰਾਤ ਦੀ ਪਰਵਾਹ ਕੀਤੇ ਬਗੈਰ ਦਿਨ ਰਾਤ ਆਪੋ ਆਪਣੇ ਕਾਰੋਬਾਰਾਂ ਵਿੱਚ ਰੁੱਝੇ ਰਹਿਣ ਦਾ ਨਜ਼ਾਰਾ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਹਰ ਨਾਗਰਿਕ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਅਸਲ ਵਾਰਸ ਬਣਨ ਅਤੇ ਉਨ੍ਹਾਂ ਨੂੰ ਸੁਰੱਖਿਆ ਕਵਚ ਹੋਰ ਮਜ਼ਬੂਤੀ ਨਾਲ ਪ੍ਰਦਾਨ ਕਰਨ ਦੀ।‍‌ ਸੁਰਿੰਦਰਪਾਲ ਬਾਲਾ ਨੇ ਆਖਿਆ ਕਿ ਇੱਥੇ ਮਨੁੱਖਤਾ ਨੂੰ ਵੰਡਣ ਵਾਲੇ ਵਿਦੇਸ਼ੀ ਏਜੰਸੀਆਂ ਦੇ ਕਠਪੁਤਲੀ ਬਣੇ ਹੋਏ ਹਨ ਅਤੇ ਦੇਸ਼ ਦੀ ਮਜ਼ਬੂਤੀ ਨੂੰ ਤਾਰ ਤਾਰ ਕਰਨਾ ਚਾਹੁੰਦੇ ਹਨ। ਪ੍ਰੰਤੂ ਅਜਿਹੇ ਮਨਸੂਬੇ ਕਿਸੇ ਵੀ ਸੂਰਤ ਵਿੱਚ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਧਨੌਲਾ ਮੰਡੀ ਦੇ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਸੁਰਿੰਦਰਪਾਲ ਬਾਲਾ,ਬਰਨਾਲਾ ਦੇ ਸਿਰਕੱਢ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਸਿਟੀ ਪ੍ਰਧਾਨ ਅਜੇ ਕੁਮਾਰ, ਲੱਕੀ ਸਟਾਰ ਗੋਇਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੀਨੀਅਰ ਮਹਿਲਾ ਕਾਂਗਰਸੀ ਆਗੂ ਸੁਖਜੀਤ ਕੌਰ ਸੁੱਖੀ, ਨਜ਼ੀਰ ਮੁਹੰਮਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਤੇ ਪਤਵੰਤੇ ਹਾਜ਼ਰ ਸਨ।